ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਸਕਾਟਲੈਂਡ ਦੀਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਕੋਰੋਨਾਂ ਵਾਇਰਸ ਮਹਾਂਮਾਰੀ ਦੌਰਾਨ ਸਿਹਤ ਵਿਭਾਗ ਕਰਮਚਾਰੀ ਜਿਹਨਾਂ ਵਿੱਚ ਐਨ ਐਚ ਐਸ ਸਟਾਫ ਅਤੇ ਸੋਸ਼ਲ ਕੇਅਰ ਵਰਕਰ ਆਦਿ ਸ਼ਾਮਲ ਹਨ, ਦੁਆਰਾ ਪਾਏ ਗਏ ਯੋਗਦਾਨ ਦਾ ਧੰਨਵਾਦ ਕੀਤਾ ਹੈ। ਇਹਨਾਂ ਕਰਮਚਾਰੀਆਂ ਨੇ ਦੇਸ਼ ਵਾਸੀਆਂ ਦੀ ਸੇਵਾ ਅਤੇ ਸੁਰੱਖਿਆ ਲਈ ਦਿਨ ਰਾਤ ਕੰਮ ਕੀਤਾ ਹੈ, ਇਸ ਲਈ ਸਕਾਟਲੈਂਡ ਦੀ ਸਰਕਾਰ ਵੱਲੋਂ ਇਹਨਾਂ ਕਾਮਿਆਂ ਨੂੰ “ਧੰਨਵਾਦ” ਵਜੋਂ 500 ਪੌਂਡ ਦੀ ਰਾਸ਼ੀ ਮਿਲੇਗੀ। ਇਹ ਭੁਗਤਾਨ ਕ੍ਰਿਸਮਸ ਤੋਂ ਪਹਿਲਾਂ ਕੀਤੇ ਜਾ ਸਕਦੇ ਹਨ ਜਿਸ ਨਾਲ ਸਿਹਤ ਕਾਮੇ ਆਪਣੇ ਬਿੱਲਾਂ ਦਾ ਭੁਗਤਾਨ ਅਤੇ ਹੋਰ ਕੰਮ ਕਰ ਸਕਦੇ ਹਨ। ਇਸ ਭੁਗਤਾਨ ਦਾ ਖੁਲਾਸਾ ਮੰਤਰੀ ਨਿਕੋਲਾ ਸਟਰਜਨ ਨੇ ਐਸ ਐਨ ਪੀ ਦੀ ਕਾਨਫਰੰਸ ਨੂੰ ਸੰਬੋਧਨ ਕਰਨ ਦੌਰਾਨ ਕੀਤਾ। ਸਟਰਜਨ ਅਨੁਸਾਰ ਇਸ ਸਮੇਂ ਐਨ ਐਚ ਐਸ ਸਟਾਫ ਲਈ ਤਨਖਾਹ ਵਧਾਉਣ ਲਈ ਗੱਲਬਾਤ ਕੀਤੀ ਜਾ ਰਹੀ ਹੈ, ਪਰ ਹੁਣ ਇਸ ਸਮੇਂ ਇਹ ਕਾਮੇ ਇਸ ਮਾਨਤਾ ਦੇ ਹੱਕਦਾਰ ਹਨ ਅਤੇ ਸਕਾਟਲੈਂਡ ਦੀ ਸਰਕਾਰ ਹਰ ਫੁੱਲ ਟਾਈਮ ਐਨ ਐਚ ਐਸ ਵਰਕਰ ਅਤੇ ਬਾਲਗ਼ ਸਮਾਜਿਕ ਦੇਖਭਾਲ ਕਰਮਚਾਰੀ ਨੂੰ 500 ਪੌਂਡ ਇਸ ਮੁਸ਼ਕਿਲ ਸਮੇ ਵਿੱਚ ਉਹਨਾਂ ਦੀ ਅਸਾਧਾਰਣ ਸੇਵਾ ਲਈ ਦੇਵੇਗੀ। ਇਸਦੇ ਨਾਲ ਹੀ ਸਟਰਜਨ ਅਨੁਸਾਰ ਉਹ ਪ੍ਰਧਾਨ ਮੰਤਰੀ ਬੋਰਿਸ ਜੌਹਨਸਨ ਨੂੰ ਇਸ ਭੁਗਤਾਨ ਨੂੰ ਟੈਕਸ ਮੁਕਤ ਰੱਖਣ ਲਈ ਵੀ ਅਪੀਲ ਕਰੇਗੀ।