ਅਸ਼ੋਕ ਵਰਮਾ
ਸੰਗਰੂਰ, 17 ਨਵੰਬਰ 2020: ਅੱਜ ਸੰਗਰੂਰ ਨੇੜੇ ਵਾਪਰੇ ਇੱਕ ਦਰਦਨਾਕ ਹਾਦਸੇ ਵਿੱਚ ਪੰਜ ਵਿਅਕਤੀਆਂ ਦੀ ਜਿੰਦਾ ਸੜਨ ਕਾਰਨ ਮੌਤ ਹੋ ਗਈ। ਇਸ ਦਿਲ ਕੰਬਾਊ ਘਟਨਾਂ ਕਾਰਨ ਇਲਾਕੇ ’ਚ ਸੋਗ ਦਾ ਮਹੌਲ ਬਣਿਆ ਹੋਇਆ ਹੈ। ਇਹ ਹਾਦਸਾ ਸੰਗਰੂਰ-ਸੁਨਾਮ ਬਾਈਪਾਸ ’ਤੇ ਕਾਰ ਅਤੇ ਟੈਂਕਰ ਦਰਮਿਆਨ ਟੱਕਰ ਹੂਣ ਕਾਰਨ ਵਾਪਰਿਆ। ਮਿ੍ਰਤਕਾਂ ਦੀ ਮੋਗਾ ਨਿਵਾਸੀਆਂ ਵਜੋਂ ਪਛਾਣ ਹੋਈ ਹੈ। ਇਸ ਘਟਨਾ ਤੋਂ ਬਾਅਦ ਕੈਂਟਰ ਚਾਲਕ ਮੌਕੇ ਤੋਂ ਫਰਾਰ ਹੋ ਗਿਆ ਜਾਣਕਾਰੀ ਮੁਤਾਬਕ ਬੀਤੀ ਰਾਤ ਕਰੀਬ 12 ਵਜੇ ਦੇ ਕਰੀਬ ਪੰਜ ਵਿਅਕਤੀ ਦਿੜਬਾ ਮੰਡੀ ਵਿਖੇ ਇੱਕ ਸਮਾਗਮ ’ਚ ਸ਼ਾਮਲ ਹੋਕੇ ਕਾਰ ਰਾਹੀਂ ਮੋਗਾ ਵਾਪਿਸ ਪਰਤ ਰਹੇ ਸਨ। ਜਿਉਂ ਹੀ ਇਹਨਾਂ ਦੀ ਕਾਰ ਸੰਗਰੂਰ ਬਾਈਪਾਸ ਤੇ ਸੁਨਾਮ ਰੋਡ ਤੇ ਪਹੁੰਚੀ ਤਾਂ ਕਾਰ ਅਤੇ ਤੇਲ ਟੈਂਕਰ ਨਾਲ ਟਕਰਾ ਗਈ। ਪਤਾ ਲੱਗਿਆ ਹੈ ਕਿ ਟੱਕਰ ਐਨੀ ਭਿਆਨਕ ਸੀ ਕਿ ਜੋਰਦਾਰ ਧਮਾਕਾ ਹੋਇਆ ਅਤੇ ਕਾਰ ਦੇ ਪਰਖਚੇ ਉੱਡ ਗਏ। ਦੱਸਣ ਵਾਲਿਆਂ ਮੁਤਾਬਕ ਟਰੱਕ ਦੀ ਤੇਲ ਵਾਲੀ ਟੈਂਕੀ ਟੁੱਟ ਕੇ ਕਾਰ ’ਚ ਫਸਣ ਕਾਰਨ ਕਾਰ ਤੇ ਤੇਲ ਪੈ ਗਿਆ ਅਤੇ ਰਗੜ ਨਾਲ ਗੱਡੀ ਨੂੰ ਅੱਗ ਲੱਗ ਗਈ। ਇਸ ਮੌਕੇ ਕਾਰ ਸਵਾਰਾਂ ਨੇ ਬਾਹਰ ਨਿਕੱਲਣ ਦੀ ਕੋਸ਼ਿਸ਼ ਕੀਤੀ ਪਰ ਅਸਫਲ ਰਹੇ। ਅੱਗ ਦੀਆਂ ਲਪਟਾਂ ਐਨੀਆਂ ਤੇਜ ਸਨ ਕਿ ਚੀਕ-ਚਿਹਾੜਾ ਪਾਉਂਦੇ ਅੰਦਰ ਹੀ ਸੜ ਗਏ। ਜਦੋਂ ਤੱਕ ਇਸ ਹਾਦਸੇ ਦਾ ਲੋਕਾਂ ਨੂੰ ਪਤਾ ਲੱਗਿਆ ਉਦੋਂ ਤੱਕ ਗੱਡੀ ਪੂਰੀ ਤਰਾਂ ਜਲ ਚੁੱਕੀ ਸੀ ਅਤੇ ਗੱਡੀ ਦੇ ਅੰਦਰ ਬੈਠੇ 5 ਜਣੇ ਬੁਰੀ ਤਰਾਂ ਸੜ ਕੇ ਮਰ ਚੁੱਕੇ ਸਨ। ਸੂਚਨਾ ਮਿਲਣ ਤੇ ਪੁਲਿਸ ਘਟਨਾ ਸਥਾਨ ਤੇ ਪੁੱਜੀ ਅਤੇ ਲਾਸ਼ਾਂ ਨੂੰ ਬਾਹਰ ਕੱਢਿਆ ਜੋ ਬੁੁਰੀ ਤਰਾਂ ਸੜ ਚੁੱਕੀਆਂ ਸਨ। ਪੁਲਿਸ ਅਨੁਸਾਰ ਮਿ੍ਰਤਕਾਂ ਵਿੱਚ ਬਲਵਿੰਦਰ ਸਿੰਘ ਵਾਸੀ ਧੱਲੇਕੇ ਮੋਗਾ, ਡਾ: ਕੁਲਤਾਰ ਸਿੰਘ ਵਾਸੀ ਮੋਗਾ, ਕੈਪਟਨ ਸੁਖਮਿੰਦਰ ਸਿੰਘ ਵਾਸੀ ਮੋਗਾ, ਸੁਰਿੰਦਰ ਸਿੰਘ ਵਾਸੀ ਰਾਮੂਵਾਲੀਆ, ਚਮਕੌਰ ਸਿੰਘ ਵਾਸੀ ਮੋਗਾ ਸ਼ਾਮਲ ਹਨ। ਥਾਣਾ ਸਦਰ ਸੰਗਰੂਰ ਪੁਲਿਸ ਨੇ ਦੱਸਿਆ ਕਿ ਇਸ ਸਬੰਧੀ ਟੈਂਕਰ ਦੇ ਡਰਾਇਵਰ ਖਿਲਾਫ਼ ਧਾਰਾ 279, 427, 304 ਏ ਆਈ.ਪੀ.ਸੀ. ਤਹਿਤ ਪਰਚਾ ਦਰਜ਼ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।