ਜਦੋਂ ਤੋਂ ਦੇਸ਼ (ਭਾਰਤ) ਅਜਾਦ ਹੋਇਆ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਜਿਸ ਵੀ ਸਿਆਸੀ ਪਾਰਟੀ ਦੀ ਸਰਕਾਰ ਬਣੀ ਉਸ ਦੇ ਲੀਡਰਾਂ ਨੇ ਪੰਜਾਬ ਨਾਲ ਹਮੇਸ਼ਾ ਮਤਰੇਈ ਮਾਂ ਵਾਲਾ ਸਲੂਕ ਹੀ ਕੀਤਾ। ਉਨ੍ਹਾਂ ਨੇ ਹਰ ਹੱਥ ਕੰਡਾ ਵਰਤਕੇ ਪੰਜਾਬ ਦੇ ਹੱਕਾਂ ਉਤੇ ਡਾਕਾ ਮਾਰਨ ਦੀ ਕੋਈ ਕਸਰ ਬਾਕੀ ਨਹੀਂ ਛੱਡੀ। ਪੰਜਾਬ ਦੇ ਸੱਚੇ ਸੁੱਚੇ ਤੇ ਮਿਹਨਤੀ ਲੋਕਾਂ ਨੇ ਵਿਸ਼ਵਾਸ ਕਰਕੇ ਜਿਹੜੇ ਵੀ ਲੋਕਾਂ ਨੂੰ ਪੰਜਾਬ, ਪੰਜਾਬੀ ਤੇ ਪੰਜਾਬੀਅਤ ਦੀ ਰਾਖੀ ਲਈ ਪੰਜਾਬ ਦੀ ਵਾਗਡੋਰ ਸੰਭਾਲੀ ਉਨ੍ਹਾਂ ਨੇ ਆਪਣੇ ਨਿੱਜੀ ਹਿੱਤਾਂ ਦੀ ਪੂਰਤੀ ਲਈ ਸਮੇਂ ਸਮੇਂ ਪੰਜਾਬ ਦੇ ਕੁਦਰਤੀ ਸੋਮਿਆਂ ਸਮੇਤ ਪੰਜਾਬੀਆਂ ਦੀ ਅਣਖ ਅਤੇ ਗੈਰਤ ਨੂੰ ਵੀ ਖਤਮ ਕਰਨ ਲਈ ਆਪਣਾ ਯੋਗਦਾਨ ਪਾਇਆ ਤੇ ਪੰਜਾਬ ਨੂੰ ਕੌਡੀਆਂ ਤੋਂ ਖੋਟਾ ਕਰਨ ਲਈ ਅਹਿਮ ਭੂਮਿਕਾ ਨਿਭਾਈ। ਜਿਹਨਾਂ ਨੇਤਾਵਾਂ ਨੂੰ ਪੰਜਾਬ ਦੇ ਲੋਕਾਂ ਨੇ ਤਾਕਤ ਦੇ ਕੇ ਪੰਜਾਬ ਦੀ ਖੁਸ਼ਹਾਲੀ ਲਈ ਅੱਗੇ ਲਿਆਂਦਾ ਉਨ੍ਹਾਂ ਨੇ ਪੰਜਾਬ ਦੇ ਹਿੱਤਾਂ ਦੀ ਬਲੀ ਦੇ ਕੇ ਆਪਣੀਆਂ ਤੇ ਆਪਣੇ ਹਤੈਸ਼ੀਆ ਦੀਆਂ ਤਿਜੌਰੀਆਂ ਭਰਨ ਨੂੰ ਤਰਜੀਹ ਦਿੱਤੀ। ਸਮੇਂ ਸਮੇਂ ਭੋਲੇ-ਭਾਲੇ ਲੋਕਾਂ ਨੂੰ ਝੂਠ ਬੋਲ ਕੇ ਧਰਮ ਦੇ ਨਾਂ ਤੇ ਵੱਡੇ-ਵੱਡੇ ਦਾਅਵੇ ਕਰਕੇ, ਮੋਰਚੇ ਲਾ ਕੇ ਪੰਜਾਬੀਆਂ ਦੀਆਂ ਹੱਕੀ ਮੰਗਾਂ ਨੂੰ ਮੰਨਵਾਉਣ ਦੀ ਬਜਾਏ ਅਜਿਹੀ ਦਲਦਲ ਵਿੱਚ ਸੁੱਟਿਆ ਜਿਨ੍ਹਾਂ ਲਈ ਹਜਾਰਾਂ ਕੁਰਬਾਨੀਆਂ ਦੇ ਕੇ ਵੀ ਅਸੀਂ ਪਹਿਲਾਂ ਵਾਲੀ ਪੁਜੀਸ਼ਨ ਵਿੱਚ ਨਹੀਂ ਆ ਸਕੇ।
ਸਾਡੇ ਪੁਰਖਿਆਂ ਨੇ ਸਾਨੂੰ ਮੁਜਾਰਿਆਂ ਤੋਂ ਮਾਲਕ ਬਣਾਇਆ ਸੀ। ਅੱਜ ਉਨ੍ਹਾਂ ਦੇ( ਆਪੂ ਬਣੇ) ਵਾਰਸ ਅਖਵਾਉਣ ਵਾਲੇ ਸਾਨੂੰ ਮੁੜ ਮੁਜਾਰੇ ਬਨਾਉਣ ਲਈ ਲੁਕ ਲੁਕ ਕੇ ਅੱਡੀ ਚੋਟੀ ਦਾ ਜੋਰ ਲਗਾ ਕੇ ਆਪਣੇ ਆਕਾ ਨੂੰ ਖੁਸ਼ ਕਰਨ ਲੱਗੇ ਹੋਏ ਹਨ। ਇਨ੍ਹਾਂ ਪੰਜਾਬ ਦੇ ਅਖੌਤੀ ਹਤੈਸ਼ੀਆ ਦੇ ਅਸੀਂ ਸਾਰੇ ਰੂਪ ਵੇਖ ਲਏ ਹਨ। ਇਹਨਾਂ ਸਾਰਿਆਂ ਨੇ ਪੰਜਾਬ ਨਾਲ ਵਫਾ ਨਿਭਾਉਣ ਦੀ ਬਜਾਏ ਗਦਾਰੀ ਹੀ ਕੀਤੀ ਹੈ। ਹੁਣ ਕੇਂਦਰ ਦੀ ਭਾਜਪਾ ਸਰਕਾਰ ਨੇ ਇਨ੍ਹਾਂ ਆਪਣੇ ਵਫਾਦਾਰਾਂ(ਸਮੂੰਹ ਸਿਆਸੀ ਪਾਰਟੀਆਂ) ਦੀ ਮਿਲੀਭੁਗਤ ਨਾਲ ਕਿਸਾਨ ਵਿਰੋਧੀ ਬਿੱਲ ਨੂੰ ਪਾਸ ਕੀਤਾ ਹੈ। ਜਿਸ ਦੇ ਖਿਲਾਫ ਗੈਰਤਮੰਦ ਕਿਸਾਨਾਂ, ਮਜ਼ਦੂਰਾਂ, ਆੜ੍ਹਤੀਆਂ, ਮੁਲਾਜ਼ਮਾਂ, ਵਕੀਲਾਂ, ਗਾਇਕਾਂ, ਅਦਾਕਾਰਾਂ ਤੇ ਬੁੱਧੀਜੀਵੀਆਂ ਸਮੇਤ ਸਾਰੇ ਮਿਹਨਤੀ ਵਰਗਾਂ ਨੇ ਇਕ ਮੁਠ ਹੋ ਕੇ ਸੰਘਰਸ਼ ਸ਼ੁਰੂ ਕੀਤਾ ਹੈ ਤੁਸੀਂ ਵਧਾਈ ਦੇ ਪਾਤਰ ਹੋ। ਪਰ ਇਹ ਚਾਤਰ ਲੋਕ ਅਜੇ ਵੀ ਵੱਖ ਵੱਖ ਰੂਪ ਧਾਰ ਕੇ ਤੁਹਾਡੇ ਵਿੱਚ ਵੜਨ ਦੀਆਂ ਕੋਸ਼ਿਸ਼ਾਂ ਕਰ ਰਹੇ ਹਨ। ਪਰ ਤੁਸੀਂ ਇਨ੍ਹਾਂ ਕਾਲੇ ਨੀਲੇ ਚਿੱਟੇ ਤੇ ਟੋਪੀ ਵਾਲਿਆਂ ਤੋ ਸੁਚੇਤ ਰਹਿਣਾ ਤੇ ਇਨ੍ਹਾਂ ਦੀਆਂ ਲੂੰਬੜ ਚਾਲਾਂ ਵਿੱਚ ਨਾ ਆ ਜਾਣਾ। ਇਹ ਤੁਹਾਡੀ ਏਕਤਾ ਨੂੰ ਤਾਰ ਤਾਰ ਕਰਨ ਲਈ ਬਹੁਤ ਤਰੀਕੇ ਅਪਨਾਉਣਗੇ। ਹੁਣ ਤੁਹਾਡੇ ਕੋਲ ਇਕ ਬਹੁਤ ਵਧੀਆ ਟੀਮ ਹੈ। ਜਿਸ ਦੇ ਵਿਚ ਪੰਜਾਬ ਦੇ ਹੱਕਾਂ ਲਈ ਸੰਘਰਸ਼ ਕਰਨ ਦਾ ਜਜ਼ਬਾ ਤੇ ਸ਼ਹਿਨਸੀਲਤਾ ਵੀ ਹੈ। ਸੋ ਵੀਰੋ ਇਸ ਮੌਕੇ ਤੇ ਉਨ੍ਹਾਂ ਪੰਜਾਬ ਦੇ ਅਖੌਤੀ ਹਤੈਸ਼ੀਆ ਨੂੰ ਲਾਂਭੇ ਕਰੋ ਜੋ ਹਮੇਸ਼ਾਂ ਤੁਹਾਡੇ ਮੋਢੇ ਤੇ ਰੱਖ ਕੇ ਚਲਾਉਂਦੇ ਆ ਰਹੇ ਹਨ। ਇਨ੍ਹਾਂ ਅੱਗੇ ਆਪਣੀਆਂ ਹੱਕੀ ਮੰਗਾਂ ਲਈ ਤਰਲੇ ਲੈਣ ਤੋਂ ਚੰਗਾ ਹੈ 2022 ਵਿੱਚ ਪੈਣ ਵਾਲੀਆਂ ਵੋਟਾਂ ਵਿੱਚ ਇਸ ਚੱਲ ਰਹੇ ਸੰਘਰਸ਼ ਨਾਲ ਜੁੜੇ ਲੋਕਾਂ ਨੂੰ ਅੱਗੇ ਲਿਆਕੇ ਆਪਣੇ ਫੈਸਲੇ ਆਪ ਕਰਨ ਦੇ ਹੱਕ ਹਾਸਲ ਕਰੋ। ਜੇ ਤੁਸੀਂ ਸੰਜੀਦਗੀ ਨਾਲ ਇਹ ਜੰਗ ਜਿੱਤਣ ਲਈ ਸਿਰ ਜੋੜ ਕੇ ਬੈਠ ਗਏ ਤਾਂ ਉਹ ਦਿਨ ਦੂਰ ਨਹੀਂ ਜਦੋਂ ਆਪਣੇ ਹੱਕਾਂ ਦੇ ਫੈਸਲੇ ਤੁਸੀਂ ਖੁਦ ਕਰਨ ਤੇ ਆਉਣ ਵਾਲੀਆਂ ਪੀੜ੍ਹੀਆਂ ਦਾ ਭਵਿੱਖ ਸੁਰੱਖਿਅਤ ਰੱਖਣ ਦੇ ਸਮਰੱਥ ਹੋਵੋਗੇ। ਹੁਣ ਤੁਹਾਡੇ ਨਾਲ ਜਿਥੇ ਸਮੁੱਚਾ ਪੰਜਾਬ ਖੜਾ ਹੈ ਉਥੇ ਵਿਦੇਸ਼ਾ ਵਿਚ ਵੱਸਦਾ ਭਾਰਤੀ ਭਾਈਚਾਰਾ ਵੀ ਤਨੋਂ ਮਨੋ ਤੇ ਧਨੋ ਤੁਹਾਡੇ ਨਾਲ ਹੈ। ਤੁਹਾਨੂੰ ਇਹ ਹੀ ਬੇਨਤੀ ਹੈ ਕਿ ਇਹ ਸੁਨਹਿਰੀ ਮੌਕਾ ਇਹਨਾਂ ਚਾਪਲੂਸ ਲੋਕਾਂ ਦੇ ਢਹੇ ਚੜ ਕੇ ਗਵਾ ਨਾ ਲੈਣਾ। ਜੇ ਅਸੀਂ ਇੱਥੋਂ ਵੀ ਖੁੰਝ ਗਏ ਤਾਂ ਸਾਡੀਆਂ ਆਉਣ ਵਾਲੀਆਂ ਪੀੜ੍ਹੀਆਂ ਨੂੰ ਉਹ ਸੰਤਾਪ ਭੋਗਣਾ ਪੈ ਸਕਦਾ ਜੋ ਅਸੀਂ ਕਦੇ ਸੁਪਨੇ ਵਿਚ ਵੀ ਨਹੀਂ ਕਿਆਸਿਆ ਹੋਵੇਗਾ।
ਅਮਰਜੀਤ ਸਿੰਘ ਸਿੱਧੂ
ਹਮਬਰਗ (ਜਰਮਨੀ)