3.4 C
United Kingdom
Sunday, March 8, 2026

More

    “ਆਪਣਾ ਸੰਗੀਤ” ਵਾਲੇ ਗਾਇਕ ਕੁਲਵੰਤ ਭੰਮਰਾ ਦਾ ਗੀਤ “ਦੀਵਾਲੀ” ਲੋਕ ਅਰਪਣ (ਵੀਡੀਓ)

    -ਤਿਉਹਾਰਾਂ, ਵਿਆਹ ਦੀਆਂ ਰਸਮਾਂ ਸੰਬੰਧੀ ਗਾਏ ਗੀਤਾਂ ਕਰਕੇ ਕੋਈ ਸਾਨੀ ਨਹੀਂ ਭੰਮਰਾ ਦਾ 
    ਗਲਾਸਗੋ/ ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ) ਬਰਤਾਨਵੀ ਪੰਜਾਬੀ ਸੰਗੀਤ ਜਗਤ ਵਿੱਚ ਅਨੇਕਾਂ ਹੀਰੇ ਕਲਾਕਾਰਾਂ ਨੇ ਆਪਣੀ ਵਰ੍ਹਿਆਂ ਦੀ ਘਾਲਣਾ ਰਾਹੀਂ ਬਣਦਾ ਸਰਦਾ ਯੋਗਦਾਨ ਪਾਇਆ ਹੈ। ਕੀਤੀ ਮਿਹਨਤ ਦਾ ਫਲ ਇਹ ਮਿਲਿਆ ਕਿ ਬਰਤਾਨੀਆ ‘ਚੋਂ ਉੱਠੀਆਂ ਧੁਨਾਂ ਵਿਸ਼ਵ ਦੇ ਕੋਨੇ ਕੋਨੇ ਵਿੱਚ ਧੁੰਮਾਂ ਪਾ ਗਈਆਂ। 1979-80 ਦੇ ਦੌਰ ਵਿੱਚ ਇੱਕ ਆਵਾਜ਼ ਬਰਤਾਨਵੀ ਫ਼ਿਜ਼ਾ ‘ਚ ਗੂੰਜੀ। ਭਲਵਾਨਾਂ ਵਰਗੇ ਜੁੱਸੇ ਦੇ ਮਾਲਕ, ਕਈ ਲੋਕ ਸਾਜ਼ਾਂ ਦੇ ਗਿਆਤਾ ਕੁਲਵੰਤ ਭੰਮਰਾ ਨੇ ਪੰਜਾਬੀ ਗਾਇਕੀ ਦੇ ਪਿੜ ‘ਚ ਸਾਥੀਆਂ ਨਾਲ ਮਿਲ ਕੇ ਪਹਿਲਾਂ ਵੱਖ ਵੱਖ ਸੰਗੀਤਕ ਗਰੁੱਪਾਂ ਰਾਹੀਂ ਆਪਣੀ ਕਲਾਤਮਿਕ ਹਾਜ਼ਰੀ ਲਗਵਾਈ। ਧੱਕੜ ਆਵਾਜ਼, ਕਲਮ ਨੂੰ ਹਲ ਵਾਂਗ ਵਾਹੁਣ ਵਾਲੇ ਭੰਮਰਾ ਦੇ ਲਿਖੇ ਗੀਤ ਗੂੰਜਣ ਲੱਗੇ। ਓਦੋਂ ਤੋਂ ਲੈ ਕੇ ਨਿਰੰਤਰ ਗਾਇਕੀ ਪਿੜ ‘ਚ ਪਹਿਲਵਾਨਾਂ ਵਾਂਗ ਪੈਰ ਗੱਡ ਕੇ ਖੜ੍ਹੇ ਕੁਲਵੰਤ ਭੰਮਰਾ ਆਪਣੇ ਨਵੇਂ ਗੀਤ “ਦੀਵਾਲੀ” ਰਾਹੀਂ ਹਾਜ਼ਰ ਹੋਏ ਹਨ। ਇਸ ਗੀਤ ਨੂੰ ਉਹਨਾਂ ਖੁਦ ਹੀ ਲਿਖਿਆ ਹੈ ਤੇ ਸੰਗੀਤਕ ਧੁਨਾਂ ਵਿੱਚ ਡਿਪਸ ਭੰਮਰਾ ਨੇ ਪ੍ਰੋਇਆ ਹੈ। ਗੀਤ ਦਾ ਫਿਲਮਾਂਕਣ ਭਾਰਤ ਵਿੱਚ ਸ਼ੰਕਰ ਦੇਵਾ ਤੇ ਇੰਗਲੈਂਡ ਵਿੱਚ ਬਿਲ ਕੂਨਰ (ਬਿਲ ਮੀਡੀਆ) ਨੇ ਕੀਤਾ ਹੈ। ਇਸ ਪ੍ਰਤੀਨਿਧ ਨਾਲ ਗੱਲਬਾਤ ਕਰਦਿਆਂ ਗਾਇਕ ਕੁਲਵੰਤ ਭੰਮਰਾ ਨੇ ਕਿਹਾ ਕਿ ਤਿੱਥ ਤਿਉਹਾਰ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜੀ ਰੱਖਦੇ ਹਨ। ਬਤੌਰ ਗਾਇਕ ਤੇ ਗੀਤਕਾਰ ਉਹਨਾਂ ਦਾ ਫਰਜ਼ ਹੈ ਕਿ ਉਹ ਇਹਨਾਂ ਖੁਸ਼ੀ ਭਰੇ ਮੌਕਿਆਂ ਨੂੰ ਆਪਣੇ ਕੰਠ ਦਾ ਸ਼ਿੰਗਾਰ ਬਨਾਉਣ। ਉਹਨਾਂ ਦੇ ਦੀਵਾਲੀ ਮੌਕੇ ਲੋਕ ਅਰਪਣ ਹੋਏ ਗੀਤ “ਦੀਵਾਲੀ” ਸੰਬੰਧੀ ਗੁਰੂ ਨਾਨਕ ਸਿੱਖ ਟੈਂਪਲ ਗਲਾਸਗੋ ਦੇ ਮੀਤ ਪ੍ਰਧਾਨ ਜਸਵੀਰ ਜੱਸੀ ਭੰਮਰਾ (ਗਲਾਸਗੋ), ਉਹਨਾਂ ਦੇ ਸਮਕਾਲੀ ਗਾਇਕ ਤੇ ਸਾਥੀ ਸਰਦਾਰਾ ਗਿੱਲ, ਪ੍ਰੇਮੀ ਜੌਹਲ਼, ਜੱਸੀ ਪ੍ਰੇਮੀ, ਪਲਵਿੰਦਰ ਧਾਮੀ, ਕੁਮਾਰ ਹੀਰਾ, ਬਲਵਿੰਦਰ ਸਫ਼ਰੀ, ਸ਼ਿਨ ਡੀ.ਸੀ.ਐੱੱਸ. ਵੱਲੋਂ ਹਾਰਦਿਕ ਵਧਾਈ ਪੇੇਸ਼ ਕੀਤੀ ਗਈ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!