ਫਾਈਜ਼ਰ ਅਤੇ ਐਸਟਰਾ-ਜ਼ੈਨਿਕਾ ਦੀਆਂ ਦਵਾਈਆਂ ਮਾਰਚ ਤੱਕ ਮਿਲਣੀਆਂ ਸੰਭਵ
(ਹਰਜੀਤ ਲਸਾੜਾ, ਬ੍ਰਿਸਬੇਨ 3 ਜਨਵਰੀ) ਵਿਗਿਆਨੀਆਂ ਦਾ ਮੰਨਣਾ ਹੈ ਕਿ ਇੰਗਲੈਂਡ ਅਤੇ ਸਾਊਥ ਅਫਰੀਕਾ ਵਿੱਚ ਕੋਵਿਡ-19 ਦੇ ਦੋ ਨਵੇਂ ਬਦਲਾਅ ਪਾਏ ਜਾਣ ਤੋਂ ਬਾਅਦ ਆਸਟ੍ਰੇਲਿਆਈ ਤੱਟਾਂ ਉੱਤੇ ਇਸ ਨਵੀਂ ਲਾਗ ਦੀ ਦਸਤਕ ਨੇ ਵਾਇਰਸ ਦੀ ਵੈਕਸੀਨ ਨੂੰ ਜਲਦ ਉਪਲੱਬਧ ਕਰਾਉਣ ਦੀ ਮੰਗ ਨੂੰ ਹੋਰ ਵਧਾ ਦਿੱਤਾ ਹੈ। ਸਿਹਤ ਮਾਹਰਾਂ ਦਾ ਮੰਨਣਾ ਹੈ ਕਿ ਇਹ ਨਵਾਂ ਬਦਲਵਾਂ ਰੂਪ, ਪਹਿਲੀ ਲਾਗ ਨਾਲੋਂ ਕਿਤੇ ਤੇਜ਼ੀ ਨਾਲ ਫੈਲ ਰਿਹਾ ਹੈ। ਇੰਗਲੈਂਡ ‘ਚ ਨਵੰਬਰ ਮਹੀਨੇ ਵਿੱਚ ਲਾਈਆਂ ਬੰਦਸ਼ਾਂ ਦੇ ਮੁਕਾਬਲੇ ਪਿਛਲੇ ਹਫਤੇ ਦੌਰਾਨ ਇਹ ਲਾਗ ਦੋ ਗੁਣਾ ਤੇਜ਼ੀ ਨਾਲ ਫੈਲੀ ਹੈ। ਬਰਿਟਿਸ਼ ਹੈਲਥ ਸੈਕਟਰੀ ਮੈਟ ਹੈਨਕੋਕ ਅਨੁਸਾਰ ਨਵੀਂ ਲਾਗ ਸਾਊਥ ਅਫਰੀਕੀ ਯਾਤਰੀਆਂ ਦੁਆਰਾ ਯੂ ਕੇ ਪਹੁੰਚੀ ਹੈ। ਵਰਲਡ ਹੈਲਥ ਆਰਗੇਨਾਈਜ਼ੇਸ਼ਨ ਦੀ ਚੀਫ ਸਾਈਂਟਿਸਟ ਸੋਮਿਆ ਸਵਾਮੀਨਾਥਨ ਕਹਿੰਦੀ ਹੈ ਕਿ ਇਸ ਵਾਇਰਸ ਵਿੱਚ ਹਰ ਮਹੀਨੇ ਦੋ ਬਦਲਾਅ ਹੁੰਦੇ ਹਨ। ਮਾਹਰਾਂ ਮੁਤਾਬਕ ਇੰਗਲੈਂਡ ਵਿੱਚ ਪਾਏ ਗਏ ਕੋਵਿਡ-19 ਦੇ ਬਦਲਵੇਂ ਰੂਪ ਵਿੱਚ 23 ਤਬਦੀਲੀਆਂ ਹੋਈਆਂ ਹਨ। ਸਾਇੰਸਦਾਨਾਂ ਅਨੁਸਾਰ ਵਾਇਰਸ ਦਾ ਨਵਾਂ ਪਰਵਿਰਤਿਤ ਰੂਪ ਮਾਨਵੀ ਸੈੱਲਾਂ ਵਿੱਚ ਦਾਖਲ ਹੋ ਕਿ ਲਾਗ (ਇੰਫੈਕਸ਼ਨ) ਪੈਦਾ ਕਰਦਾ ਹੈ। ਔਕਸਫੌਰਡ ਯੂਨਿਵਰਸਿਟੀ ਤੋਂ ਪ੍ਰੋ. ਪੀਟਰ ਹੋਰਬੀ ਅਨੁਸਾਰ ਅਜੇ ਇਸ ਗੱਲ ਦਾ ਪਤਾ ਨਹੀਂ ਚੱਲ ਸਕਿਆ ਹੈ ਕਿ ਇਹ ਵਾਇਰਸ ਐਨੀ ਤੇਜ਼ੀ ਨਾਲ ਕਿਵੇਂ ਫੈਲ ਰਿਹਾ ਹੈ? ਉੱਧਰ ਆਸਟ੍ਰੇਲੀਅਨ ਹੈਲਥ ਪਰੋਟੈਕਸ਼ਨ ਪਰਿੰਸੀਪਲ ਕਮੇਟੀ ਦਾ ਕਹਿਣਾ ਹੈ ਕਿ ਉਹ ਮਜ਼ੂਦਾ ਹਾਲਾਤਾਂ ਪ੍ਰਤੀ ਗੰਭੀਰਤਾ ਅਤੇ ਨਿਗਰਾਨੀ ਰੱਖ ਰਹੇ ਹਨ। ਦੱਸਣਯੋਗ ਹੈ ਕਿ ਨਵੇਂ ਬਦਲੇ ਹੋਏ ਰੂਪ ਵਾਲੇ ਯਾਤਰੀ ਸੂਬਾ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਵਿੱਚ ਪਹਿਲਾਂ ਹੀ ਪਹੁੰਚ ਵੀ ਚੁੱਕੇ ਹਨ। ਯੂਨਿਵਰਸਿਟੀ ਆਫ ਨਿਊ ਸਾਊਥ ਵੇਲਜ਼ ਦੇ ਲਾਗਾਂ ਵਾਲੀਆਂ ਬਿਮਾਰੀਆਂ ਦੇ ਮਾਹਰ ਪ੍ਰੋ. ਰਾਇਨਾ ਮੈਕ-ਇਨਟਾਇਰ ਨੇ ਚਿਤਾਵਨੀ ਦਿੱਤੀ ਹੈ ਕਿ ਇਹ ਨਵਾਂ ਰੂਪ ਆਸਟ੍ਰੇਲਿਆਈ ਆਵਾਮ ਲਈ ਖਤਰਾ ਬਣ ਸਕਦਾ ਹੈ। ਦੱਸਣਯੋਗ ਹੈ ਕਿ ਫਾਈਜ਼ਰ ਅਤੇ ਐਸਟਰਾ-ਜ਼ੈਨਿਕਾ ਵੱਲੋਂ ਤਿਆਰ ਕੀਤੀਆਂ ਦਵਾਈਆਂ ਮਾਰਚ ਮਹੀਨੇ ਤੱਕ ਆਸਟ੍ਰੇਲੀਆ ਵਿੱਚ ਉਪਲੱਬਧ ਹੋ ਸਕਣਗੀਆਂ।