ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਕੋਰੋਨਾਂ ਵਾਇਰਸ ਨੇ ਜਿੰਦਗੀ ਦੇ ਕਈ ਖੇਤਰਾਂ ਵਿੱਚ ਖੜੋਤ ਪੈਦਾ ਕੀਤੀ ਹੈ, ਜਿਸ ਵਿੱਚ ਡਰਾਈਵਿੰਗ ਲਾਈਸੈਂਸ ਬਨਾਉਣ ਦੀ ਪ੍ਰਕਿਰਿਆ ਵੀ ਸ਼ਾਮਲ ਹੈ। ਲਾਈਸੈਂਸ ਬਨਾਉਣ ਦੇ ਚਾਹਵਾਨਾਂ ਨੂੰ, ਇਸ ਲਈ ਲੋੜੀਂਦੇ ਡਰਾਈਵਿੰਗ ਟੈਸਟਾਂ ਨੂੰ ਪਾਸ ਕਰਨ ਲਈ ਕੋਰੋਨਾਂ ਵਾਇਰਸ ਮਹਾਂਮਾਰੀ ਦੇ ਕਾਰਨ ਲੰਬਾ ਇੰਤਜ਼ਾਰ ਕਰਨ ਦੇ ਨਾਲ ਦੁਬਾਰਾ ਭੁਗਤਾਨ ਵੀ ਕਰਨਾ ਪੈ ਸਕਦਾ ਹੈ। ਇਸ ਸਾਲ ਲਏ ਜਾ ਰਹੇ ਪ੍ਰੈਕਟੀਕਲ ਟੈਸਟਾਂ ਦੀ ਸੰਖਿਆ ਵਿਚ ਪੂਰੀ ਤਰ੍ਹਾਂ ਗਿਰਾਵਟ ਆਉਣ ਦੇ ਨਾਲ, 200,000 ਦੇ ਕਰੀਬ ਥਿਊਰੀ ਟੈਸਟਾਂ ਦੇ ਸਰਟੀਫਿਕੇਟ, ਲੋਕਾਂ ਦੇ ਪ੍ਰੈਕਟੀਕਲ ਪ੍ਰੀਖਿਆ ਵਿੱਚ ਬੈਠਣ ਤੋਂ ਪਹਿਲਾਂ ਹੀ ਖਤਮ ਹੋ ਸਕਦੇ ਹਨ, ਜਿਸ ਨਾਲ ਸਿਖਿਆਰਥੀਆਂ ਨੂੰ ਉਨ੍ਹਾਂ ਲਈ ਮੁੜ ਅਦਾਇਗੀ ਵੀ ਕਰਨੀ ਪੈ ਸਕਦੀ ਹੈ। ਇਸ ਮਾਮਲੇ ਵਿੱਚ ਯੂਕੇ ਦੇ ਟਰਾਂਸਪੋਰਟ ਸੱਕਤਰ ਗ੍ਰਾਂਟ ਸ਼ੈਪਸ ਦੇ ਅਨੁਸਾਰ ਇਸ ਪ੍ਰਕਿਰਿਆ ਦੇ ਸੰਬੰਧ ਵਿੱਚ ਨਵੇਂ ਨਿਯਮ ਲਾਗੂ ਕੀਤੇ ਜਾ ਸਕਦੇ ਹਨ ਜਦਕਿ ਟਰਾਂਸਪੋਰਟ ਫਾਰ ਟ੍ਰਾਂਸਪੋਰਟ (ਡੀ.ਐੱਫ.ਟੀ.) ਨੇ ਟੈਸਟਾਂ ਲਈ ਫੀਸਾਂ ਵਾਪਸ ਕਰਨ ਜਾਂ ਮੁੜ ਵਸੂਲੀ ਦੀਆਂ ਫੀਸਾਂ ਮੁਆਫ ਕਰਨ ਦੀਆਂ ਬੇਨਤੀਆਂ ਨੂੰ ਵੀ ਠੁਕਰਾ ਦਿੱਤਾ ਹੈ। ਅਧਿਕਾਰਤ ਅੰਕੜੇ ਦਰਸਾਉਂਦੇ ਹਨ ਕਿ ਯੂਕੇ ਵਿੱਚ ਸਿਰਫ 6,264 ਲੋਕ ਇਸ ਸਾਲ ਅਪ੍ਰੈਲ ਅਤੇ ਜੂਨ ਦੇ ਵਿਚਕਾਰ ਆਪਣੀ ਡ੍ਰਾਈਵਿੰਗ ਟੈਸਟ ਦੇ ਸਕੇ ਹਨ ਜੋ ਕਿ ਪਿਛਲੇ ਸਾਲ ਦੇ ਮੁਕਾਬਲੇ ਸਿਰਫ 1.5 ਪ੍ਰਤੀਸ਼ਤ ਹੈ। ਇਸਦੇ ਨਾਲ ਹੀ ਡ੍ਰਾਇਵਿੰਗ ਐਂਡ ਵਹੀਕਲ ਸਟੈਂਡਰਡ ਏਜੰਸੀ (ਡੀ ਵੀ ਐਸ ਏ) ਦੇ ਅੰਕੜੇ ਦਰਸਾਉਂਦੇ ਹਨ ਕਿ ਮਾਰਚ 2020 ਵਿੱਚ ਗਲਾਸਗੋ, ਐਡਿਨਬਰਗ, ਐਬਰਡੀਨ, ਡੰਡੀ, ਸਟਰਲਿੰਗ, ਪੇਜਲੀ ਅਤੇ ਇਨਵਰਨੇਸ ਵਿੱਚ 3347 ਟੈਸਟ ਲਏ ਗਏ ਹਨ ਜੋ ਕਿ ਸਾਲ 2019 ਦੇ ਮੁਕਾਬਲੇ 1000 ਤੱਕ ਘੱਟ ਹਨ। ਇੱਕ ਪ੍ਰੈਕਟੀਕਲ ਟੈਸਟ ਲਈ ਬੈਕਲਾਗ ਹੁਣ ਤੇਜ਼ੀ ਨਾਲ ਵਧ ਰਿਹਾ ਹੈ ਅਤੇ ਇਹ ਕਿੰਨੇ ਸਮੇਂ ਲਈ ਸਪੱਸ਼ਟ ਹੋਵੇਗਾ, ਇੱਕ ਚਿੰਤਾ ਦਾ ਵਿਸ਼ਾ ਹੈ ਜਦਕਿ ਕੁੱਝ ਸਕਾਟਿਸ਼ ਡਰਾਈਵਿੰਗ ਟੈਸਟ ਉਮੀਦਵਾਰਾਂ ਅਨੁਸਾਰ ਉਹ ਘੱਟੋ ਘੱਟ ਫਰਵਰੀ 2021 ਦੇ ਅੱਧ ਤੱਕ ਪ੍ਰੈਕਟੀਕਲ ਜਾਂ ਥਿਊਰੀ ਟੈਸਟ ਬੁੱਕ ਕਰਾਉਣ ਵਿੱਚ ਅਸਮਰੱਥ ਰਹੇ ਹਨ।