13.1 C
United Kingdom
Sunday, June 7, 2026

More

    ਹਕੂਮਤਾਂ ਨੇ ਨਾ ਪਾਇਆ ਖੁਦਕਸ਼ੀ ਪੀੜਤ ਪ੍ਰੀਵਾਰਾਂ ਦੇ ਘਰੀਂ ਦੀਵਿਆਂ ‘ਚ ਤੇਲ

    ਅਸ਼ੋਕ ਵਰਮਾ
    ਬਠਿੰਡਾ,15ਨਵੰਬਰ2020: ਪੰਜਾਬ ਸਰਕਾਰ ਵੱਲੋਂ ਕੀਤੇ ਦਾਅਵਿਆਂ ਤੇ ਵਾਅਦਿਆਂ ਦੇ ਬਾਵਜੂਦ ਖੁਦਕਸ਼ੀ ਪੀੜਤ ਪ੍ਰੀਵਾਰਾਂ ਦੇ ਮੁੜ ਵਸੇਬੇ ਲਈ ਢੁੱਕਵੇਂ ਕਦਮਾਂ ਦੀ ਅਣਹੋਂਦ ਨੇ ਇਹ ਪ੍ਰੀਵਾਰ ਕੱਖੋਂ ਹੌਲੇ ਕਰ ਦਿੱਤੇ ਹਨ। ਹਰ ਸਾਲ ਜਦੋਂ ਵੀ ਕੋਈ ਦਿਨ ਤਿਉਹਾਰ ਆਉਂਦਾ ਹੈ ਤਾਂ ਇਹਨਾਂ ਪ੍ਰੀਵਾਰਾਂ ਦੇ ਅੱਲੇ ਫੱਟ ਹਰੇ ਹੋ ਜਾਂਦੇ ਹਨ।  ਬਠਿੰਡਾ ਜ਼ਿਲ੍ਹੇ ਦੀ ਤਲਵੰਡੀ ਸਾਬੋ ਤਹਿਸੀਲ ਦੇ ਪਿੰਡ ਭਗਵਾਨਗੜ੍ਹ (ਭੁੱਖਿਆਂ ਵਾਲੀ) ਦੇ ਕਿਸਾਨ ਜਗਦੇਵ ਸਿੰਘ ਦੇ ਪਰਿਵਾਰ ਲਈ ਦਿਵਾਲੀ ਦੀਆਂ ਦਾ ਕੋਈ ਮਹੱਤਵ ਨਹੀਂ ਹੈ। ਇਸ ਪ੍ਰੀਵਾਰ ਨੂੰ ਘਰ ਦਾ ਕਮਾਊ ਜੀਅ ਚਲੇ ਜਾਣ ਤੋਂ ਬਾਅਦ ਮੁਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ ਪ੍ਰੀਵਾਰ ਨਾਲ ਤਾਂ ਰਾਹੁਲ ਗਾਂਧੀ ,ਕੈਪਟਨ ਅਮਰਿੰਦਰ ਸਿੰਘ ਅਤੇ ਪ੍ਰਤਾਪ ਸਿੰਘ ਬਾਜਵਾ ਦੁੱਖ ਪ੍ਰਗਟ ਕਰਕੇ ਗਏ ਸਨ। ਮੰਡੀ ਖੁਰਦ ਦਾ ਕਿਸਾਨ ਮੇਜਰ ਸਿੰਘ 23 ਅਪਰੈਲ2015 ’ਚ ਕਰਜਿਆਂ ਦੁੱਖੋਂ ਖੁਦਕਸ਼ੀ ਕਰ ਗਿਆ। ਵਿਧਵਾ ਪਰਮਜੀਤ ਕੌਰ ਹੁਣ ‘ਖੇਤੀ ਸੰਕਟ ਦੇ ਸ਼ਹੀਦਾਂ’ ਦੇ ਪਰਿਵਾਰਾਂ ਦੀ ਕਤਾਰ ’ਚ ਖੜੀ ਹੈ। ਇਹ ਪ੍ਰੀਵਾਰ ਆਖਦੇ ਹਨ ਕਿ ਕਾਹਦੀਆਂ ਖੁਸ਼ੀਆਂ ਮਨਾਈਏ।
                        ਪਿੰਡ ਦੁੱਨੇਵਾਲਾ ਦੇ ਕਿਸਾਨ ਦਰਸ਼ਨ ਸਿੰਘ ਦਾ ਪੂਰਾ ਘਰ ਸੁੰਨਾ ਹੋ ਗਿਆ ਹੈ। ਉਸ ਦੇ ਤਿੰਨ ਲੜਕੇ ਖੁਦਕੁਸ਼ੀ ਕਰ ਚੁੱਕੇ ਹਨ ਅਤੇ ਉਹ ਖੁਦ ਵੀ ਇਸੇ ਰਾਹ ਚਲਾ ਗਿਆ। ਹੁਣ ਘਰ ’ਚ ਨੂੰਹ ਕੁਲਵਿੰਦਰ ਕੌਰ ਬਚੀ ਹੈ ਜਿਸ ਲਈ ਕਿਸੇ ਵੀ ਖੁਸ਼ੀ ਦਾ ਕੋਈ ਮਹੱਤਵ ਨਹੀਂ ਹੈ। ਕੁਲਵਿੰਦਰ ਕੌਰ ਨੇ ਕਿਹਾ,‘ਉਹ ਕਿਸ ਮੋਦੀ ਕੋਲ ਆਪਣਾ ਦੁੱਖ ਰੋਵੇ’। ਵਿਧਵਾ ਤੇਜ ਕੌਰ ਦੀ ਜਿੰਦਗੀ ‘ਚ ਉਦੋਂ ਦੁੱਖਾਂ ਦਾ ਪਹਾੜ ਟੁੱਟ ਪਿਆ ਜਦੋਂ ਕਰਜੇ ਦੀ ਭਾਰੀ ਪੰਡ ਦਾ ਬੋਝ ਨਾ ਸਹਾਰਦਿਆਂ ਉਸਦੇ ਘਰੋਂ ਇੱਕ ਇੱਕ ਕਰਕੇ ਜਵਾਨ ਪੁੱਤਾਂ ਦੀ ਅਰਥੀ ਉਠਦੀ ਗਈ। ਕਰਜੇ ਕਾਰਨ ਉਹ ਜਮੀਨ ਵੇਚਣੀ ਪਈ ਜਿਸ ਦੇ ਸਿਰ ਤੇ ਦੋ ਡੰਗ ਦੀ ਰੋਟੀ ਨਸੀਬ ਹੁੰਦੀ ਸੀ। ਬਿਰਧ ਤੇਜ ਕੌਰ ਲਈ ਕੋਈ ਵੀ ਖੁਸ਼ੀਆਂ ਦਾ ਦਿਨ ਮਾਇਨੇ ਨਹੀਂ ਰੱਖਦਾ,ਉਸ ਨੂੰ ਤਾਂ ਪੇਟ ਖਾਤਰ ਦਿਹਾੜੀ ਕਰਨੀ ਪੈ ਰਹੀ ਹੈ। ਇਹ ਕਹਾਣੀ ਇਹਨਾਂ ਦੀ ਨਹੀਂ ਬਲਕਿ ਉਹਨਾਂ ਹਜਾਰਾਂ ਪ੍ਰੀਵਾਰਾਂ ਦੀ ਹੈ ਜਿਹਨਾਂ ਦੇ ਕਮਾਊ ਜੀਅ ਕਰਜ਼ੇ ਦੀਆਂ ਪੰਡਾਂ ਲਾਹੁੰਦੇ ਮੌਤ ਦੇ ਮੂੰਹ ਜਾ ਪਏ ਹਨ।
          ਮਹੱਤਵਪੂਰਨ ਤੱਥ ਹੈ ਕਿ ਸਾਲ 2015 ’ਚ ਚਿੱਟੀ ਮੱਖੀ ਦੇ ਕਹਿਰ ਤੋਂ ਬਾਅਦ ਸ਼ੁਰੂ ਹੋਏ ਖੁਦਕਸ਼ੀਆਂ ਦੇ ਵਰਤਾਰੇ ਨੂੰ ਕੈਪਟਨ ਅਮਰਿੰਦਰ ਸਿੰਘ ਵੱਲੋਂ ਵਿਧਾਨ ਸਭਾ ਚੋਣਾਂ ਮੌਕੇ ਕਰਜਿਆਂ ਤੇ ਲਕੀਰ ਫੇਰਨ ਦੇ ਵਾਅਦਿਆਂ ਕਾਰਨ ਠੱਲ੍ਹ ਪੈਣ ਦੀ ਆਸ ਬੱਝੀ ਸੀ ਪਰ ਵਾਅਦਾ ਵਫਾ ਨਾਂ ਹੋਣ ਕਰਕੇ ਕਿਸਾਨ ਮਜਦੂਰ ਜਿੰਦਗੀ ਦੀ ਜੰਗ ਹਾਰਦੇ ਚਲੇ ਆ ਰਹੇ ਹਨ। ਇਹ ਉਹ ਕਿਸਾਨ ਹਨ ਜਿਹਨਾਂ ਦੇ ਜਹਾਨੋਂ ਚਲੇ ਜਾਣ ਪਿੱਛੋਂ  ਪ੍ਰੀਵਾਰਾਂ ਨੂੰ ਸੰਤਾਪ ਹੰਢਾਉਣਾ ਪੈ ਰਿਹਾ ਹੈ। ਬਦਨਸੀਬ ਤੇਜ ਕੌਰ ਦਾ ਪਤੀ ਪੁੱਤਾਂ ਦੀ ਬੇਵਕਤੀ ਮੌਤ ਦੇ ਸਦਮੇ ਕਾਰਨ ਤੁਰ ਗਿਆ। ਉਸ ਨੇ ਕਿਹਾ ਕਿ ਕਾਹਦੀਆਂ ਦੀਵਾਲੀਆਂ ਸਾਡੀਆਂ ਖੁਸ਼ੀਆਂ ਰੁੱਸੀਆਂ ਨੂੰ ਤਾਂ ਕਈ ਸਾਲ ਹੋ ਗਏ ਹਨ। ਪਿੰਡ ਦੌਲਤਪੁਰਾ ਦੀ ਸੁਖਜੀਤ ਕੌਰ ਦੇ ਘਰ ਵੀ ਦਿਵਾਲੀ ਦੀਵਿਆਂ ਤੋਂ ਸੱਖਣੀ ਰਹਿੰਦੀ ਹੈ।  ਉਸਦਾ ਪਤੀ ਕਿਸਾਨ ਰਾਜਿੰਦਰ ਸਿੰਘ ਕਰਜੇ ਦੇ ਤੰਦੂਆ ਜਾਲ ਕਰਕੇ ਖ਼ੁਦਕੁਸ਼ੀ ਕਰ ਗਿਆ। ਪ੍ਰੀਵਾਰ ਆਖਦਾ ਹੈ ਕਿ ਸਾਡੀ ਕਾਹਦੀ ਦਿਵਾਲੀ ਜਿਸਦੇ ਸਿਰ ਤੇ ਤਿਉਹਾਰ ਸਨ ਉਹ ਤਾਂ ਅੱਧਵਾਟੇ ਹੀ ਛੱਡ ਗਿਆ ਹੈ।
               ਕਪਾਹ ਪੱਟੀ ਵਿੱਚ ਖੁਦਕਸ਼ੀ ਕਰ ਗਏ ਕਿਸਾਨਾਂ ਦੀਆਂ ਵਿਧਵਾਵਾਂ ਦੇ ਦੁੱਖ ਪਹਾੜ ਜਿੱਡੇ ਹਨ। ਅੱਖਾਂ ‘ਚ ਅੱਥਰੂ ਤੇ ਉਦਾਸ ਚਿਹਰੇ ਸਿਰਾਂ ਤੇ ਹੰਢਾਏ ਦੁੱਖਾਂ ਦੇ ਗਵਾਹ ਹਨ। ਕਈ ਘਰਾਂ ‘ਚ ਤਾਂ ਦੁੱਖ ਸੁਨਣ ਵਾਲਾ ਵੀ ਨਹੀਂ ਬਚਿਆ ਦਿਵਾਲੀਆਂ ਦੁਸ਼ਹਿਰੇ ਤਾਂ ਦੂਰ ਦੀ ਗੱਲ ਹਨ। ਖੇਤਾਂ ਦੇ ਵਾਰਸ ਤਾਂ ਮਿੱਟੀ ਨਾਲ ਮਿੱਟੀ ਹੋ ਕੇ ਕਦੇ ਨਾਂ ਮੁੜਨ ਵਾਲੇ ਰਾਹ ਪੈ ਗਏ। ਪਿੱਛੇ ਉਹਨਾਂ ਦੇ ਪ੍ਰੀਵਾਰ ਸੜਕਾਂ ਤੇ ਜਿੰਦਗੀ ਤਲਾਸ਼ ਰਹੇ ਹਨ। ਖੇਤੀ ਕਾਨੂੰਨਾਂ ਖਿਲਾਫ ਲੱਗੇ ਧਰਨਿਆਂ ਦੌਰਾਨ ਰੋਜਾਨਾਂ ਪੁੱਜਦੇ ਖੁਦਕਸ਼ੀ ਕਰਨ ਵਾਲੇ ਕਿਸਾਨਾਂ ਦੇ ਪ੍ਰੀਵਾਰ ਦਰਦ ਕਹਾਣੀਆਂ ਦਾ ਵਹਿਣ ਬਣਦੇ ਹਨ। ਇੱਕ ਪੜਤਾਲ ਅਨੁਸਾਰ ਹਰ ਮਾਮਲੇ ਦੀ ਵਿਆਖਿਆ ਇੱਕੋ ਜਿਹੀ ਅਤੇ ਹਰ ਕਿਸੇ ਦੀ ਕਹਾਣੀ ਸਲਫਾਸ,ਫਾਹਾ,ਰੇਲ ਦੀ ਪਟੜੀ ਜਾਂ ਸਪਰੇਅ ਤੋਂ ਸ਼ੁਰੂ ਹੁੰਦੀ ਅਤੇ ਖਤਮ ਹੁੰਦੀ ਆ ਰਹੀ ਹੈ। ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੇ ਆਗੂ ਜਸਬੀਰ ਸਿੰਘ ਬੁਰਜਸੇਮਾਂ ਦਾ ਕਹਿਣਾ ਸੀ ਕਿ ਪੰਜਾਬ ਦੇ ਹਜਾਰਾਂ ਹੀ ਬਨੇਰਿਆਂ ਤੇ ਦੁੱਖਾਂ ਦੇ ਦੀਵੇ ਬਲ ਰਹੇ ਹਨ ਜੋ ਹਕੂਮਤ ਨੂੰ ਦਿਖਾਈ ਨਹੀਂ ਦਿੰਦੇ ।
           ਰੋਟੀ ਦੀ ਚਿੰਤਾ ਵਾਲਿਆਂ ਦੀ ਕਾਹਦੀ ਦਿਵਾਲੀ
    ਜਮਹੂਰੀ ਅਧਿਕਾਰ ਸਭਾ ਦੇ ਸੂਬਾ ਸਕੱਤਰੇਤ ਮੈਂਬਰ ਡਾ ਅਜੀਤਪਾਲ ਸਿੰਘ ਦਾ ਕਹਿਣਾ ਸੀ ਕਿ ਖੁਸ਼ੀਆਂ ਮਨਾਉਣ ਦੀ ਗੱਲ ਤਾਂ ਦੂਰ ਵੱਡੀ ਗਿਣਤੀ ਮਜਦੂਰ ਪ੍ਰੀਵਾਰਾਂ ਨੂੰ ਤਾਂ ਰੋਟੀ ਦੇ ਲਾਲੇ ਪਏ ਹੋਏ ਹਨ। ਉਹਨਾਂ ਕਿਹਾ ਕਿ ਕਈ ਕਿਸਾਨ ਮਜਦੂਰ ਪ੍ਰੀਵਾਰ ਹਨ ਜਿਹਨਾਂ ਦੇ ਦੀਵੇ ਬਾਲਣ ਲਈ ਬਨੇਰੇ ਹੀ ਨਹੀਂ ਰਹੇ ਉਹ ਕਾਹਦੇ ਆਸਰੇ ਖੁਸ਼ੀ ਮਨਾਉਣਗੇ। ਉਹਨਾਂ ਕਿਹਾ ਕਿ ਖੁਦਕਸ਼ੀ ਪੀੜਤ ਕਿਸਾਨਾਂ ਮਜਦੂਰਾਂ ਦੇ ਘਰਾਂ ‘ਚ ਤਾਂ ਉਸ ਵਕਤ ਹੀ ਦੀਵੇ ਜਗਣਗੇ ਜਦੋਂ ਇਹਨਾਂ ਦੀ ਜਿੰਦਗੀ ਦੁੱਖਾਂ ਦੇ ਚੱਕਰਵਿਊ ਚੋਂ ਬਾਹਰ ਨਿਕਲੇਗੀ । ਉਹਨਾਂ ਕਿਸਾਨਾਂ ਮਜਦੂਰਾਂ ਨੂੰ ਸਿਆਸੀ ਧਿਰਾਂ ਤੋਂ ਝਾਕ ਛੱਡ ਕੇ ਸੰਘਰਸ਼ ਦੇ ਰਾਹ ਪੈਣ ਦਾ ਸੱਦਾ ਦਿੱਤਾ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!