ਮੰਤਰੀਆਂ ਨਾਲ ਹੋਈ ਮੀਟਿੰਗ ਬਾਰੇ ਜਥੇਬੰਦੀ ਦਾ ਪੱਖ ਰੱਖਿਆ
ਅਸ਼ੋਕ ਵਰਮਾ
ਚੰਡੀਗੜ19 ਅਕਤੂਬਰ2020: ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਨੇ ਪੰਜਾਬ ਦੇ ਵਜ਼ੀਰ ਸੁਖਜਿੰਦਰ ਸਿੰਘ ਰੰਧਾਵਾ ਦੇ ਦੇ ਹਵਾਲੇ ਨਾਲ ਪੰਜਾਬੀ ਦੇ ਇੱਕ ਆਨਲਾਈਨ ਅਖਬਾਰ ’ਚ ਛਪੀ ਇਸ ਖਬਰ ਦਾ ਜ਼ੋਰਦਾਰ ਖੰਡਨ ਕੀਤਾ ਕਿ ਵਿਧਾਨ ਸਭਾ ‘ਚ ਭਲਕੇ ਪੇਸ਼ ਕੀਤੇ ਜਾਣ ਵਾਲੇ ਬਿੱਲ ਦੇ ਸਾਰੇ ਨੁਕਤਿਆਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦੇ ਦਿੱਤੀ ਗਈ ਹੈ ਅਤੇ ਉਹਨਾਂ ਨੇ ਇਸ ਨਾਲ ਸਹਿਮਤੀ ਜ਼ਾਹਰ ਕੀਤੀ ਹੈ। ਜੱਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਦਾ ਕਹਿਣਾ ਹੈ ਕਿ ਸ੍ਰੀ ਰੰਧਾਵਾ ਨੇ ਵਿਧਾਨ ਸਭਾ ‘ਚ ਬਿੱਲ ਪੇਸ਼ ਕਰਨ ਤੋਂ ਪਹਿਲਾਂ ਇਹ ਜਾਣਕਾਰੀ ਦੇਣ ਤੋਂ ਇਹ ਕਹਿ ਕੇ ਇਨਕਾਰ ਕੀਤਾ ਕਿ ਅਜਿਹਾ ਕਰਨਾ ਗੈਰਕਾਨੂੰਨੀ ਹੈ। ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕੀਤੇ ਜਾ ਰਹੇ ਜਾਨਹੂਲਵੇਂ ਘੋਲ਼ ਦੌਰਾਨ 3 ਮੈਂਬਰੀ ਪੰਜਾਬ ਕੈਬਨਿਟ ਕਮੇਟੀ ਵੱਲੋਂ ਪੰਜਾਬ ਭਵਨ ਚੰਡੀਗੜ ਵਿਖੇ 11 ਮੈਂਬਰੀ ਵਫਦ ਨਾਲ ਹੋਈ ਮੀਟਿੰਗ ਸਬੰਧੀ ਜਥੇਬੰਦੀ ਦੇ ਆਗੂਆਂ ਨੇ ਦੱਸਿਆ ਕਿ ਕਮੇਟੀ ਵੱਲੋਂ ਵਿਧਾਨ ਸਭਾ ਵਿੱਚ ਪੇਸ਼ ਕੀਤੇ ਜਾਣ ਵਾਲੇ ਬਿੱਲ ਦਾ ਖਰੜਾ ਅੱਜ ਦਿਖਾਉਣ ਤੋਂ ਤਾਂ ਕਾਨੂੰਨੀ ਮਜਬੂਰੀ ਕਹਿ ਕੇ ਨਾਂਹ ਕਰ ਦਿੱਤੀ ਗਈ ।
ਉਨਾਂ ਦੱਸਿਆ ਕਿ ਪੰਜਾਬ ਸਰਕਾਰ ਨੇ 2017 ਵਿੱਚ ਅਤੇ ਉਸਤੋਂ ਪਹਿਲਾਂ ਪਾਸ ਕੀਤੇ ਖੁੱਲੀ ਨਿੱਜੀ ਖਰੀਦ ਵਾਲੇ ਮੰਡੀਕਰਨ ਕਾਨੂੰਨ ਰੱਦ ਕਰਨ ਦੀ ਮੰਗ ਬਾਰੇ ਮੁੜ ਘੋਖਣ ਦੀ ਗੱਲ ਆਖੀ ਹੈ। ਕਿਸਾਨਾਂ ਮਜਦੂਰਾਂ ਤੇ ਹੋਰ ਸੰਘਰਸ਼ਸ਼ੀਲ ਲੋਕਾਂ ਵਿਰੁੱਧ ਦਰਜ ਪੁਲਿਸ ਕੇਸ ਵਾਪਸ ਲੈਣ ਬਾਰੇ ਪੂਰੀ ਕਾਰਵਾਈ ਦੀਵਾਲੀ ਤੋਂ ਪਹਿਲਾਂ ਪਹਿਲਾਂ ਮੁਕੰਮਲ ਕਰਨ ਦਾ ਭਰੋਸਾ ਦਿੱਤਾ ਹੈ। ਕਿਸਾਨਾਂ ਮਜਦੂਰਾਂ ਦੀ ਮੁਕੰਮਲ ਕਰਜਾ ਮੁਕਤੀ ਦੀ ਮੰਗ ਸੰਬੰਧੀ ਖਜ਼ਾਨਾ ਖਾਲੀ ਹੋਣ ਦੀ ਰਟ ਲਾਉਣ ਦੇ ਬਾਵਜੂਦ ਬੇਜ਼ਮੀਨੇ ਕਿਸਾਨਾਂ ਤੇ ਖੇਤ ਮਜਦੂਰਾਂ ਦੇ ਸਹਿਕਾਰੀ ਸਭਾਵਾਂ ਵੱਲ ਬਕਾਇਆ ਖਲੋਤੇ 560 ਕ੍ਰੋੜ ਰੁਪਏ ਖਤਮ ਕਰਨ ਦਾ ਫੈਸਲਾ ਕਰਨ ਬਾਰੇ ਦੱਸਿਆ ਗਿਆ ਜਿਹਨਾਂ ਦੀ ਗਿਣਤੀ ਲਗਭਗ 3 ਲੱਖ 12 ਹਜ਼ਾਰ ਬਣਦੀ ਹੈ। ਯੂ ਪੀ ਜਾਂ ਹੋਰ ਰਾਜਾਂ ਤੋਂ ਵਪਾਰੀਆਂ ਵੱਲੋਂ ਝੋਨਾ ਸਸਤਾ ਖਰੀਦ ਕੇ ਪੰਜਾਬ ਦੇ ਸ਼ੈਲਰਾਂ ‘ਚ ਲਾਉਣ ਤੋਂ ਰੋਕਣ ਬਾਰੇ ਕਮੇਟੀ ਨੇ ਇਹ ਰੋਕਾਂ ਸਖਤੀ ਨਾਲ ਲਾਉਣ ਦਾ ਵਿਸ਼ਵਾਸ਼ ਦਿਵਾਇਆ ਹੈ।
ਇਸੇ ਤਰਾਂ 10 ਕਿਸਾਨ ਸ਼ਹੀਦਾਂ ਦੇ ਵਾਰਸਾਂ ਨੂੰ 10-10 ਲੱਖ ਰੁਪਏ ਦਾ ਮੁਆਵਜਾ ਤੇ 1-1 ਜੀਅ ਨੂੰ ਪੱਕੇ ਰੁਜਗਾਰ ਦੀ ਮੰਗ ਬਾਰੇ ਜਲਦੀ ਫੈਸਲਾ ਕਰਨ ਦਾ ਭਰੋਸਾ ਦਿੱਤਾ ਹੈ। ਮੀਟਿੰਗ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਤੋਂ ਇਲਾਵਾ ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਰੂਪ ਸਿੰਘ ਛੰਨਾਂ, ਹਰਿੰਦਰ ਕੌਰ ਬਿੰਦੂ, ਪਰਮਜੀਤ ਕੌਰ ਪੰਮੀ, ਰਾਜਵਿੰਦਰ ਸਿੰਘ ਰਾਮਨਗਰ, ਅਮਰੀਕ ਸਿੰਘ ਗੰਢੂਆਂ ਅਤੇ ਮਨਜੀਤ ਸਿੰਘ ਨਿਆਲ ਸ਼ਾਮਲ ਸਨ। ਸ੍ਰੀ ਉਗਰਾਹਾਂ ਨੇ ਐਲਾਨ ਕੀਤਾ ਕਿ ਮੌਜੂਦਾ ਅਣਮਿਥੇ ਸਮੇਂ ਦਾ ਸੰਘਰਸ਼ ਲਗਾਤਾਰ ਜਾਰੀ ਰੱਖਿਆ ਜਾਵੇਗਾ, ਜਿਹੜਾ ਅੱਜ ਵੀ 9 ਭਾਜਪਾ ਆਗੂਆਂ ਤੇ ਕਾਰਪੋਰੇਟ ਕਾਰੋਬਾਰਾਂ ਸਣੇ 5 ਦਰਜਨ ਥਾਂਵਾਂ ‘ਤੇ 60 ਹਜ਼ਾਰ ਤੋਂ ਵੱਧ ਕਿਸਾਨਾਂ ਮਜਦੂਰਾਂ ਨੌਜਵਾਨਾਂ ਤੇ ਔਰਤਾਂ ਦੀ ਸ਼ਮੂਲੀਅਤ ਨਾਲ ਜਾਰੀ ਹੈ। ਇਹ ਸੰਘਰਸ਼ ਸਭਨਾਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਨਾਲ ਤਾਲਮੇਲਵੀਂ ਸਾਂਝ ਬਰਕਰਾਰ ਰੱਖਦਿਆਂ ਹੋਰ ਵਿਸ਼ਾਲ ਅਤੇ ਤੇਜ਼ ਕੀਤਾ ਜਾਵੇਗਾ ।