ਅਸ਼ੋਕ ਵਰਮਾ
ਮਾਨਸਾ,2ਨਵੰਬਰ2020: ਕੇਂਦਰ ਦੇ ਕਿਸਾਨ ਵਿਰੋਧੀ ਰਵੱਈਏ ਕਾਰਨ ਮਾਲ ਗੱਡੀਆਂ ਨਾ ਚੱਲਣ ਕਰਕੇ ਆਮ ਲੋਕਾਂ ਅਤੇ ਆਪਣੇ ਹੱਕਾਂ ਲਈ ਜੂਝ ਰਹੇ ਕਿਸਾਨਾਂ ਸਮੇਤ ਹੋਰ ਵਰਗਾਂ ਦੀਆਂ ਮੁਸ਼ਕਲਾਂ ਵਿੱਚ ਵਾਧਾ ਹੋਇਆ ਹੈ। ਕੋਲੇ ਦੀ ਸਪਲਾਈ ਨਾ ਹੋਣ ਕਾਰਨ ਜਿੱਥੇ ਬਿਜਲੀ ਸੰਕਟ ਪੈਦਾ ਹੋਣ ਦੀ ਸੰਭਾਵਨਾ ਹੈ, ੳੁੱਥੇ ਸੂਬੇ ਵਿਚ ਬਾਰਦਾਨੇ ਦੀ ਕਮੀ ਕਾਰਨ ਵੀ ਝੋਨੇ ਦੀ ਖਰੀਦ ਪ੍ਰਭਾਵਿਤ ਹੋਣ ਲੱਗੀ ਹੈ। ਜਿਲ੍ਹਾ ਪ੍ਰਰੀਸ਼ਦ ਮਾਨਸਾ ਦੇ ਚੇਅਰਮੈਨ ਬਿਕਰਮ ਸਿੰਘ ਮੋਫਰ ਨੇ ਆਖਿਆ ਕਿ ਉਹਨਾਂ ਨੂੰ ਮਿਲੀ ਪ੍ਰਾਪਤ ਜਾਣਕਾਰੀ ਮੁਤਾਬਕ 22.05 ਕਰੋੜ ਬੋਰੀਆਂ ਮਾਲ ਗੱਡੀਆਂ ਨਾ ਚੱਲਣ ਕਾਰਨ ਦਿੱਲੀ ਅਤੇ ਮੁਰਾਦਾਬਾਦ ਵਿਖੇ ਪਈਆਂ ਹਨ ਜਿਹਨਾਂ ਕਰਕੇ ਪੰਜਾਬ ਦਾ ਕਿਸਾਨ ਮੰਡੀਆਂ ਵਿੱਚ ਰੁਲਣ ਲਈ ਮਜਬੂਰ ਹੈ। ਉਹਨਾਂ ਕਿਹਾ ਕਿ ਇਸ ਦੇ ਨਾਲ ਹੀ ਕੱਚਾ ਮਾਲ ਨਾ ਆਉਣ ਕਾਰਨ ਸਨਅਤੀ ਖੇਤਰ ਵੀ ਪ੍ਰਭਾਵਿਤ ਹੋ ਰਿਹਾ ਹੈ ਤੇ ਸੂਬੇ ਵਿੱਚ ਆਰਥਿਕ ਸੰਕਟ ਹੋਰ ਗੰਭੀਰ ਹੋਣ ਦਾ ਖਦਸ਼ਾ ਵੀ ਬਣ ਗਿਆ ਹੈ। ਸ੍ਰੀ ਮੋਫਰ ਨੇ ਕਿਹਾ ਕਿ ਕੇਂਦਰ ਦੇ ਰਵੱਈਏ ਕਾਰਨ ਬਾਰਦਾਨਾ ਪੰਜਾਬ ਨਹੀਂ ਪੁੱਜ ਰਿਹਾ ਹੈ ਤੇ ਕਿਸਾਨ ਖੱਜਲ ਖੁਆਰ ਹੋ ਰਹੇ ਹਨ। ਉਹਨਾਂ ਦੱਸਿਆ ਕਿ ਖਾਦ ਦੀ ਸਪਲਾਈ ਵੀ ਮਾਲ ਗੱਡੀਆਂ ‘ਤੇ ਨਿਰਭਰ ਹੋਣ ਕਾਰਨ, ਯੂਰੀਆ ਅਤੇ ਡੀਏਪੀ ਦਾ ਸੰਕਟ ਬਣਨ ਦੇ ਆਸਾਰ ਬਣ ਗਏ ਹਨ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਕਿਸਾਨ ਜਥੇਬੰਦੀਆਂ ਵੱਲੋਂ ਜ਼ਰੂਰੀ ਵਸਤਾਂ ਦੀ ਢੋਆ-ਢੁਆਈ ਲਈ ਰੇਲਵੇ ਟ੍ਰੈਕ ਖਾਲੀ ਕਰਨ ਤੋਂ ਬਾਅਦ ਕੇਂਦਰ ਵੱਲੋਂ ਰੇਲਵੇ ਟਰੈਕਾਂ ਦੀ ਸੁਰੱਖਿਆ ਦੀ ਸ਼ਰਤ ਲਾ ਕੇ ਮਾਲ ਗੱਡੀਆਂ ਦੀ ਪੰਜਾਬ ‘ਚ ਆਵਾਜਾਈ ਰੋਕ ਦਿੱਤੀ ਗਈ ਹੈ, ਜਿਸ ਦਾ ਖਮਿਆਜ਼ਾ ਕਿਸਾਨਾਂ, ਵਪਾਰੀਆਂ, ਸਨਅਤਕਾਰਾਂ ਅਤੇ ਹੋਰ ਰੇਲ ਟ੍ਰਾਂਸਪੋਰਟ ਨਾਲ ਜੁੜੇ ਵਰਗਾਂ ਨੂੰ ਭੁਗਤਣਾ ਪੈ ਰਿਹਾ ਹੈ।