
ਰਜਨੀ ਵਾਲੀਆ
ਤੇਰੇ ਨਾਲ ਜਦੋਂ ਏਦਾਂ ,
ਵੇ ਇੱਕ ਦਿਨ ਹੋਈ |
ਭੌਰ ਉੱਡ ਜਾਣੇਂ ਏਥੋਂ,
ਤੈਨੂੰ ਦਿਸਣਾ ਨਈਂ ਕੋਈ |
ਤੂੰ ਰੋਵੇਂਗਾ ਉੱਚੀ-ਉੱਚੀ,
ਤੈਨੂੰ ਹੰਝੂ ਵੀ ਨਈਂ ਆਉਣੇਂ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |
ਵੇ ਤੂੰ ਮੈਨੂੰ ਜੋ ਵੀ ਦੇਵੇਂਗਾ,
ਤੈਨੂੰ ਓ ਮਿਲੇਗਾ ਜਰੂਰ |
ਵੇ ਓਥੇ ਕੱਢ ਦੇਵੇਂ ਮੇਰਾ,
ਜਿੱਥੇ ਹੁੰਦਾ ਨਈ ਕਸੂਰ |
ਤੇਰੇ ਕੁਬੋਲਾਂ ਦੇ ਮਿਨਾਰ,
ਤੇਰੇ ਕੁਬੋਲਾਂ ਨੇਂ ਹੀ ਢਾਹੁਣੇਂ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |
ਤੇਰੇ ਕਰਕੇ ਮੈਂ ਹੁਣ,
ਘੁੱਟ-ਘੁੱਟ ਕੇ ਨਈ ਜੀਣਾ |
ਤੇਰੇ ਕਰਕੇ ਮੈਂ ਹੁਣ,
ਹੰਝੂ ਬੁੱਕਾਂ ਚ ਨਈ ਪੀਣਾ |
ਚੰਦ ਮੋਤੀ ਮੇਰੀ ਪੀੜ,
ਦੇ ਨੇ ਹੋਰ ਤੂੰ ਗਰਾਹੁਣੇਂ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |
ਵੇ ਮੇਰੀ ਕਰ ਦਿੱਤੀ ਤੂੰ,
ਹਨੇਰੀ ਦੀਵਾਲੀ ਵਾਲੀ ਰਾਤ |
ਵੇ ਮੇਰੇ ਜਿੱਤਾਂ ਨਈਂ ਨਸੀਬੀਂ,
ਮੇਰੇ ਤਾਂ ਹਿੱਸੇ ਬਸ ਮਾਤ |
ਵੇ ਤੂੰ ਚਾਨਣ ਵੀ ਚੁਰਾਇਆ,
ਤੂੰ ਕੀ ਦੀਵੇ ਸੀ ਜਗਾਉਣੇ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |
ਵੇ ਤੂੰ ਕੱਖ ਦੀਆਂ ਜਾਣੀਆਂ,
ਜੋ ਲਿਆਕਤਾਂ ਨੇਂ ਪੱਲੇ |
ਟਾਵੇਂ-ਟਾਵੇਂ ਨੂੰ ਨਿਵਾਜਕੇ,
ਹੀ ਮਾਲਕ ਓ ਘੱਲੇ |
ਵੇ ਤੂੰ ਮੁੱਲ ਮੇਰੇ ਕੇਰੇ,
ਓਏ ਮੁੱਲ ਕੀ ਸੀ ਪਾਉਣੇ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |
ਵੇ ਤੂੰ ਤਾਰ-ਤਾਰ ਕੀਤੀ,
ਮੇਰੀ ਭੋਲੀ-ਭਾਲੀ ਆਸ |
ਤੂੰ ਸੁਪਨਿਆਂ ਦਾ ਹਤਿਆਰਾ,
ਤਾਂ ਹੀ ਰਵਾਂ ਮੈਂ ਉਦਾਸ |
ਮੇਰੀਆਂ ਭਾਵਨਾਵਾਂ ਜਜ਼ਬਾਤ,
ਸਭ ਤੇਰੇ ਲਈ ਨੇਂ ਖਿਡੌਣੇਂ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |
ਰਜਨੀ ਹੱਸਦੀ ਏ ਉੱਤੋਂ,
ਵਿੱਚੋਂ ਹੱਸਿਆ ਨਾ ਜਾਵੇ |
ਹਾਏ ਦੁੱਖ ਦਿੱਤੇ ਵੈਰੀ ਏਨੇਂ,
ਕੋਈ ਦੱਸਿਆ ਨਾ ਜਾਵੇ |
ਤੂੰ ਤਾਂ ਸਦਾ ਨਾਲ ਹੋ ਕੇ,
ਨੇਂ ਮੇਰੇ ਦੁੱਖੜੇ ਵਧਾਉਣੇਂ |
ਆਉਣੇ ਦਿਲ ਤੇਰੇ ਦੇ ਵਿਹੜੇ,
ਦੁੱਖ ਬਣਕੇ ਪ੍ਰਹੁਣੇ |