9.8 C
United Kingdom
Monday, June 8, 2026

More

    ਅਕਾਲੀ ਦਲ ਵੱਲੋਂ ਮਿੱਟੀ ’ਚ ਆਟਾ ਦੱਬਣ ਦੇ ਮਾਮਲੇ ਦੀ ਜਾਂਚ ਦੀ ਮੰਗ

    ਅਸ਼ੋਕ ਵਰਮਾ
    ਬਠਿੰਡਾ, 29 ਅਕਤੂਬਰ2020: ਅਕਾਲੀ ਦਲ ਨੇ ਮੰਗਲਵਾਰ ਦੇਰ ਸ਼ਾਮ ਨੂੰ ਨਗਰ ਨਿਗਮ ਦੇ ਇੱਕ ਐਕਸੀਅਨ ਦੀ ਅਗਵਾਈ ਹੇਠ ਜੌਗਰ ਪਾਰਕ ’ਚ ਟੋਆ ਪੱਟ ਕੇ ਆਟਾ ਦੱਬਣ ਦੇ ਮਾਮਲੇ ਦੀ ਉੱਚ ਪੱਧਰੀ ਜਾਂਚ ਦੀ ਮੰਗ ਕੀਤੀ ਹੈ। ਅੱਜ ਇਸੇ ਮਾਮਲੇ ’ਚ ਤਿੰਨ ਅਕਾਲੀ ਆਗੂਆਂ ਜਿਹਨਾਂ ’ਚ ਇੱਕ ਸਾਬਕਾ ਕੌਂਸਲਰ ਵੀ ਸ਼ਾਮਲ ਹੈ ਖਿਲਾਫ ਮੇਅਰ ਹਾਊਸ ’ਚ ਧੱਕੇ ਨਾਲ ਦਾਖਲ ਹੋਣ ਨੂੰ ਲੈਕੇ ਦਰਜ ਕੀਤੇ ਪੁਲਿਸ ਕੇਸ ਨੂੰ ਲੈਕੈ ਅਕਾਲੀ ਲੀਡਰਾਂ ਨੇ ਤਿੱਖੀ ਪ੍ਰਤੀਕਿਰਿਆ ਪਰਗਟ ਕਰਦਿਆਂ ਵਿੱਤ ਮੰਤਰੀ ਦੇ ਰਿਸ਼ਤੇਦਾਰ ਨੂੰ ਨਿਸ਼ਾਨਾ ਬਣਾਇਆ। ਅੱਜ ਕਿਸਾਨ ਵਿੰਗ ਦੇ ਪ੍ਰਧਾਨ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਅਤੇ ਸਬਕਾ ਅਕਾਲੀ ਵਿਧਾਇਕ ਸਰੂਪ ਚੰਦ ਸਿੰਗਲਾ ਨੇ ਇਸ ਨੂੰ ਡਰਾਉਣ ਦੀ ਰਾਜਨੀਤੀ ਦੱਸਿਆ ਹੈ। ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਅਸਲ ’ਚ ਅਕਾਲੀ ਦਲ ਨੇ ਜਨਤਕ ਤੌਰ ਤੇ ਇਸ ਮਾਮਲੇ ਨੂੰ ਸਾਹਮਣੇ ਲਿਆ ਕੇ ਆਪਣਾ ਫਰਜ਼ ਨਿਭਾਇਆ ਹੈ ਪਰ ਉਹਨਾਂ ਦੀ ਪਾਰਟੀ ਦੇ ਆਗੂਆਂ ਤੇ ਦਹਿਸ਼ਤ ਪਾਉਣ ਲਈ ਕੇਸ ਦਰਜ ਕਰਵਾ ਦਿੱਤਾ ਗਿਆ।
                                   ਉਹਨਾਂ ਕਿਹਾ ਕਿ ਬਹੁਤ ਹੀ ਸ਼ਰਮਨਾਕ ਅਤੇ ਮੰਦਭਾਗੀ ਗੱਲ ਹੈ ਕਿ ਲਾਕਡਾਉਨ ਦੌਰਾਨ ਕੇਦਰ ਸਰਕਾਰ, ਦਾਨੀ ਸੱਜਣਾਂ ਅਤੇ ਸਮਾਜਸੇਵੀ ਜੱਥੇਬੰਦੀਆਂ ਵੱਲੋਂ ਗਰੀਬ ਲੋਕਾਂ ਦੀ ਮੱਦਦ ਲਈ ਇਕੱਠੇ ਕੀਤੇ ਰਾਸ਼ਨ ਨੂੰ ਗਰੀਬਾਂ ਵਿੱਚ ਵੰਡਣ ਦੀ ਬਜਾਏ ਕਾਂਗਰਸੀ ਆਗੂਆਂ ਦੇ ਕਥਿਤ ਇਸ਼ਾਰੇ ਤੇ ਰੋਜ਼ ਗਾਰਡਨ ਕੋਲ ਨਗਰ ਨਿਗਮ ਦੀ ਕਲੋਨੀ ਵਿੱਚ ਸਥਿਤ ਮੇਅਰ ਦੀ ਸਰਕਾਰੀ ਰਿਹਾਇਸ਼ ਵਿੱਚ ਜਮਾਂ ਕੀਤਾ ਗਿਆ । ਉਹਨਾਂ ਖਦਸ਼ਾ ਜਤਾਇਆ ਕਿ ਨਗਰ ਨਿਗਮ ਦੀਆਂ ਚੋਣਾਂ ਵਿੱਚ ਕਾਂਗਰਸ ਆਗੂਆਂ ਨੇ ਆਪਣਾ ਰਾਸ਼ਨ ਕਹਿ ਕੇ ਵੰਡਣਾਂ ਸੀ ਪਰੰਤੂ ਜਿਆਦਾ ਸਮਾਂ ਪਿਆ ਹੋਣ ਕਾਰਨ ਇਹ ਖਰਾਬ ਹੋ ਗਿਆ। ਉਹਨਾਂ ਕਿਹਾ ਕਿ ਇਸ ਰਾਸ਼ਨ ਨੂੰ ਜੌਗਰ ਪਾਰਕ ਵਿੱਚ ਟੋਆ ਪੁੱਟ ਕੇ ਦੱਬਣ ਦੀ ਜਦੋ ਕੋਸ਼ਿਸ਼ ਕੀਤੀ ਜਾ ਰਹੀ ਸੀ ਤਾਂ ਮੀਡੀਆ ਨੇ ਇਸਦਾ ਭਾਂਡਾ ਭੰਨ ਦਿੱਤਾ । ਉਹਨਾਂ ਕਿਹਾ ਕਿ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਨਿਤਾਰਨ ਲਈ ਸਾਂਝੀ ਕਮੇਟੀ ਬਣਾ ਕੇ ਇਸ ਮਾਮਲੇ ਦੀ ਜਾਂਚ ਕਰਾਉਣੀ ਚਾਹੀਦੀ ਹੈ।
                           ਉਹਨਾਂ ਆਖਿਆ ਕਿ ਪੜਤਾਲ ਉਪਰੰਤ ਜੋ ਵੀ ਤੱਥ ਸਾਹਮਣੇ ਆਉਣ ਉਹਨਾਂ ਦੇ ਅਧਾਰ ਤੇ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਕੀਤੀ ਜਾਏ। ਆਗੂਆਂ ਨੇ ਦੋਸ਼ ਲਾਇਆ ਕਿ  ਕਾਂਗਰਸ  ਨੇ ਗਰੀਬਾਂ ਦੇ ਰਾਸ਼ਨ ਨੂੰ ਕਬਜ਼ੇ ਵਿਚ ਲੈ ਕੇ ਪ੍ਰਸ਼ਾਸ਼ਨ ਨੂੰ ਵੀ ਬੇਵਸ ਕਰ ਦਿੱਤਾ ਜਿਸ ਕਰਕੇ ਇਹ ਕਥਿਤ ਘਪਲਾ ਹੋਇਆ ਹੈ। ਉਹਨਾਂ ਕਿਹਾ ਕਿ ਸਾਬਕਾ ਕੌਂਸਲਰ ਨਿਰਮਲ ਸਿੰਘ ਸੰਧੂ ਮਾਨਸਾ ਵਿਚ ਸਨ ਫਿਰ ਵੀ ਉਹਨਾਂ ਖਿਲਾਫ ਕੇਸ ਦਰਜ ਕਰਵਾ ਦਿੱਤਾ ।  ਇਸ ਨੂੰ ਬਠਿੰਡਾ ਵਿੱਚ ਪਰਚਿਆਂ ਨਾਲ ਦਹਿਸ਼ ਪਾਉਣ ਦੀ ਸਿਆਸਤ ਕਰਾਰ ਦਿੰਦਿਆਂ ਅਕਾਲੀ ਆਗੂਆਂ ਨੇ ਕਿਹਾ ਕਿ ਅਕਾਲੀ ਵਰਕਰ ਡਰਨਗੇ ਨਹੀਂ ਬਲਕਿ ਕਾਂਗਰਸ ਦੀਆਂ ਵਧੀਕੀਆਂ ਦਾ ਨਿਡਰਤਾ ਨਾਲ ਸਾਹਮਣਾ ਕੀਤਾ ਜਾਏਗਾ। ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਬੁਖਲਾਹਟ ’ਚ ਆ ਗਈ ਹੈ ਜਿਸ ਕਰਕੇ ਪਾਰਟੀ ਵਰਕਰਾਂ ਖਿਲਾਫ ਗੈਰਕਾਨੂੰਨੀ ਹੱਥਕੰਡਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ।
                                    ਉਹਨਾਂ ਕਿਹਾ ਕਿ ਜੇਕਰ ਚਮਕੌਰ ਮਾਨ ਨਿਰਮਲ ਸਿੰਘ ਸੰਧੂ ਅਤੇ ਰਾਜਦੀਪ ਸਿੰਘ ਤੇ ਦਰਜ ਕੇਸ ਰੱਦ ਨਾਂ ਕੀਤਾ ਤਾਂ ਨਗਰ ਨਿਗਮ ਦਫ਼ਤਰ ਦਾ ਘਿਰਾਓ ਕੀਤਾ ਜਾਵੇਗਾ ਜਿਸ ਤੋਂ ਨਿੱਕਲਣ ਵਾਲੇ ਸਿੱਟਿਆਂ ਦੀ ਜ਼ਿੰਮੇਵਾਰੀ ਅਧਿਕਾਰੀਆਂ ਦੀ ਹੋਵੇਗੀ।  ਸਰੂਪ ਚੰਦ ਸਿੰਗਲਾ ਨੇ ਦੋਸ਼ ਲਾਏ ਕਿ ਅਸਲ ’ਚ ਇਸ ਮਾਮਲੇ ਦਾ ਸੂਤਰਧਾਰ ਜੈਜੀਤ ਸਿੰਘ ਜੌਹਲ ਉਰਫ ਜੋਜੋ ਹੈ ਜਿਸ ਦੇ ਕਥਿਤ ਇਸ਼ਾਰੇ ਤੇ ਕੇਂਦਰ ਸਰਕਾਰ ਤੋਂ ਆਏ ਰਾਸ਼ਨ ਵਿੱਚ ਵੀ ਵੱਡੇ ਪੱਧਰ ਤੇ ਘਪਲੇਬਾਜ਼ੀ ਕੀਤੀ ਗਈ ਹੈ। ਉਹਨਾਂ  ਕਿਹਾ ਕਿ ਗਰੀਬਾਂ ਨੇ ਕਰੋਨਾ ਕਰਫਿਊ ਦੌਰਾਨ ਰੋਟੀ ਖਾਣ ਲਈ ਪੁਲੀਸ ਦੀਆਂ ਡਾਂਗਾਂ ਵੀ ਖਾਧੀਆਂ ਪ੍ਰੰਤੂ ਰਾਸ਼ਨ ਨਹੀਂ ਮਿਲਿਆ ਜੋ ਹੁਣ ਖਰਾਬ ਦੱਸਿਆ ਜਾ ਰਿਹਾ ਹੈ। ਉਹਨਾਂ ਕਿਹਾ ਕਿ ਇਸ ਮਾਮਲੇ ’ਚ  ਜੈਜੀਤ ਸਿੰਘ ਜੌਹਲ ਅਤੇ ਇਸ ਲਈ ਜ਼ਿੰਮੇਵਾਰ ਅਧਿਕਾਰੀਆਂ ਖ਼ਿਲਾਫ਼ ਕੇਸ ਦਰਜ  ਕੀਤਾ ਜਾਣਾ ਚਾਹੀਦਾ ਹੈ।

                   ਮੇਰਾ ਕੋਈ ਲੈਣਾ ਦੇਣਾ ਨਹੀਂ :ਜੌਹਲ
    ਵਿੱਤ ਮੰਤਰੀ ਦੇ ਰਿਸ਼ਤੇਦਾਰ ਜੈਜੀਤ ਸਿੰਘ ਜੌਹਲ ਦਾ ਕਹਿਣਾ ਸੀ ਕਿ ਇਹ ਸਮਾਜਸੇਵੀ ਸੰਸਥਾਵਾਂ ਵੱਲੋਂ ਇਕੱਠਾ ਕੀਤਾ ਗਿਆ ਰਾਸ਼ਨ ਸੀ ਜੋ ਖਰਾਬ ਹੋ ਗਿਆ ਜਿਸ ਨਾਲ ਉਹਨਾਂ ਦਾ ਕੋਈ ਲੈਣਾ ਦੇਣਾ ਨਹੀਂ ਹੈ। ਉਹਨਾਂ ਕਿਹਾ ਕਿ ਅਕਾਲੀ ਦਲ ਨੂੰ ਇਸ ਮਾਮਲੇ ’ਚ ਸਬੂਤ ਪੇਸ਼ ਕਰਨਾ ਚਾਹੀਦਾ ਹੈ। ਉਹਨਾਂ ਆਪਣੇ ਤੇ ਲਾਏ ਦੋਸ਼ਾਂ ਨੂੰ ਬੇਬੁਨਿਆਦ ਕਰਾਰ ਦਿੱਤਾ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!