9.5 C
United Kingdom
Sunday, April 20, 2025

More

    ਕੰਗਣਾ ਰਾਣੌਤ ਖਿਲਾਫ ਮਾਤਾ ਮਹਿੰਦਰ ਕੌਰ ਨੇ ਬਿਆਨ ਦਰਜ ਕਰਵਾਏ

    ਮਾਮਲੇ ਦੀ ਅਗਲੀ ਸੁਣਵਾਈ 14 ਜਨਵਰੀ ਨੂੰ
    ਅਸ਼ੋਕ ਵਰਮਾ

    ਬਠਿੰਡਾ, 11 ਜਨਵਰੀ2021:ਕੰਗਣਾ ਰਣੌਤ ਵੱਲੋਂ ਬੋਲ ਕਬੋਲਾਂ ਉਪਰੰਤ ਚਰਚਾ ’ਚ ਆਈ ਜ਼ਿਲ੍ਹਾ ਬਠਿੰਡਾ ਦੇ ਪਿੰਡ ਬਹਾਦਰਗੜ ਜੰਡੀਆਂ ਦੀ ਬਜ਼ੁਰਗ ਮਾਤਾ ਮਹਿੰਦਰ ਕੌਰ ਨੇ ਅਦਾਕਾਰਾ ਖਿਲਾਫ਼ ਅਦਾਲਤ ’ਚ ਆਪਣੇ ਬਿਆਨ ਦਰਜ ਕਰਵਾ ਦਿੱਤੇ ਹਨ। ਖੇਤੀ ਕਾਨੂੰਨਾਂ ਖਿਲਾਫ਼ ਚੱਲ ਰਹੇ ਕਿਸਾਨ ਅੰਦੋਲਨ ’ਚ ਸ਼ਾਮਲ ਹੋਣ ਮੌਕੇ ਮਾਤਾ ਮਹਿੰਦਰ ਕੌਰ ਖਿਲਾਫ ਕੀਤੀਆਂ ਇਹਨਾਂ ਟਿੱਪਣੀਆਂ ਦਾ ਕੌਂਮਾਂਤਰੀ ਪੱਧਰ ਤੇ ਬੁਰਾ ਮਨਾਇਆ ਗਿਆ ਸੀ। ਖਾਸ ਤੌਰ ਤੇ ਕਿਸਾਨ ਜੱਥੇਬੰਦੀਆਂ ਨੇ ਤਾਂ ਫਿਲਮੀ ਅਦਾਕਾਰਾ ਵੱਲੋਂ ਬੋਲੇ ਇਹਨਾਂ ਬੋਲਾਂ ਦਾ ਬੁਰਾ ਮਨਾਉਂਦਿਆਂ ਤਿੱਖਾ ਨੋਟਿਸ ਲਿਆ ਹੈ। ਇਸ ਮਾਮਲੇ ਨੂੰ ਮਾਣਹਾਨੀ ਸਮਝਦਿਆਂ ਮਾਤਾ ਮਹਿੰਦਰ ਕੌਰ ਬਠਿੰਡਾ ਅਦਾਲਤ ’ਚ ਫੌਜਦਾਰੀ ਸ਼ਕਾਇਤ ਦਰਜ ਕਰਵਾਈ ਸੀ ਜਿਸ ਦੀ ਅੱਜ ਅਗਲੀ ਸੁਣਵਾਈ 14 ਜਨਵਰੀ ਨੂੰ ਰੱਖੀ ਗਈ ਹੈ।    
                       ਦੱਸਣਯੋਗ ਹੈ ਕਿ ਪਿੰਡ ਬਹਾਦਰਗੜ ਜੰਡੀਆਂ ਦੀ ਮਾਤਾ ਮਹਿੰਦਰ ਕੌਰ ਦੇ ਬਜ਼ੁਰਗ ਹੋਣ ਕਾਰਨ ਉਸ ਦੇ ਸਰੀਰ ’ਚ ਕੁੱਬ ਪਿਆ ਹੋਇਆ ਹੈ। ਜਦੋਂ ਉਹ ਆਪਣੇ ਹੱਥ ’ਚ ਕਿਸਾਨੀ ਝੰਡਾ ਚੁੱਕਕੇ ਸੰਘਰਸ਼ ’ਚ ਸ਼ਾਮਲ ਹੋਈ ਤਾਂ ਉਸ ਦੀਆਂ ਫੋਟੋਆਂ ਅਤੇ ਵੀਡੀਓ ਸ਼ੋਸ਼ਲ ਮੀਡੀਆ ’ਤੇ ਵਾਇਰਲ ਹੋਈਆਂ ਸਨ ਜਿਹਨਾਂ  ਨੂੰ ਦੇਖਕੇ ਕੰਗਣਾ ਰਾਣੌਤ ਨੇ ਟਵਿੱਟਰ ’ਤੇ ਟਿੱਪਣੀ ਕੀਤੀ ਸੀ ਕਿ ਇਹ ਔਰਤ 100-100 ਰੁਪਏ ਪਿੱਛੇ ਧਰਨਿਆਂ-ਮੁਜ਼ਾਹਰਿਆਂ ’ਚ ਸ਼ਾਮਿਲ ਹੁੰਦੀ ਹੈ। ਕੰਗਣਾ ਦੀ ਇਸ ਟਿੱਪਣੀ ਮਗਰੋਂ ਉਸਨੂੰ ਕਿਸਾਨਾਂ ਤੋਂ ਇਲਾਵਾ ਕਈ ਕਲਾਕਾਰਾਂ ਅਤੇ ਫਿਲਮੀ ਅਦਾਕਾਰਾਂ ਨੇ ਵੀ ਲਾਹਨਤਾਂ ਪਾਈਆਂ ਸਨ।  ਬਾਲੀਵੁੱਡ ਅਦਾਕਾਰ ਤੇ ਪੰਜਾਬੀ ਗਾਇਕ ਦਿਲਜੀਤ ਦੋਸਾਂਝ ਨੇ ਤਾਂ ਕੰਗਣਾ ਖਿਲਾਫ਼ ਟਵਿੱਟਰ ’ਤੇ ਕਈ ਤਿੱਖੀਆ ਟਿੱਪਣੀਆਂ ਕੀਤੀਆਂ ਸੀ।
                       ਬਜ਼ੁਰਗ ਮਹਿੰਦਰ ਕੌਰ ਦੇ ਐਡਵੋਕੇਟ ਰਘਬੀਰ ਸਿੰਘ ਬਹਿਣੀਵਾਲ ਨੇ ਦੱਸਿਆ ਕਿ ਕੰਗਣਾ ਰਾਣੌਤ ਵੱਲੋਂ ਕੀਤੀ ਗਈ ਟਿੱਪਣੀ ਮਗਰੋਂ ਪ੍ਰੀਵਾਰ ਨੂੰ ਕਾਫੀ ਨਾਮੋਸ਼ੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਇਹ ਗੱਲ ਸ਼ੋਸ਼ਲ ਮੀਡੀਆ ’ਤੇ ਕਾਫੀ ਵਾਇਰਲ ਹੋ ਗਈ। ਐਡਵੋਕੇਟ ਨੇ ਦੱਸਿਆ ਕਿ ਕੰਗਣਾ ਨੇ ਹੁਣ ਤੱਕ ਮਾਤਾ ਮਹਿੰਦਰ ਕੌਰ ਤੋਂ ਮੁਆਫ਼ੀ ਵੀ ਨਹੀਂ ਮੰਗੀ ਇਸ ਲਈ ਉਸ ਖਿਲਾਫ਼ ਬਠਿੰਡਾ ’ਚ ਜੁਡੀਸ਼ੀਅਲ ਮੈਜਿਸਟ੍ਰੇਟ ਫਸਟ ਕਲਾਸ ਤਨਵੀ ਗੁਪਤਾ ਦੀ ਅਦਾਲਤ ’ਚ ਅਪਰਾਧਿਕ ਇਸਤਗਾਸਾ ਦਾਇਰ ਕਰਕੇ ਧਾਰਾ 499 ਤੇ 500 ਤਹਿਤ ਕਾਰਵਾਈ ਦੀ ਮੰਗ ਕੀਤੀ ਸੀ ਅਤੇ ਅੱੱਜ ਮਾਤਾ ਮਹਿੰਦਰ ਕੌਰ ਦੇ ਬਿਆਨ ਦਰਜ ਕਰਵਾ ਦਿੱਤੇ ਹਨ। ਉਹਨਾਂ ਦੱਸਿਆ ਕਿ ਉਹ ਮਾਤਾ ਵੱਲੋਂ ਦਿੱਤੇ ਬਿਆਨਾਂ ਦੇ ਅਧਾਰ ਤੇ ਅਦਾਲਤ ਤੋਂ ਕੰਗਣਾ ਰਣੌਤ ਨੂੰ ਪੇਸ਼ ਹੋਣ ਲਈ ਸੰਮਣ ਜਾਰੀ ਕਰਨ ਦੀ ਮੰਗ ਕਰਨਗੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!