3.1 C
United Kingdom
Sunday, March 8, 2026

More

    ਪੁਤਲੇ ਫੂਕ ਮੁਜਾਹਰਿਆਂ ਮੌਕੇ ਰੇਲ ਲਾਈਨਾਂ ਤੇ ਧਰਨੇ ਜਾਰੀ ਰੱਖਣ ਦਾ ਐਲਾਨ

    ਪੰਜ ਨਵੰਬਰ ਦੇ ਚੱਕਾ ਜਾਮ ’ਚ ਵੀ ਸ਼ਾਮਲ ਹੋਵੇਗੀ ਜੱਥੇਬੰਦੀ
    ਅਸ਼ੋਕ ਵਰਮਾ
      ਚੰਡੀਗੜ੍ਹ,25 ਅਕਤੂਬਰ2020: ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਸੱਦੇ ‘ਤੇ ਕਿਸਾਨ ਤੇ ਲੋਕ ਵਿਰੋਧੀ ਖੇਤੀ ਕਾਨੂੰਨਾਂ ਖਿਲਾਫ ਅੱਜ ਦੁਸ਼ਹਿਰੇ ਦੇ ਮੌਕੇ  ਕਾਰਪੋਰੇਟਰਾਂ, ਸਾਮਰਾਜੀਆਂ ਤੇ ਨਰਿੰਦਰ ਮੋਦੀ ਦੀ ਤਿੱਕੜੀ ਦੇ ਦਿਓ ਕੱਦ ਪੁਤਲੇ ਫੂਕਣ ਸਮੇਂ  ਜੱਥੇਬੰਦੀ ਨੇ ਪ੍ਰਾਈਵੇਟ ਥਰਮਲਾਂ ਨੂੰ ਕੋਇਲੇ ਦੀ ਸਪਲਾਈ ਰੋਕਣ ਲਈ ਰੇਲ ਲਾਈਨਾਂ ਤੇ ਧਰਨੇ ਜਾਰੀ ਰੱਖਣ ਦਾ ਐਲਾਨ ਕੀਤਾ ਹੈ। ਯੂਨੀਅਨ ਨੇ 5 ਨਵੰਬਰ ਨੂੰ ਦੇਸ਼ ਵਿਆਪੀ ਚੱਕਾ ਜਾਮ ਦੇ ਸੱਦੇ ਨੂੰ  ਲਾਗੂ ਕਰਨ ਲਈ ਮੁਲਕ ਦੀਆਂ 250 ਕਿਸਾਨ ਜੱਥੇਬੰਦੀਆਂ ਵੱਲੋਂ 27 ਅਕਤੂਬਰ ਨੂੰ ਦਿੱਲੀ ਚ ਕੀਤੀ ਜਾ ਰਹੀ ਮੀਟਿੰਗ ’ਚ ਵੀ ਦਰਸ਼ਕ ਵਜੋਂ ਸ਼ਾਮਲ ਹੋਣ ਦਾ ਫੈਸਲਾ ਲਿਆ ਹੈ। ਕਿਸਾਨ ਯੂਨੀਅਨ ਨੇ ਕਿਹਾ ਕਿ ਮੋਦੀ ਸਰਕਾਰ ਵੱਲੋਂ ਲਿਆਂਦੇ ਕਾਲੇ ਕਾਨੂੰਨਾਂ ਖਿਲਾਫ ਪੰਜ ਨਵੰਬਰ ਦੇ ਬੰਦ ਨੂੰ ਸਫਲ ਬਨਾਉਣ ਲਈ ਆਪਣੇ ਤੌਰ ਤੇ ਐਕਸ਼ਨ ਕਰਨ ਦੀ ਰੂਪ ਰੇਖਾ ਉਲੀਕੇਗੀ। ਇਸ ਮੌਕੇ ਇਹ ਵੀ ਫੈਸਲਾ ਕੀਤਾ ਗਿਆ ਕਿ ਚਾਹੇ ਜਿੰਨੀਆਂ ਮਰਜੀ ਕੁਰਬਾਨੀਆਂ ਕਰਨੀਆਂ ਪੈਣ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਹੀ ਪਿੱਛੇ ਹਟਿਆ ਜਾਏਗਾ।
                                  ਅੱਜ ਦੇ ਰੋਸ ਪ੍ਰੋਗਰਾਮਾਂ ਨੂੰ ਸੰਬੋਧਨ ਕਰਦਿਆਂ ਬੀ.ਕੇ.ਯੂ.( ਏਕਤਾ ਉਗਰਾਹਾਂ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ,ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਝੰਡਾ ਸਿੰਘ ਜੇਠੂਕੇ,ਹਰਿੰਦਰ ਕੌਰ ਬਿੰਦੂ, ਅਤੇ ਸ਼ਿੰਗਾਰਾ ਸਿੰਘ ਮਾਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਕਿਸਾਨੀ ਘੋਲ ਨੂੰ ਕਦੇ ਵਿਰੋਧੀ ਸਿਆਸੀ ਪਾਰਟੀਆਂ ਤੇ ਕਦੇ ਵਿਚੋਲਿਆਂ ਦਾ ਸੰਘਰਸ਼ ਦੱਸਣ ਵਾਲੀ ਬਿਆਨਬਾਜੀ ਨੂੰ ਘਟੀਆ,ਹੋਛੀ ਤੇ ਗੈਰ ਜਿੰਮੇਵਾਰ ਕਰਾਰ ਦਿੰਦਿਆਂ ਆਖਿਆ ਕਿ ਪ੍ਰਧਾਨ ਮੰਤਰੀ ਦੀਆਂ ਅੱਖਾਂ ਚ ਉੱਤਰਿਆ ਕਾਰਪੋਰੇਟੀ ਮੋਤੀਆ ਉਹਨਾਂ ਨੂੰ ਕਿਸਾਨ ਦਿਸਣ ਹੀ ਨਹੀਂ ਦੇ ਰਿਹਾ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੇਸ਼ ਦੀ ਰੀੜ੍ਹ ਹੱਡੀ ਖੇਤੀ ਖੇਤਰ ਨੂੰ ਅੰਡਾਨੀਆ,ਅੰਬਾਨੀਆ ਅਤੇ ਵਿਦੇਸ਼ੀ ਕੰਪਨੀਆਂ ਹਵਾਲੇ ਕਰਕੇ ਕਿਸਾਨੀ ਨੂੰ ਉਜਾੜਨ ਤੇ ਤੁਲੀ ਹੋਈ ਹੈ। ਉਹਨਾਂ ਆਖਿਆ ਕਿ ਮੋਦੀ ਹਕੂਮਤ ਵਲੋਂ ਪਾਸ ਕੀਤੇ ਖੇਤੀ ਵਿਰੋਧੀ ਕਾਨੂੰਨ ਕਿਸਾਨਾਂ ਦੀ ਮੌਤ ਦੇ ਵਾਰੰਟ ਹੋਣ ਦੇ ਨਾਲ ਨਾਲ-ਨਾਲ ਜਨਤਕ ਵੰਡ ਪ੍ਰਣਾਲੀ ਦਾ ਭੋਗ ਪਾਉਣ ਰਾਹੀਂ ਪੇਂਡੂ ਤੇ ਸ਼ਹਿਰੀ ਗਰੀਬਾਂ ਨੂੰ ਭੁੱਖਮਰੀ ਦੇ ਜਬਾੜ੍ਹਿਆਂ ’ਚ ਤੁੰਨਣ ਵਾਲੇ ਹਨ ਜਿਹਨਾਂ ਨੂੰ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਹੈ।
                        ਇਹਨਾਂ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਥੇਬੰਦੀ ਦੇ ਸੂਬਾ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ , ਪੰਜਾਬ ਖੇਤ ਮਜਦੂਰ ਯੂਨੀਅਨ ਦੇ ਜਨਰਲ ਸਕੱਤਰ ਲਛਮਣ ਸਿੰਘ ਸੇਵੇਵਾਲਾ,ਡੀ.ਟੀ.ਐਫ.ਦੇ  ਸੂਬਾ ਪ੍ਰਧਾਨ ਦਿਗਵਿਜੇ ਪਾਲ ਸ਼ਰਮਾ,ਜਮਾਤੇ ਇਸਲਾਮੀ ਪੰਜਾਬ ਹਰਿਆਣਾ ਦੇ ਪ੍ਰਧਾਨ ਅਬਦੁੱਲ ਸ਼ਕੂਰ ,ਪਲਸ ਮੰਚ ਦੇ ਪ੍ਰਧਾਨ ਅਮੋਲਕ ਸਿੰਘ, ਵਿਦਿਆਰਥੀ ਆਗੂ ਹੁਸ਼ਿਆਰ ਸਿੰਘ, ਰਾਜਸਥਾਨ ਦੇਕਿਸਾਨ ਆਗੂ  ਕੁਲਵਿੰਦਰ ਸਿੰਘ ਹਰੀਪੁਰਾ ਤੇ ਅਨਮੋਲ ਸਿੰਘ ਦੇਸੂ ਯੋਧਾ ਨੇ  ਦੋਸ਼ ਲਾਇਆ ਕਿ ਮੋਦੀ ਸਰਕਾਰ  ਅੰਡਾਨੀਆਂ ਅੰਬਾਨੀਆਂ ਤੇ ਸਾਮਰਾਜੀਆਂ ਦੇ ਮੋਟੇ ਮੁਨਾਫਿਆਂ ਦੀ ਗਰੰਟੀ ਖਾਤਰ  ਮੁਲਕ ਦੇ ਸਭ ਅਮੀਰ ਕੁਦਰਤੀ ਸ੍ਰੋਤ ਉਹਨਾਂ ਹਵਾਲੇ ਕਰਕੇ ਦੇਸ਼ ਵਾਸੀਆਂ ਨਾਲ ਧ੍ਰੋਹ ਕਮਾ ਰਹੀ ਹੈ। ਉਹਨਾਂ ਆਖਿਆ ਕਿ ਮੋਦੀ ਸਰਕਾਰ ਦੇ  ਇਹਨਾਂ ਕਾਨੂੰਨਾਂ ਸਦਕਾ ਦੁਕਾਨਦਾਰਾਂ, ਵਪਾਰੀਆਂ ,ਛੋਟੇ ਕਾਰੋਬਾਰੀਆਂ, ਆੜਤੀਆਂ ਤੇ ਮੁਲਾਜਮਾਂ ਦੇ ਉੱਪਰ ਪੈਣ ਵਾਲੇ ਮਾਰੂ ਅਸਰਾਂ ਦੀ ਬਦੌਲਤ ਹੀ ਅੱਜ ਹਰ ਵਰਗ ਦੇ ਲੋਕਾਂ ਵੱਲੋਂ ਕਿਸਾਨ ਘੋਲ ਨੂੰ ਜਬਰਦਸਤ ਹੁੰਗਾਰਾ ਮਿਲਿਆ ਹੈ।
               ਆਗੂਆਂ ਨੇ ਦੇਸ਼ ਦੇ ਹਕੀਕੀ ਵਿਕਾਸ ਲਈ ਤਿੰਨੇ ਖੇਤੀ ਕਾਨੂੰਨ ਤੇ ਬਿਜਲੀ ਸੋਧ ਬਿੱਲ 2020 ਰੱਦ , ਜਨਤਕ ਵੰਡ ਪ੍ਰਣਾਲੀ ਨੂੰ ਮਜਬੂਤ, ਫਸਲਾਂ ਦੀ ਸਵਾਮੀਨਾਥਨ ਫਾਰਮੂਲੇ ਤਹਿਤ ਸਰਕਾਰੀ ਖਰੀਦ ਦੀ ਗਰੰਟੀ, ਖੇਤੀ ਜਿਣਸਾਂ ਦੇ ਵਪਾਰ ਚ ਬਹੁਕੌਮੀ ਕੰਪਨੀਆਂ ਨੂੰ ਦਿੱਤੀ ਖੁੱਲ੍ਹ ਖਤਮ ਅਤੇ ਪ੍ਰਚੂਨ ਖੇਤਰ ਚ ਕੰਪਨੀਆਂ ਦਾ ਦਾਖਲਾ ਬੰਦ ਕਰਨ ਵਰਗੇ ਕਦਮ ਚੁੱਕਣ ਦੀ ਲੋੜ ਤੇ ਜੋਰ ਦਿੱਤਾ। ਅੱਜ ਦੇ ਰੋਸ ਪ੍ਰਦਰਸ਼ਨਾਂ ਨੂੰ ਜੋਰਾ ਸਿੰਘ ਨਸਰਾਲੀ ,ਅਸ਼ਵਨੀ ਘੁੱਦਾ,ਵਰਿੰਦਰ ਸਿੰਘ ਮੋਮੀ,ਹੁਸ਼ਿਆਰ ਸਿੰਘ ਸਲੇਮਗੜ , ਡਾ.ਮਨਜਿੰਦਰ ਸਰਾਂ, ਪਰਮਜੀਤ ਕੌਰ ਪਿੱਥੋ ਤੇ ਹਰਪ੍ਰੀਤ ਕੌਰ ਜੇਠੂਕੇ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਪੰਜਾਬ ਖੇਤ ਮਜਦੂਰ ਯੂਨੀਅਨ, ਠੇਕਾ ਮੁਲਾਜਮਾਂ, ਡੀ.ਟੀ.ਐਫ,ਟੀ.ਐਸ.ਯੂ. ਵਪਾਰ ਮੰਡਲ, ਆੜਤੀਆਂ ਐਸੋਸੀਏਸਨ, ਕਰਿਆਣਾ ਮਰਚੈਂਟਸ ਐਸੋਸੀਏਸ਼ਨ,ਪੀ.ਐਸ. ਯੂ.( ਸਹੀਦ ਰੰਧਾਵਾ)ਨੌਜਵਾਨ ਭਾਰਤ ਸਭਾ, ਜਮਾਤੇ ਇਸਲਾਮੀ,ਸਮੇਤ  ਦਰਜਨਾਂ ਜਨਤਕ ਜਥੇਬੰਦੀਆਂ, ਰੰਗਕਰਮੀਆਂ ਅਤੇ ਸਾਹਿਤਕਾਰਾਂ ਨੇ ਸ਼ਮੂਲੀਅਤ ਕੀਤੀ। ਪੰਜਾਬ ਲੋਕ ਸਭਿਆਚਾਰਕ ਮੰਚ ਤੇ ਹੋਰਨਾਂ ਲੋਕ ਪੱਖੀ ਨਾਟ, ਸੰਗੀਤ ਮੰਡਲੀਆਂ ਨੇ ਰੋਸ਼ ਪ੍ਰਦਰਸ਼ਨਾਂ ਵਿੱਚ ਨਾਟਕਾਂ, ਗੀਤਾਂ ਤੇ ਐਕਸ਼ਨ ਗੀਤਾਂ ਨਾਲ ਹਾਜਰੀ ਭਰ ਕੇ ਕਲਾ ਤੇ ਕਿਰਤ ਦੇ ਰਿਸ਼ਤੇ ਨੂੰ ਪੇਸ਼ ਕੀਤਾ।    
     
                                    ਇਹ ਵੀ ਰਿਹਾ ਰੋਸ ਪ੍ਰੋਗਰਾਮਾਂ ਦਾ ਪੱਖ
      ਪੰਜਾਬ  ਦੇ ਕਿਸਾਨਾਂ ਖੇਤ ਮਜਦੂਰਾਂ, ਔਰਤਾਂ, ਅਧਿਆਪਕਾਂ, ਬਿਜਲੀ ਕਾਮਿਆਂ, ਨੌਜਵਾਨਾਂ, ਰੰਗਕਰਮੀਆਂ, ਸਾਹਿਤਕਾਰਾਂ, ਕਲਾਕਾਰਾਂ, ਤਰਕਸ਼ੀਲਾਂ, ਸ਼ਹਿਰੀ ਲੋਕਾਂ ਤੇ ਮੁਸਲਿਮ ਭਾਈਚਾਰੇ ਤੋਂ ਇਲਾਵਾ ਹਰਿਆਣਾ ਤੇ ਰਾਜਸਥਾਨ ਦੇ ਕਿਸਾਨਾਂ ਮਜਦੂਰਾਂ ਸਮੇਤ ਦੋ ਲੱਖ ਦੇ ਕਰੀਬ ਲੋਕਾਂ ਨੇ ਸ਼ਮੂਲੀਅਤ ਕੀਤੀ । ਲਾਮਿਸਾਲ  ਇਕੱਠ ਅੰਤਰਰਾਜੀ ਏਕਤਾ ਦਾ ਪ੍ਰਤੀਕ ਹੋ ਨਿੱਬੜਿਆ। ਅੱਜ ਦੇ ਪ੍ਰਦਰਸ਼ਨ ਦੌਰਾਨ ਸੰਗਰੂਰ ਜਿਲੇ  ਚ ਮਲੇਰਕੋਟਲਾ ਵਿੱਚ ਮੁਸਲਿਮ ਭਾਈਚਾਰੇ ਦੇ ਹਜਾਰਾਂ ਮਰਦ ਔਰਤ ਵੀ ਸ਼ਾਮਲ ਹੋਏ।ਜਥੇਬੰਦੀ ਦੇ ਸੱਦੇ ‘ਤੇ ਅੱਜ ਬਠਿੰਡਾ, ਸੰਗਰੂਰ, ਮਾਨਸਾ, ਬਰਨਾਲਾ,ਮੋਗਾ, ਪਟਿਆਲਾ, ਸ੍ਰੀ ਮੁਕਤਸਰ ਸਾਹਿਬ, ਫਰੀਦਕੋਟ , ਅੰਮਿ੍ਰਤਸਰ, ਗੁਰਦਾਸਪੁਰ, ਜਲੰਧਰ, ਲੁਧਿਆਣਾ, ਫਿਰੋਜਪੁਰ ਤੇ ਫਾਜਲਿਕਾ ਦੇ ਸਹਿਰੀ ਕੇਂਦਰਾਂ ਚ ਕੀਤੇ ਗਏ। ਇਸੇ ਦੌਰਾਨ ਪੰਜਾਬ, ਹਰਿਆਣਾ ਤੇ ਰਾਜਸਥਾਨ ਦੀ ਹੱਦ ‘ਤੇ ਪੈਂਦੀ ਮੰਡੀ ਕਿੱਲਿਆਂਵਾਲੀ (ਡੱਬਵਾਲੀ )ਵਿਖੇ ਇਸ ਤਿੱਕੜੀ ਦੇ ਪੁਤਲੇ ਫੂਕ ਕੇ ਦੁਸ਼ਿਹਰਾ ਮਨਾਇਆ ਗਿਆ।    

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!