ਅਸ਼ੋਕ ਵਰਮਾ
ਬਠਿੰਡਾ,17 ਨਵੰਬਰ 2020: ਬਾਬਾ ਫ਼ਰੀਦ ਕਾਲਜ ਦੇ ਫੈਕਲਟੀ ਆਫ਼ ਸਾਇੰਸਜ਼ ਤੋਂ ਬਾਇਉਟੈਕਨਾਲੋਜੀ ਵਿਭਾਗ ਨੇ ਆਰਬਿਟ ਬਾਇਉਟੈੱਕ ਪ੍ਰਾਈਵੇਟ ਲਿਮਟਿਡ, ਮੁਹਾਲੀ ਦੇ ਸਹਿਯੋਗ ਨਾਲ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਡਾ. ਰੀਤੂ ਪਵਨ ਦੀ ਅਗਵਾਈ ਹੇਠ ਵਿਦਿਆਰਥੀਆਂ ਨੂੰ ਪ੍ਰੇਰਿਤ ਕਰਨ ਦੇ ਮੰਤਵ ਨਾਲ ‘ਪੈਨ ਇਜ਼ ਮਾਈਟੀਅਰ ਦੈਨ ਸਵੌਰਡ’ ਵਿਸ਼ੇ ਤੇ ਲੇਖ ਲਿਖਣ ਦੇ ਆਨਲਾਈਨ ਮੁਕਾਬਲੇ ਕਰਵਾਂਏ। ਇਸ ਮੁਕਾਬਲੇ ਦਾ ਮੁੱਖ ਉਦੇਸ਼ ਵਿਦਿਆਰਥੀਆਂ ਦੇ ਲੇਖਣੀ ਦੇ ਹੁਨਰ ਅਤੇ ਵਿਦਿਆਰਥੀ-ਅਧਿਆਪਕ ਸਬੰਧਾਂ ਬਾਰੇ ਉਹਨਾਂ ਦੇ ਨਜ਼ਰੀਏ ਨੂੰ ਬਿਹਤਰ ਬਣਾਉਣਾ ਸੀ ਕਿਉਂਕਿ ਇੱਕ ਵਿਦਿਆਰਥੀ ਹਮੇਸ਼ਾ ਨਵੇਂ ਤੱਥਾਂ ਦੇ ਨਾਲ-ਨਾਲ ਨਵੇਂ ਹੁਨਰਾਂ ਬਾਰੇ ਗਿਆਨ ਪ੍ਰਾਪਤ ਕਰਨ ਲਈ ਉਤਸੁਕ ਰਹਿੰਦਾ ਹੈ।
ਬੀ.ਐਸ.ਸੀ. ਬਾਇਉਟੈਕਨਾਲੋਜੀ (ਆਨਰਜ਼), ਬੀ.ਐਸ.ਸੀ. ਮੈਡੀਕਲ , ਬੀ.ਐਸ.ਸੀ. ਜੂਆਲੋਜੀ ਅਤੇ ਐਮ.ਐਸ.ਸੀ. ਬਾਟਨੀ ਦੇ ਵਿਦਿਆਰਥੀਆਂ ਨੇ ਇਸ ਮੁਕਾਬਲੇ ਵਿਚ ਪੂਰੇ ਜੋਸ਼ ਅਤੇ ਉਤਸ਼ਾਹ ਨਾਲ ਹਿੱਸਾ ਲਿਆ । ਵਿਦਿਆਰਥੀਆਂ ਨੇ ਆਪਣੇ ਵਿਚਾਰ ਵੀ ਦਿੱਤੇ ਕਿ ਸਮੇਂ-ਸਮੇਂ ਤੇ ਅਜਿਹੇ ਮੁਕਾਬਲੇ ਕਰਵਾਏ ਜਾਣੇ ਚਾਹੀਦੇ ਹਨ । ਇਹ ਲੇਖ ਲਿਖਣ ਮੁਕਾਬਲਾ ਗੂਗਲ ਫਾਰਮ ਦੀ ਸਹਾਇਤਾ ਨਾਲ ਕਰਵਾਇਆ ਗਿਆ ਸੀ। ਇਸ ਮੁਕਾਬਲੇ ਦਾ ਮੁੱਖ ਵਿਸ਼ਾ ਵਿਦਿਆਰਥੀ ਅਤੇ ਅਧਿਆਪਕ ਦੇ ਰਿਸ਼ਤੇ ਅਤੇ ਇਕ ਵਿਦਿਆਰਥੀ ਦੀ ਜ਼ਿੰਦਗੀ ’ਚ ਅਧਿਆਪਕ ਦੀ ਭੂਮਿਕਾ ਬਾਰੇ ਸੀ। ਬੀ.ਐੱਸ.ਸੀ. ਬਾਇਉਟੈਕਨਾਲੋਜੀ (ਆਨਰਜ਼) ਤੀਜਾ ਸਾਲ ਦੇ ਵਿਕਾਸ ਅਤੇ ਬੀ.ਐਸ.ਸੀ ਮੈਡੀਕਲ ਤੀਜਾ ਸਾਲ ਦੀ ਮਿਸ ਸਿ੍ਰਸ਼ਟੀ ਨੇ ਵਿਦਿਆਰਥੀ ਪ੍ਰਬੰਧਕ ਵਜੋਂ ਆਪਣੇ ਫ਼ਰਜ਼ਾਂ ਨੂੰ ਬਹੁਤ ਵਧੀਆ ਤਰੀਕੇ ਨਾਲ ਨਿਭਾਇਆ।
ਇਸ ਪ੍ਰੋਗਰਾਮ ਦੀਆਂ ਕੋਆਰਡੀਨੇਟਰ ਬਾਇਓ ਟੈਕਨਾਲੋਜੀ ਵਿਭਾਗ ਦੀ ਸਹਾਇਕ ਪ੍ਰੋਫੈਸਰ ਸ੍ਰੀਮਤੀ ਸ਼ਿਵਾਂਗੀ ਸਕਸੈਨਾ ਅਤੇ ਸ਼੍ਰੀਮਤੀ ਅਮਨਦੀਪ ਕੌਰ ਸਨ। ਇਸ ਮੁਕਾਬਲੇ ਵਿਚ ਬੀ.ਐਸ.ਸੀ. ਬਾਇਉਟੈਕਨਾਲੋਜੀ (ਆਨਰਜ਼) ਤੀਜਾ ਸਾਲ ਦੀ ਸੁਖਦੀਪ ਕੌਰ ਨੇ ਪਹਿਲਾ ਸਥਾਨ, ਐਮ.ਐਸ.ਸੀ ਜੂਆਲੋਜੀ ਦੂਸਰਾ ਸਾਲ ਦੀ ਨਿਸ਼ਾ ਨੇ ਦੂਜਾ ਸਥਾਨ ਅਤੇ ਬੀ.ਐਸ.ਸੀ. ਬਾਇਉਟੈਕਨਾਲੋਜੀ (ਆਨਰਜ਼) ਦੂਜਾ ਸਾਲ ਦੀ ਕਮਲਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਜੇਤੂਆਂ ਨੇ ਬਾਇਉਟੈਕਨਾਲੋਜੀ ਵਿਭਾਗ ਦੇ ਮੁਖੀ ਅਤੇ ਫੈਕਲਟੀ ਮੈਂਬਰਾਂ ਨੂੰ ਸਮੇਂ ਸਮੇਂ ਤੇ ਅਜਿਹੀਆਂ ਪ੍ਰੇਰਣਾਦਾਇਕ, ਦਿਲਚਸਪ ਅਤੇ ਗਿਆਨਵਾਨ ਪ੍ਰੋਗਰਾਮਾਂ ਅਤੇ ਗਤੀਵਿਧੀਆਂ ਲਈ ਧੰਨਵਾਦ ਕੀਤਾ। ਬੀ.ਐਫ.ਜੀ.ਆਈ. ਦੇ ਚੇਅਰਮੈਨ ਡਾ. ਗੁਰਮੀਤ ਸਿੰਘ ਧਾਲੀਵਾਲ ਅਤੇ ਕਾਲਜ ਦੇ ਪਿ੍ਰੰਸੀਪਲ ਡਾ. ਪ੍ਰਦੀਪ ਕੌੜਾ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ।