17.7 C
United Kingdom
Thursday, June 25, 2026

More

    ਮਾਨਸਾ ’ਚ ਭਰਵੇਂ ਹੁੰਗਾਰੇ ਨਾਲ ‘ਟਰੈਕਟਰ 2 ਟਵਿੱਟਰ’ ਮੁਹਿੰਮ ਸ਼ੁਰੂ

    ਅਸ਼ੋਕ ਵਰਮਾ
    ਮਾਨਸਾ,1ਦਸੰਬਰ2020: ਅੱਜ ਮਾਨਸਾ ਸ਼ਹਿਰ ਦੇ ਵਿੱਚ ਟਰੈਕਟਰ 2 ਟਵਿੱਟਰ ਮੁਹਿੰਮ ਦੀ ਸ਼ੁਰੂਆਤ ਗੁਰਲਾਭ ਸਿੰਘ ਮਾਹਲ ਐਡਵੋਕੇਟ ਵੱਲੋਂ ਕਰਵਾਈ ਗਈ ਜਿਸ ਦਾ ਮਕਸਦ ਇਸ ਸੋਸ਼ਲ ਮੀਡੀਆ ਪਲੇਟਫਾਰਮ ਤੇ ਕਿਸਾਨ ਅੰਦੋਲਨ ਬਾਰੇ ਕੀਤੇ ਜਾ ਰਹੇ ਗੁੰਮਰਾਹਕੁੰਨ ਪ੍ਰਚਾਰ ਦਾ ਟਾਕਰਾ ਕਰਨਾ ਹੈ। ਸੰਵਿਧਾਨ ਬਚਾਓ ਮੁਹਿੰਮ ਦੇ ਆਗੂਆਂ ਗੁਰਲਾਭ ਸਿੰਘ ਮਾਹਲ ਐਡਵੋਕੇਟ ਅਤੇ ਕਿ੍ਰਸ਼ਨ ਚੌਹਾਨ ਨੇ ਦੱਸਿਆ ਕਿ ਇਸ ਮੁਹਿੰਮ ਰਾਹੀਂ ਪੰਜਾਬ ਭਰ ’ਚ 20 ਹਜ਼ਾਰ ਤੋਂ ਵੱਧ ਟਵਿੱਟਰ ਅਕਾਊਂਟ ਐੈਕਟਿਵ ਕੀਤੇ ਜਾਣੇ ਹਨ ਜਿਸ ਰਾਹੀਂ ਕਿਸਾਨ ਅੰਦੋਲਨ ਦਾ ਪ੍ਰਚਾਰ ਕੀਤਾ ਜਾਵੇਗਾ ਤਾਂ ਜੋ ਭਾਰਤ ਦੀ ਰਾਜਧਾਨੀ ’ਚ ਚੱਲ ਰਹੇ ਕਿਸਾਨ ਸੰਘਰਸ਼ ਨੂੰ ਕੌਮਾਂਤਰੀ ਪੱਧਰ ਤੇ ਲਿਜਾਇਆ ਜਾ ਸਕੇ। ਉਹਨਾਂ ਦੱਸਿਆ ਕਿ ਇਸ ਮੁਹਿੰਮ ਦਾ ਦੂਸਰਾ ਮਕਸਦ ਅੰਤਰਰਾਸ਼ਟਰੀ ਅਖਬਾਰਾਂ ਅਤੇ ਮੀਡੀਆ ਵਿੱਚ ਅੰਦੋਲਨ ਦੀ ਅਸਲ ਤਸਵੀਰ ਸਾਹਮਣੇ ਲਿਆਉਣਾ ਅਤੇ ਮੋਦੀ ਸਰਕਾਰ ਦੇ ਸੋਸ਼ਲ ਮੀਡੀਆ ਵਰਕਰਾਂ ਵੱਲੋਂ ਕਿਸਾਨ ਅੰਦੋਲਨ ਸਬੰਧੀ ਪਾਈਆਂ ਜਾਣ ਵਾਲੀਆਂ ਸ਼ਰਾਰਤ ਭਰਪੂਰ ਪੋਸਟਾਂ ਦਾ ਢੁੱਕਵਾਂ ਜਵਾਬ ਦੇਣਾ ਵੀ ਹੈ।
            ਅੱਜ ਇਸ ਮੁਹਿੰਮ ਦੀ ਬਾਰਾਂ ਹੱਟਾਂ ਚੌਕ ਵਿੱਚ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਮੁਨੀਸ਼ ਬੱਬੀ ਦਾਨੇਵਾਲੀਆ ਨੇ ਆਪਣੀ ਐਸੋਸੀਏਸ਼ਨ ਨਾਲ ਸਬੰਧਤ ਮੈਂਬਰਾਂ ਟਵਿੱਟਰ ਅਕਾਊਂਟ ਬਣਵਾਕੇ ਸ਼ੁਰੂਆਤ ਕੀਤੀ ਜਦੋਂਕਿ  ਮਾਨਸਾ ਸ਼ਹਿਰ ਦੀਆਂ ਹੋਰ ਵਪਾਰਕ ਜਥੇਬੰਦੀਆਂ ਨੇ ਵੀ ਬਾਜ਼ਾਰ ਦੇ ਵਿੱਚ ਸਮਾਰਟ ਫੋਨ ਵਰਤਣ ਵਾਲੇ ਨੌਜਵਾਨਾਂ ਦੇ ਦੇ ਫੋਨਾਂ ਵਿੱਚ ਟਵਿੱਟਰ ਐਪਲੀੇਕੇਸ਼ਨ ਡਾਊਨਲੋਡ ਕਰਵਾਕੇ ਟਵਿੱਟਰ ਅਕਾਉਂਟ ਬਣਵਾਏ । ਮਾਨਸਾ ਸ਼ਹਿਰ ਦੇ ਆੜ੍ਹਤੀਆਂ ਅਤੇ ਵਪਾਰੀਆਂ ਨੇ ਆਖਿਆ ਕਿ ਕਿਸਾਨ ਅੰਦੋਲਨ ਸਮੁੱਚੇ ਪੰਜਾਬੀਆਂ ਦਾ ਹੈ ਕਿਉਂਕਿ ਇਹਨਾਂ ਤਿੰਨ ਕਾਨੂੰਨਾਂ ਕਾਰਨ ਸਭ ਤੋਂ ਵੱਧ ਆੜ੍ਹਤੀਏ ਅਤੇ ਵਪਾਰੀ ਪ੍ਰਭਾਵਿਤ ਹੋਣਗੇ। ਜੇਕਰ ਇਸ ਅੰਦੋਲਨ ਨੂੰ ਮੋਦੀ ਜਾਂ ਆਰਐਸਐਸ ਨੇ ਖਾਲਸਤਾਨੀ ਅੰਦੋਲਨ ਦਰਸਾਉਣ ਦੀ ਕੋਝੀ ਹਰਕਤ ਕੀਤੀ ਤਾਂ ਪੰਜਾਬ ਦੇ ਸਾਰੇ ਵਪਾਰੀ ਵੀ ਸੋਸ਼ਲ ਮੀਡੀਆ ਰਾਹੀਂ  ਇਸ ਦਾ ਜਵਾਬ ਦੋਣਗੇ।
            ਇਸ ਸਮੇਂ ਕਾ. ਰਾਜਵਿੰਦਰ ਸਿੰਘ ਰਾਣਾ  ਅਤੇ ਡਾ. ਧੰਨਾ ਮੱਲ ਗੋਇਲ ਨੇ ਕਿਹਾ ਕਿ ਕੰਗਨਾ ਰਾਣਾਵਤ ਵੱਲੋਂ ਟਵਿੱਟਰ ਤੇ ਇਸ ਅੰਦੋਲਨ ਸਬੰਧੀ ਕੀਤੀ ਬੇਹੂਦਾ ਟਿੱਪਣੀ ਦਾ ਜਵਾਬ ਦੇਸ਼ ਦੇ ਕਿਸਾਨਾਂ ਅਤੇ ਇਸ ਅੰਦੋਲਨ ਦੇ ਸਮਰਥਕਾਂ ਨੇ ਵੀ ਟਵਿੱਟਰ ਰਾਹੀਂ ਹੀ ਦਿੱਤਾ ਹੈ ਜਿਸ ਕਾਰਨ ਉਸਨੂੰ ਆਪਣਾਂ ਟਵੀਟ ਡੀਲੀਟ ਕਰਨ ਲਈ ਮਜ਼ਬੂਰ ਹੋਣਾ ਪਿਆ । ਉਹਨਾਂ ਕਿਹਾ ਕਿ ਭਵਿੱਖ ’ਚ ਵੀ ਜੇਕਰ ਕੋਈ ਅਜਿਹਾ ਕਰਦਾ ਹੈ ਤਾਂ ਉਸ ਨੂੰ ਵੀ ਇਸੇ ਐਪਲੀਕੇਸ਼ਨ ਤੇ ਕਰਾਰਾ ਜਵਾਬ ਦਿੱਤਾ ਜਾਏਗਾ। ਬਲਕਰਨ ਸਿੰਘ ਬੱਲੀ ਅਤੇ ਕਮਲ ਗੋਇਲ ਨੇ ਕਿਸਾਨ ਅੰਦੋਲਨਕਾਰੀਆਂ ਦੀ ਹਮਾਇਤ ’ਚ ਪੁੱਜੇ ਸਮਾਰਟ ਫੋਨ ਵਰਤਣ ਵਾਲੇ ਨੌਜਵਾਨਾਂ  ਟਵਿੱਟਰ ਅਕਾਊਂਟ ਬਣਾ ਕੇ ਇਸ ਅੰਦੋਲਨ ਦੀ ਹਮਾਇਤ ਵਿੱਚ ਅੱਗੇ ਆਉਣ ਤੇ ਹਰ ਤਰਾਂ ਦੇ ਮਾੜੇ ਟਵੀਟਾਂ ਨੂੰ ਵੰਗਾਰਨ ਦਾ ਸੱਦਾ ਦਿੱਤਾ ਹੈ। ਇਸ ਸਮੇਂ ਹਰਮੇਲ ਸਿੰਘ, ਅਮਰ ਜਿੰਦਲ, ਰਮੇਸ਼ ਟੋਨੀ, ਤਰਸੇਮ ਚੰਦ, ਰਾਕੇਸ਼ ਕੁਮਾਰ, ਨਰੇਸ਼ ਕੁਮਾਰ, ਬੌਬੀ ਜ਼ੌੜਾ ਅਤੇ ਕਾਲਾ ਭੰਮਾ ਆਦਿ ਹਾਜ਼ਰ ਸਨ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!