ਅਸ਼ੋਕ ਵਰਮਾ
ਬਠਿੰਡਾ,19 ਨਵੰਬਰ 2020:ਪੰਜਾਬ ਕੇਂਦਰੀ ਯੂਨੀਵਰਸਿਟੀ ਬਠਿੰਡਾ ਨੇ ਧਰਤੀ ਹੇਠਲੇ ਪਾਣੀ ’ਚ ਭਾਰੀ ਧਾਤਾਂ ਅਤੇ ਯੁਰੇਨੀਅਮ ਵਰਗੇ ਖਤਰਨਾਕ ਤੱਤਾਂ ਦੀ ਖੋਜ ਲਈ ਅਟੌਮਿਕ ਮਿਨਰਲ ਡਾਇਰੈਕਟੋਰੇਟ ਫਾਰ ਐਕਸਪਲੋਰੈਂਸ ਐਂਡ ਰਿਸਰਚ ਹੈਦਰਾਬਾਦ (ਏਐਮਡੀਈਆਰ) ਅਤੇ ਭਾਬਾ ਅਟੌਮਿਕ ਰਿਸਰਚ ਸੈਂਟਰ ਮੁੰਬਈ (ਬੀਏਆਰਸੀ) ਦੇ ਸਹਿਯੋਗ ਨਾਲ ਚੋਟੀ ਦੇ ਛੇ ਵਿਗਿਆਨੀਆਂ ਦੀ ਕਮੇਟੀ ਬਨਾਉਣ ਦਾ ਫੈਸਲਾ ਲਿਆ ਹੈ ਜੋ ਇਹਨਾਂ ਹਾਨੀਕਾਰਕ ਮਿਸ਼ਰਣਾਂ ਨੂੰ ਖਤਮ ਕਰਨ ਲਈ ਹੱਲ ਸੁਝਾਏਗੀ। ਇਸ ਕਮੇਟੀ ਦੀ ਸਥਾਪਨਾ ਲਈ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਪਹਿਲਕਦਮੀ ਕੀਤੀ ਹੈ।ਇਸ ਸਬੰਧੀ ਮੀਟਿੰਗ ਦੌਰਾਨ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ.ਤਿਵਾੜੀ, ਏਐਮਡੀਈਆਰ ਦੇ ਡਾਇਰੈਕਟਰ ਡਾ. ਡੀ.ਕੇ. ਸਿਨਹਾ, ਬੀਏਆਰਸੀ ਦੇ ਸਿਹਤ ਸੁਰੱਖਿਆ ਅਤੇ ਵਾਤਾਵਰਣ ਸਮੂਹ ਦੇ ਡਾਇਰੈਕਟਰ ਆਰ.ਐਮ. ਸੁਰੇਸ਼ ਬਾਬੂ ਨਾਲ ਚੋਟੀ ਦੇ ਵਿਗਿਆਨੀ ਡਾ. ਐਮ ਕੁਲਕਰਨੀ, ਡਾ. ਸੰਜੇ ਝਾ ਅਤੇ ਯੂਨੀਵਰਸਿਟੀ ਦੇ ਪ੍ਰੋ. ਵੀ.ਕੇ. ਗਰਗ ਤੇ ਡਾ. ਸੁਨੀਲ ਮਿੱਤਲ (ਸੀਯੂਪੀਬੀ) ਮੌਜੂਦ ਸਨ।
ਵਾਈਸ ਚਾਂਸਲਰ ਪ੍ਰੋ. ਰਾਘਵੇਂਦਰ ਪੀ. ਤਿਵਾੜੀ ਨੇ ਕਿਹਾ ਕਿ ਚੋਟੀ ਦੇ ਵਿਗਿਆਨੀਆਂ ਦੇ ਸਹਿਯੋਗ ਨਾਲ ਪੰਜਾਬ ਦੇ ਧਰਤੀ ਹੇਠਲੇ ਪਾਣੀ ਦਾ ਹੱਲ ਲੱਭਣ ਲਈ ਇਹ ਪਹਿਲ ਕੀਤੀ ਗਈ ਹੈ ਜਿਸ ਤਹਿਤ ਤਿੰਨੇ ਸੰਸਥਾਵਾਂ ਮਿਲ ਕੇ ਕੰਮ ਕਰਨਗੀਆਂ। ਪ੍ਰੋ. ਤਿਵਾੜੀ ਨੇ ਦੱਸਿਆ ਕਿ ਇਸ ਏਕੀਕਿ੍ਰਤ ਪਲੇਟਫਾਰਮ ਦਾ ਮੰਤਵ ਖੋਜ ਨੂੰ ਉਤਸ਼ਾਹਿਤ ਕਰਨਾ ਅਤੇ ਖੋਜ ਕਰਨ ਵਾਲਿਆਂ ਉੱਚ ਖੋਜ ਤਕਨੀਕਾਂ ਤੱਕ ਪਹੁੰਚ ਦੀ ਸਹੂਲਤ ਪ੍ਰਦਾਨ ਕਰਨਾ ਹੈ। ਉਹਨਾਂ ਭਰੋਸਾ ਦਵਾਇਆ ਕਿ ਇਹ ਉਪਰਾਲਾ ਇੱਕ ਅਜਿਹਾ ਮੰਚ ਸਥਾਪਤ ਕਰਨ ਵਿੱਚ ਸਹਾਇਤਾ ਕਰੇਗਾ ਜਿੱਥੇ ਵਿਗਿਆਨੀ ਪੰਜਾਬ ’ਚ ਧਰਤੀ ਹੇਠਲੇ ਪਾਣੀ ਦੇ ਪ੍ਰਦੂਸ਼ਣ ਦੇ ਨਵੇਂ ਹੱਲ ਤਲਾਸ਼ਣ ਲਈ ਕੰਮ ਕਰਨਗੇ।ਉਹਨਾਂ ਕਿਹਾ ਕਿ ਏਐਮਡੀਈਆਰ ਹੈਦਰਾਬਾਦ ਅਤੇ ਬੀਏਆਰਸੀ ਮੁੰਬਈ ਦੇਸ਼ ਦੀਆਂ ਉੱਚ ਕੋਟੀ ਦੀਆਂ ਸੰਸਥਾਵਾਂ ਹਨ ਜਿਹਨਾ ਦੇ ਵਿਗਿਆਨੀਆਂ ਦੀ ਮੁਹਾਰਤ ਹੱਲ ਲੱਭਣ ’ਚ ਨਿਸਚਤ ਤੌਰ ਤੇ ਅਹਿਮ ਸਿੱਧ ਹੋਵੇਗੀ।
ਵਾਤਾਵਰਣ ਵਿਗਿਆਨੀ ਪ੍ਰੋ. ਵੀ.ਕੇ. ਗਰਗ ਨੇ ਦੱਸਿਆ ਕਿ ਇਸ ਵਿਚਾਰ ਵਟਾਂਦਰੇ ਦਾ ਮੁੱਖ ਮਕਸਦ ਧਰਤੀ ਹੇਠਲੇ ਪਾਣੀ ’ਚ ਖਤਰਨਾਕ ਕਿਸਮ ਦੇ ਸਰੋਤਾਂ ਦਾ ਪਤਾ ਲਾਉਣਾ ਲੋਕਾਂ ਦੀ ਸਿਹਤ ’ਤੇ ਇਸ ਪਾਣੀ ਦੇ ਪ੍ਰਭਾਵ ਦਾ ਅਧਿਐਨ ਕਰਨਾ ਅਤੇ ਇਸ ਸਮੱਸਿਆ ਦਾ ਹੱਲ ਲੱਭਣਾ ਰਿਹਾ। ਪੰਜਾਬ ਕੇਂਦਰੀ ਯੂਨੀਵਰਸਿਟੀ ਦੇ ਵਾਤਾਵਰਣ ਅਤੇ ਧਰਤੀ ਵਿਗਿਆਨ ਸਕੂਲ ਦੇ ਐਸੋਸੀਏਟ ਡੀਨ ਡਾ. ਸੁਨੀਲ ਮਿੱਤਲ ਨੇ ਧਰਤੀ ਹੇਠਲੇ ਪਾਣੀ ਦੇ ਖੇਤਰ ’ਚ ਵਰਸਟੀ ’ਚ ਕੀਤੀਆਂ ਖੋਜਾਂ ,ਪ੍ਰੋਜੈਕਟਾਂ ਖੋਜ ਦੌਰਾਨ ਆਉਣ ਵਾਲੀਆਂ ਚੁਣੌਤੀਆਂ ਬਾਰੇ ਵਿਚਾਰ ਸਾਂਝੇ ਕੀਤੇ। ਉਹਨਾਂ ਪੰਜਾਬ ਦੇ ਮਾਲਵਾ ਖੇਤਰ ਦੇ ਨਾਲ-ਨਾਲ ਹਰਿਆਣਾ ਅਤੇ ਰਾਜਸਥਾਨ ਦੇ ਨਾਲ ਲੱਗਦੇ ਜਿਲ੍ਹਿਆਂ ਵਿਚ ਧਰਤੀ ਹੇਠਲੇ ਪਾਣੀ ਦੀ ਮੌਜੂਦਾ ਸਥਿਤੀ ਬਾਰੇ ਵੀ ਜਾਣਕਾਰੀ ਦਿੱਤੀ। ਦੱਸਣਯੋਗ ਹੈ ਕਿ ਮਾਲਵੇ ’ਚ ਕੈਂਸਰ ਦਾ ਪਸਾਰਾ ਹੈ ਜਿਸ ਲਈ ਇਹਨਾਂ ਧਾਤਾਂ ਨੂੰ ਜਿੰਮੇਵਾਰ ਠਹਿਰਾਇਆ ਜਾਂਦਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇ ਵਿਗਿਆਨੀਆਂ ਨੇ ਸਮੱਸਿਆ ਦਾ ਹੱਲ ਕੱਢ ਲਿਆ ਤਾਂ ਸਿਹਤ ਦੇ ਮਾਮਲੇ ’ਚ ਇਹ ਕਰਾਤੀਕਾਰੀ ਕਦਮ ਹੋਵੇਗਾ।