ਮੈਲਬੋਰਨ (ਅਸਟ੍ਰੇਲੀਆ ), 2 ਦਿਸੰਬਰ ਬੁੱਧਵਾਰ – ਆਪਣੀ ਇਨਕਲਾਬੀ ਵਿਚਾਰਧਾਰਾ ਅਤੇ ਕਾਰਜਾਂ ਲਈ ਪ੍ਰਸਿੱਧ ਜਥੇਬੰਦੀ ਅੰਤਰਰਾਸ਼ਟਰੀ ਇਨਕਲਾਬੀ ਮੰਚ ਦੀ ਅੱਜ ਚੋਣਵੇਂ ਅਹੁਦੇਦਾਰਾਂ ਦਰਮਿਆਨ ਮੀਟਿੰਗ ਕੌਮਾਂਤਰੀ ਜਰਨਲ ਸਕੱਤਰ ਰੁਪਿੰਦਰ ਜੋਧਾਂ ਜਾਪਾਨ ਦੀ ਪ੍ਰਧਾਨਗੀ ਹੇਠ ਕਾਨਫਰੰਸ ਕਾਲ ‘ਤੇ ਕੀਤੀ ਗਈ। ਜਿਸ ਵਿੱਚ ਕਿਸਾਨ ਸੰਘਰਸ਼ ਦੀ ਡਟਵੀਂ ਹਿਮਾਇਤ ਕਰਨ ਦਾ ਫ਼ੈਸਲਾ ਅਤੇ ਕੇਂਦਰ ਸਰਕਾਰ ਦੇ ਤਾਨਾਸ਼ਾਹੀ ਰਵੱਈਏ ਦੀ ਪੁਰਜ਼ੋਰ ਨਿਖੇਧੀ ਕੀਤੀ ਗਈ। ਮੰਚ ਦੇ ਕੌਮਾਂਤਰੀ ਬੁਲਾਰੇ ਨਵਦੀਪ ਜੋਧਾਂ ਅਤੇ ਕੌਮਾਂਤਰੀ ਕੋਆਰਡੀਨੇਟਰ ਰੋਮੀ ਘੜਾਮੇਂ ਵਾਲ਼ਾ ਨੇ ਪ੍ਰੈੱਸ ਨੂੰ ਸਾਂਝੇ ਤੌਰ ‘ਤੇ ਪ੍ਰੈੱਸ ਨੋਟ ਜਾਰੀ ਕਰਦਿਆਂ ਕਿਹਾ ਕਿ ਪਿਛਲੇ ਦਿਨੀਂ ਭਾਰਤ ਦੀ ਕੇਂਦਰ ਸਰਕਾਰ ਨੇ ਸ਼ਾਂਤਮਈ ਢੰਗ ਨਾਲ ਰੋਸ ਪ੍ਰਦਰਸ਼ਨ ਕਰਨ ਲਈ ਪਹੁੰਚੇ ਨਾਗਰਿਕਾਂ ਦੇ ਰਾਹਾਂ ਵਿੱਚ ਬੈਰੀਗੇਡ ਲਾਏ, ਅੱਤ ਦੀ ਪੈ ਰਹੀ ਸਰਦੀ ਵਿੱਚ ਠੰਡੇ ਪਾਣੀ ਦੀਆਂ ਬੁਛਾੜਾਂ ਮਾਰੀਆਂ, ਇੱਥੋਂ ਤੱਕ ਕਿ ਸੜਕਾਂ ਤੱਕ ਵੀ ਪੁੱਟ ਦਿੱਤੀਆਂ। ਉਪਰੋਕਤ ਬਿਆਨ ਕੀਤੇ ਘਟਨਾਕ੍ਰਮਾਂ ਬਾਬਤ ਅਸੀ ਇਸ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਸਰਕਾਰਾਂ ਦਾ ਕੰਮ ਨਾਗਰਿਕਾਂ ਲਈ ਰਾਹ ਪੱਧਰੇ ਕਰਨਾ ਹੁੰਦਾ ਹੈ ਜਾਂ ਰੋਕਣਾ, ਰੁੱਤਾਂ ਦੇ ਕੁਦਰਤੀ ਬਦਲਾਅ ਸਮੇਂ ਸਹੂਲਤਾਂ ਮੁਹੱਈਆ ਕਰਵਾਉਣਾ ਹੁੰਦਾ ਹੈ ਜਾਂ ਔਕੜਾਂ ਪੈਦਾ ਕਰਨਾ ਅਤੇ ਸੜਕਾਂ ਦਾ ਨਿਰਮਾਣ ਕਰਨਾ ਹੁੰਦਾ ਹੈ ਜਾਂ ਪੁਰਾਣੀਆਂ ਵੀ ਪੁੱਟ ਸੁੱਟਣਾ ਪਰ ਅਫ਼ਸੋਸ ਇਹਨਾਂ ਦਿਨਾਂ ਦੌਰਾਨ ਸਰਕਾਰ ਨੇ ਇਹ ਸਾਰੇ ਕੰਮ ਆਪਣੀਆਂ ਬਣਦੀ ਜੁੰਮੇਵਾਰੀਆਂ ਤੋਂ ਬਿਲਕੁੱਲ ਉਲਟ ਕੀਤੇ। ਸੋ ਅਸੀ ਸਰਕਾਰ ਤੋਂ ਪੁਰਜ਼ੋਰ ਮੰਗ ਕਰਦੇ ਹਾਂ ਕਿ ਉਹ ਤੁਰੰਤ ਆਪਣਾ ਅੜੀਅਲ ਰਵੱਈਆ ਛੱਡ ਕੇ ਖੇਤੀਬਾੜੀ ਸਬੰਧੀ ਕਾਲ਼ੇ ਕਾਨੂੰਨ ਵਾਪਸ ਲੈਣ ਦੇ ਨਾਲ਼ ਪ੍ਰਦਰਸ਼ਨਕਾਰੀਆਂ ਦੀਆਂ ਬਾਕੀ ਜਾਇਜ਼ ਮੰਗਾ ਵੀ ਮੰਨੇ ਅਤੇ ਸੰਘਰਸ਼ ਦੌਰਾਨ ਕੀਤੀਆਂ ਵਧੀਕੀਆਂ ਲਈ ਤੁਰੰਤ ਮਾਫ਼ੀ ਮੰਗੇ। ਮੰਚ ਵੱਲੋਂ ਆਪਣੀਆਂ ਡਿਊਟੀਆਂ ਕਰ ਰਹੇ ਸੁਰੱਖਿਆ ਬਲਾਂ ਅਤੇ ਮੀਡੀਆ ਕਰਮੀਆਂ ਨੂੰ ਵੀ ਬੇਨਤੀ ਕੀਤੀ ਗਈ ਕਿ ਆਪੋ ਆਪਣੇ ਕੰਮ ਸੱਚਾਈ ਦੀ ਕਸਵੱਟੀ ‘ਤੇ ਪਰਖ ਕੇ ਨਿਭਾਉਣ ਨਾ ਕਿ ਸਰਕਾਰਾਂ ਦੇ ਹੱਥ ਠੋਕੇ ਬਣ ਕੇ। ਸ਼ਾਮਿਲ ਮੈਂਬਰਾਂ ਵੱਲੋਂ ਸਘੰਰਸ਼ ਨੂੰ ਅੰਤ ਤੱਕ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਅਹਿਦ ਲਿਆ ਗਿਆ। ਇਸ ਮੌਕੇ ਕੌਮਾਂਤਰੀ ਚੇਅਰਪਰਸਨ ਰਣਬੀਰ ਕੌਰ ਬੱਲ ਯੂ.ਐੱਸ.ਏ, ਵਾਈਸ ਚੇਅਰਮੈਨ ਬਲਿਹਾਰ ਸੰਧੂ ਅਸਟ੍ਰੇਲੀਆ, ਪ੍ਰਧਾਨ ਦਵਿੰਦਰ ਸਿੰਘ ਪੱਪੂ ਬੈਲਜ਼ੀਅਮ, ਮੀਤ ਪ੍ਰਧਾਨ ਬਿੰਦਰ ਜਾਨ-ਏ-ਸਾਹਿਤ ਇਟਲੀ, ਕੌਮੀ ਪ੍ਰਧਾਨ ਕੈਨੇਡਾ ਜਗਰੂਪ ਧਾਲੀਵਾਲ, ਕੌਮੀ ਮੀਤ ਪ੍ਰਧਾਨ ਕੈਨੇਡਾ ਹਰਦੇਵ ਸਿੰਘ ਸਿੱਧੂ, ਕੌਮੀ ਸਕੱਤਰ ਕੈਨੇਡਾ ਪਰਗਨ ਮੱਟੂ ਤੇ ਮੈਂਬਰਾਂ ਗੁਰਜੀਤ ਰਤਨ ਵਿਨੀਪੈਗ, ਸਿਮ ਰਣਜੀਤ ਕੌਰ ਭਿਖੀ ਵਿਨੀਪੈਗ, ਰਾਜੀ ਮੁਸੱਵਰ ਮੈਲਬੌਰਨ (ਅਸਟ੍ਰੇਲੀਆ) ਅਤੇ ਬੀਬੀ ਅਮਨਦੀਪ ਜੋਧਾਂ ਮੈਲਬੌਰਨ (ਅਸਟ੍ਰੇਲੀਆ) ਨੇ ਸਹਿਮਤੀ ਪ੍ਰਗਟਾਈ।