ਕੁਲਦੀਪ ਕਿੱਟੀ ਬੱਲ
ਜਿੱਤਣੀ ਜੇ ਜੰਗ ਵੀਰਨੋ, ਰੱਖਣਾ ਖਿਆਲ ਵਈ ਵਈ,
ਸ਼ਾਂਤ ਹੀ ਰਹਿਣਾ ਮੂੰਹੋਂ, ਕੱਢਣੀ ਨਾ ਗਾਲ੍ਹ ਵਈ ਵਈ।
ਜਿੱਤਣੀ ਜੇ ਜੰਗ ਵੀਰਨੋ……
ਪੱਠੇ ਵੀ ਵੱਢ ਲਿਆਊਂ ,ਰੇੜੇ ਤੇ ਲੱਦ ਲਿਆਊਂ
ਟੋਕੇ ਤੇ ਚੀਰ ਕੁਤਰ ਕੇ,ਪਸ਼ੂਆਂ ਦੇ ਅੱਗੇ ਪਾਊਂ
ਕੱਟੇ ਤੇ ਵੱਛੇ ਦੀ ਕਰ ਲਊਂ ਸੰਭਾਲ਼ ਵਈ ਵਈ
ਜਿੱਤਣੀ ਜੇ ਜੰਗ ਵੀਰਨੋ ……
ਕਣਕ ਨੂੰ ਪਾਣੀ ਲਾਊਂ,ਨੱਕੇ ਵੀ ਮੋੜ ਦਿਖਾਊਂ
ਵੱਤਰ ਨਹੀਂ ਜਾਣ ਦੇਂਦੀ,ਮੋਟਰ ਮੈਂ ਜਾ ਚਲਾਊਂ
ਖੋਦਣਾ ਜੇ ਪੈ ਗਿਆ ਖੋਦ ਲਊਂ ਆੜ ਵਈ ਵਈ
ਜਿੱਤਣੀ ਜੇ ਜੰਗ ਵੀਰਨੋ …….
ਹੱਕ ਦੇ ਨਾਹਰੇ ਲਈ ,ਇਕਮੁਠ ਹੋ ਕੇ ਰਹਿਣਾ
ਚਾਲ ਨਾ ਚਲਜੇ ਕੋਈ ,ਜ਼ਰਾ ਚੁਕੰਨੇ ਰਹਿਣਾ
ਮੌਕਾ ਨਾ ਦੇਣਾ, ਨਾ ਕਰਨਾ ਫ਼ਸਾਦ ਵਈ ਵਈ
ਜਿੱਤਣੀ ਜੇ ਜੰਗ ਵੀਰਨੋ ……..
ਕਿਸਾਨ ਦੀ ਜਿੱਤ ਹੋਵੇ, ਨਿਰਾਸ਼ ਨਾ ਚਿੱਤ ਹੋਵੇ
ਹੱਕਾਂ ਲਈ ਲੜਦੇ ਵੀਰੋ , ਮੋਰਚਾ ਬੁਲੰਦ ਹੋਵੇ
ਹਰ ਵੇਲੇ ਹੱਥ ਜੋੜ ਕਰਾਂ ਅਰਦਾਸ ਵਈ ਵਈ
ਜਿੱਤਣੀ ਜੇ ਜੰਗ ਵੀਰਨੋ ……. ..