ਅਸ਼ੋਕ ਵਰਮਾ
ਬਠਿੰਡਾ, 4 ਦਸੰਬਰ2020: ਪੰਜਾਬ ਸਰਕਾਰ ਨੇ ਸਥਾਨਕ ਸਰਕਾਰਾਂ ਨਾਲ ਸਬੰਧਤ ਚੋਣਾਂ ਤੋਂ ਪਹਿਲਾਂ ਵੱਖ-ਵੱਖ ਨਗਰ ਨਿਗਮਾਂ, ਨਗਰ ਕੌਂਸਲਾਂ , ਨਗਰ ਪੰਚਾਇਤਾਂ ਅਤੇ ਹੋਰ ਮਹਿਕਮਿਆਂ ਵਿੱਚ ਕੱਚੇ ਤੌਰ ’ਤੇ ਕੰਮ ਕਰ ਰਹੇ ਸਫਾਈ ਕਰਮਚਾਰੀਆਂ ਨੂੰ ਪੱਕਾ ਕਰਨ ਦਾ ਚੋਗਾ ਪਾਇਆ ਹੈ। ਇਸ ਸਫਾਈ ਸੇਵਕ ਪਿਛਲੇ ਇੱਕ ਦਹਾਕੇ ਤੋਂ ਖੁਦ ਨੂੰ ਪੱਕਾ ਕਰਜਨ ਦੀ ਮੰਗ ਕਰਦੇ ਆ ਰਹੇ ਹਨ ਪਰ ਕੋਈ ਸੁਣਵਾਈ ਨਹੀਂ ਹੋਈ ਹੈ। ਇਸ ਤੋਂ ਪਹਿਲਾਂ ਆਈਆਂ ਕਈ ਚੋਣਾਂ ਉਹਨਾਂ ਦੀ ਮੰਗ ਨੂੰ ਬੂਰ ਨਹੀਂ ਪਾ ਸਕੀਆਂ ਹਨ। ਸਫਾਈ ਕਰਮਚਾਰੀ ਆਖਦੇ ਹਨ ਕਿ ਪੱਕਾ ਕਰਨ ਦੇ ਨਾਮ ਹੇਠ ਪਹਿਲਾਂ ਵੀ ਵੋਟਾਂ ਲੈ ਲਈਆਂ ਗਈਆਂ ਪਰ ਬਾਅਦ ’ਚ ਇਸ ਮੰਗ ਨੂੰੂ ਰੱਦੀ ਦੀ ਟੋਕਰੀ ’ਚ ਸੁੱਟ ਦਿੱਤਾ ਜਾਂਦਾ ਰਿਹਾ ਹੈ।
ਅੱਜ ਪੰਜਾਬ ਸਫਾਈ ਕਰਮਚਾਰੀ ਕਮਿਸ਼ਨ, ਚੰਡੀਗੜ ਦੇ ਮੈਂਬਰ ਇੰਦਰਜੀਤ ਸਿੰਘ ਨੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀਆਂ ਸਮੱਸਿਆਵਾਂ ਸੁਣਨ ਸਬੰਧੀ ਰੱਖੀ ਮੀਟਿੰਗ ’ਚ ਇੱਕ ਵਾਰ ਫਿਰ ਇਸ ਕੰਮ ਨੂੰ ਜਲਦ ਨੇਪਰੇ ਚੜਾਉਣ ਲਈ ਬਣਾਈ ਪੰਜ ਮੈਂਬਰੀ ਕਮੇਟੀ ਵੱਲੋਂ ਉਪਰਾਲੇ ਕਰਨ ਦਾ ਪੱਤਾ ਖੇਡਿਆ ਹੈ।ਅੱਜ ਉਹਨਾਂ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਦੀਆਂ ਤਨਖਾਹਾਂ, ਈ.ਪੀ.ਐਫ ਫੰਡ ਤੋਂ ਇਲਾਵਾ ਹੋਰ ਦਰਪੇਸ਼ ਆ ਰਹੀਆਂ ਸਮੱਸਿਆਵਾਂ ਸੁਣੀਆਂ ਅਤੇ ਯੋਗ ਸਮੱਸਿਆਵਾਂ ਦਾ ਅਧਿਕਾਰੀਆਂ ਨੂੰ ਹੱਲ ਕਰਨ ਲਈ ਆਖਿਆ। ਇਸ ਮੌਕੇ ਮੀਡੀਆ ਨਾਲ ਗੱਲਬਾਤ ਕਰਦਿਆਂ ਸਫਾਈ ਕਰਮਚਾਰੀ ਕਮਿਸ਼ਨ ਦੇ ਮੈਂਬਰ ਇੰਦਰਜੀਤ ਸਿੰਘ ਨੇ ਕਰੋਨਾ ਦੌਰਾਨ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਵੱਲੋਂ ਕੀਤੇ ਕਾਰਜਾਂ ਦੀ ਸ਼ਲਾਘਾ ਕੀਤੀ ਅਤੇ ਉਹਨਾਂ ਨੂੰ ਕਰੋਨਾ ਯੋਧੇ ਗਰਦਾਨਿਆਂ।
ਉਹਨਾਂ ਦੱਸਿਆ ਕਿ ਜ਼ਿਲੇ ਅੰਦਰ ਕੋਈ ਵੀ ਅਜਿਹਾ ਵਿਅਕਤੀ ਨਹੀਂ ਹੈ, ਜਿਸਨੂੰ ਤਰਸ ਦੇ ਆਧਾਰ ’ਤੇ ਨੌਕਰੀ ਨਾ ਮਿਲੀ ਹੋਵੇ। ਉਹਨਾਂ ਦੱਸਿਆ ਕਿ ਬਿਨਾਂ ਸੇਫਟੀ ਕਿੱਟਾਂ ਦੇ ਸਫਾਈ ਕਰਮਚਾਰੀਆਂ ਤੋਂ ਕੰਮ ਕਰਵਾਉਣ ਵਾਲੇ ਅਧਿਕਾਰੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ।ਮੀਟਿੰਗ ਦੌਰਾਨ ਉਹਨਾਂ ਅਧਿਕਾਰੀਆਂ ਨੂੰ ਕਿਹਾ ਕਿ ਜੋ ਵੀ ਦਸਵੀਂ ਤੋਂ ਉਚੇਰੀ ਪੜਾਈ ਵਾਲਾ ਵਿਅਕਤੀ ਸਫਾਈ ਕਰਮਚਾਰੀ ਜਾਂ ਸੀਵਰਮੈਨ ਵਜੋਂ ਕੰਮ ਕਰ ਰਿਹਾ ਹੈ, ਉਸਨੂੰ ਸੈਨਟਰੀ ਇਨਸਪੈਕਟਰ ਦਾ ਕੋਰਸ ਕਰਨ ਲਈ ਪ੍ਰੇਰਿਤ ਕੀਤਾ ਜਾਵੇ। ਉਹਨਾਂ ਅਧਿਕਾਰੀਆਂ ਨੂੰ ਮਿਊਂਸਪਲ ਕਾਰਪੋਰੇਸ਼ਨ, ਨਗਰ ਕੌਂਸਲ ਤੇ ਨਗਰ ਪੰਚਾਇਤਾਂ ’ਚ ਸਫਾਈ ਕਰਮਚਾਰੀਆਂ ਤੋਂ ਆਪਣੀ ਡਿਊਟੀ ਦੌਰਾਨ ਬਿਨਾਂ ਸੇਫਟੀ ਕਿੱਟਾਂ ਦੇ ਕੰਮ ਨਾ ਕਰਵਾਉਣ ਦੀ ਹਦਾਇਤ ਕੀਤੀ ।
ਉਹਨਾਂ ਸਿਵਲ ਸਰਜਨ ਬਠਿੰਡਾ ਨੂੰ ਕਰੋਨਾ ਕਾਰਨ ਕੰਮ ਤੋਂ ਫਾਰਗ ਕੀਤੀਆਂ ਦੋ ਸਫਾਈ ਕਰਮਚਾਰੀ ਮਹਿਲਾਵਾਂ ਨੂੰ ਤੁਰੰਤ ਕੰਮ ’ਤੇ ਦੁਬਾਰਾ ਰੱੱਖਣ ਲਈ ਵੀ ਕਿਹਾ। ਉਹਨਾਂ ਜ਼ਿਲਾ ਵਿਕਾਸ ਤੇ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਪਿੰਡਾਂ ਵਿੱਚ ਵੀ ਕੰਮ ਕਰ ਰਹੇ ਕੱਚੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੂੰ ਬਣਦਾ ਮੇਹਨਤਾਨਾ ਦਵਾਉਣਾ ਯਕੀਨੀ ਬਣਾਇਆ ਜਾਵੇ। ਐਸ.ਸੀ. ਕਾਰਪੋਰੇਸ਼ਨ ਅਤੇ ਲੀਡ ਬੈਂਕ ਅਧਿਕਾਰੀਆਂ ਨੂੰ ਵੀ ਹਦਾਇਤ ਕੀਤੀ ਕਿ ਪਿੰਡਾਂ ਦੇ ਸਰਪੰਚਾਂ ਨੂੰ ਵੀ ਨਾਲ ਲੈ ਕੇ ਬਲਾਕ ਵਾਈਜ ਪਿੰਡਾਂ ਵਿੱਚ ਇਸ ਵਰਗ ਨਾਲ ਸਬੰਧਿਤ ਲੋਕਾਂ ਦੀ ਭਲਾਈ ਨੂੰ ਮੁੱਖ ਰੱਖਦਿਆਂ ਉਨਾਂ ਨੂੰ ਕਰਜੇ ਮੁਹੱਈਆ ਕਰਵਾਉਣ ਲਈ ਵੱਧ ਤੋਂ ਵੱਧ ਕੈਂਪ ਲਗਾਏ ਜਾਣ।
ਉਹਨਾਂ ਜ਼ਿਲਾ ਭਲਾਈ ਅਫ਼ਸਰ ਨੂੰ ਕਿਸੇ ਵੀ ਅਨੁਸੂਚਿਤ ਵਰਗ ਨਾਲ ਸਬੰਧਿਤ ਵਿਦਿਆਰਥੀ ਦੇ ਪੜਾਈ ਦੌਰਾਨ ਕਿਸੇ ਵੀ ਵਿੱਦਿਅਕ ਸੰਸਥਾਵਾਂ ਵੱਲੋਂ ਅਸਲ ਸਰਟੀਫਿਕੇਟ ਨਾ ਰੱਖੇ ਜਾਣਾ ਯਕੀਨੀ ਬਨਾਉਣ ਦੀ ਹਦਾਇਤ ਕੀਤੀ। ਇਸ ਮੌਕੇ ਸਫਾਈ ਕਰਮਚਾਰੀਆਂ ਅਤੇ ਸੀਵਰਮੈਨਾਂ ਨੇ ਆਬਾਦੀ ਅਤੇ ਸੀਵਰਾਂ ਵਿੱਚ ਵਾਧੇ ਨੂੰ ਦੇਖਦਿਆਂ ਹੋਰ ਭਰਤੀ ਕਰਨ ਦੀ ਮੰਗ ਕੀਤੀ ਤਾਂ ਜੋ ਉਹਨਾਂ ’ਤੇ ਕੰਮ-ਕਾਜ ਦਾ ਵਾਧੂ ਪਿਆ ਬੋਝ ਘਟ ਸਕੇ। ਇਸ ਮੌਕੇ ਐਸ.ਪੀ. ਸੁਰਿੰਦਰਪਾਲ ਸਿੰਘ, ਜ਼ਿਲਾ ਭਲਾਈ ਅਫ਼ਸਰ ਸਰਦੂਲ ਸਿੰਘ, ਐਸ.ਡੀ.ਐਮ ਫੂਲ ਨਵਦੀਪ ਕੁਮਾਰ, ਸਹਾਇਕ ਕਮਿਸ਼ਨਰ ਸ਼ਿਕਾਇਤਾਂ ਗੁਰਬੀਰ ਸਿੰਘ ਕੋਹਲੀ, ਜੁਆਇੰਟ ਡਾਇਰੈਕਟਰ ਸਥਾਨਕ ਸਰਕਾਰਾਂ ਸ਼ਕਤੀ ਕੁਮਾਰ ਕੌਸ਼ਲ, ਬਲਾਕ ਵਿਕਾਸ ਤੇ ਪੰਚਾਇਤ ਅਫ਼ਸਰ, ਅਧਿਕਾਰੀ, ਮਿਊਂਸਪਲ ਕਾਰਪੋਰੇਸ਼ਨ, ਨਗਰ ਕੌਂਸਲਾਂ ਅਤੇ ਨਗਰ ਪੰਚਾਇਤਾਂ ਵਿੱਚ ਕੰਮ ਕਰਦੇ ਸਫਾਈ ਕਰਮਚਾਰੀ ਹਾਜ਼ਰ ਸਨ।