
ਦੁੱਖਭੰਜਨ ਰੰਧਾਵਾ
0351920036369
ਵੇ ਤੈਨੂੰ ਮਾਰ ਐਸੀ ਪਵੇ,
ਵੇ ਤੂੰ ਹੌਕਾ-ਹੌਕਾ ਹੋ ਜਾਏਂ |
ਕੋਈ ਤੇਰਾ ਦੁੱਖ ਨਾ ਵਡਾਵੇ,
ਤੂੰ ਇਕੱਲਾ ਹੋ ਖਲੋ ਜਾਏਂ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਪੀੜ ਅੰਤਾਂ ਦੀ ਦੇਣ ਤੈਨੂੰ,
ਦੁੱਖ ਇਕੱਠੇ ਹੋ ਕੇ ਸਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਮੈਂ ਕੋਸਾਂ ਓ ਘੜੀ ਨੂੰ,
ਸੀ ਜਦੋਂ ਤੇਰੇ ਲੜ ਲੱਗੀ |
ਵੇ ਕੋਰੇ ਦੀਆਂ ਠੰਡਾਂ,
ਵਿੱਚ ਗਈ ਸੀ ਮੈਂ ਠੱਗੀ |
ਤੇਰੇ ਪਾਪ ਤੈਨੂੰ ਪਾਪੀਆ,
ਡੋਬਣ ਅੱਧ ਵਿਚਕਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਤੂੰ ਫੁੱਲਾਂ ਜੇਹੀ ਜਿੰਦ,
ਮੇਰੀ ਕੰਡਾ-ਕੰਡਾ ਕੀਤੀ |
ਵੇ ਤੂੰ ਦਿੰਦਾ ਰਿਹਾ ਪੀੜ,
ਤੇ ਓ ਵੀ ਮੈਂ ਪੀਤੀ |
ਵੇ ਮੰਗੇਂ ਤੂੰ ਨਿੱਗ ਤੇ,
ਤੈਨੂੰ ਆਪਾ ਤੇਰਾ ਠਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਤੂੰ ਭੁੱਲ ਪੈਰ-ਪੈਰ ਉੱਤੇ,
ਆਪਣੇ ਮਨ ਭਾਉਂਦੀ ਕੀਤੀ |
ਦੇਖੀਂ ਚੜਿਆ ਕਟਹਿਰੇ,
ਤੇ ਬੁਰੀ ਜਦੋਂ ਬੀਤੀ |
ਤੇਰੇ-ਮੇਰੇ ਬਿਨਾਂ ਹੁੰਦੇ,
ਮੇਰੇ ਉਹਦੇ ਬਿਨਾ ਨਾ ਗੁਜ਼ਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਤੂੰ ਕੌਡੀਆਂ ਚ ਰੋਲੀ,
ਮੇਰੀ ਹੀਰੇ ਜਿਹੀ ਰੂਹ |
ਤੈਨੂੰ ਸੱਲ ਐਸਾ ਮਿਲੇ,
ਪੈ-ਪੈ ਜਾਵੇ ਤੈਨੂੰ ਧੂਹ |
ਤੈਨੂੰ ਤੇਰਾ ਹੀ ਆਪਾ,
ਰੋਜ਼ ਡਾਢਾ ਫਟਕਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਤੂੰ ਚੀਰਾ-ਚੀਰਾ ਹੋਵੇਂ,
ਤੇ ਤੇਜ਼ਾਬ ਵਿੱਚ ਨਹਾਵੇਂ |
ਵੇ ਨਾਮੁਰਾਦ ਤੂੰ ਬੀਮਾਰੀ,
ਤੂੰ ਨਰਕ ਹੀ ਹੰਢਾਵੇਂ |
ਹੰਕਾਰੀਆ ਵੇ ਤੇਰੇ ਸੱਭੇ,
ਢਹਿ ਜਾਣ ਚੁਬਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਤੂੰ ਮਾਰ ਸੁੱਟੇ ਮੇਰੇ,
ਲੱਖਾਂ ਹੀ ਨੇਂ ਚਾਅ |
ਤੈਨੂੰ ਕੋਸੇ ਮੇਰਾ ਲੂੰ-ਲੂੰ,
ਮੇਰਾ ਸਾਹ-ਸਾਹ ਗਵਾਹ |
ਦੁੱਖ ਮਿਲਦਾ ਉਹਨਾਂ ਨੂੰ,
ਜੋ ਹੁੰਦੇ ਰੱਬ ਦੇ ਪਿਆਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |
ਵੇ ਆਪਣੀਆਂ ਆਪੇ ਨੂੰ,
ਮਜਬੂਰੀਆਂ ਸੁਣਾਵਾਂ |
ਜਾਂ ਤੂੰ ਖਹਿੜਾ ਛੱਡ,
ਤੇ ਜਾਂ ਮੈਂ ਤੁਰ ਜਾਵਾਂ |
ਦੁੱਖਭੰਜਨਾ ਵੇ ਤੇਰੇ ਬਾਜੋਂ,
ਹੁਣ ਵਗਦੇ ਨੇਂ ਖਾਰੇ |
ਤੂੰ ਡੋਲ ਜਾਵੇਂ ਪੂਰਾ,
ਤੇਰੇ ਟੁੱਟ ਜਾਣ ਤਾਰੇ |