ਰਜਨੀ ਵਾਲੀਆ
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਤੇਰੇ ਨਾਂ ਮੇਰੇ ਸਭ ਸਵਾਸ,
ਤੇਰੇ ਜਨਮ ਦਿਹਾੜੇ ਤੇ |
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਮਾਏਂ ਤੇਰੇ ਕਦਮਾਂ ਦੇ ਵਿੱਚ,
ਕੁੱਲ ਆਲਮ ਦੀਆਂ ਖੈਰਾਂ |
ਤੇਰੇ ਸਿਰੋਂ ਮੈਂ ਵਾਰਾਂ ਤਾਰੇ,
ਸਹਾਂ ਖੁਦ ਤੇ ਸਿਖਰ ਦੁਪਹਿਰਾਂ |
ਰੱਬ ਵਰਗੀਏ ਮਾਏਂ ਤੇਰਾ ਜਾਪੇ,
ਹੁਣ ਮੇਰੇ ਵਿੱਚ ਵਾਸ ,
ਤੇਰੇ ਜਨਮ ਦਿਹਾੜੇ ਤੇ |
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਕਿੰਨੇ ਲਾਡਾਂ-ਛਾਡਾਂ ਦੇ ਨਾਲ,
ਹੈ ਤੂੰ ਪਾਲੀ ਧੀ ਪਿਆਰੀ |
ਨੀ ਤੂੰ ਮੈਨੂੰ ਹੱਸਦੀ ਤੱਕਣ ਖਾਤਿਰ,
ਖੁਦ ਤੇ ਬੜੀ ਪੀੜ ਸਹਾਰੀ |
ਤੇਰੇ ਧੋ-ਧੋ ਚਰਨ ਪੀ ਲਵਾਂ,
ਤੇ ਬੁਝੇ ਨਾ ਮੇਰੀ ਪਿਆਸ |
ਤੇਰੇ ਜਨਮ ਦਿਹਾੜੇ ਤੇ |
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਮਾਏਂ ਤੇਰੀ ਧੀ ਨੇਂ ਅੱਜ ਤੱਕ ਤੇਰੇ
ਨਾਲ ਸਿ਼ਕਵਾ ਕੋਈ ਨਾ ਕੀਤਾ |
ਜੋ ਸੀ ਵਿੱਚ ਲੇਖਾਂ ਦੇ ਲਿਖਿਆ,
ਨੀ ਮੈਂ ਨਿੰਮ ਅਮਿ੍ਤ ਜਾਣਕੇ ਪੀਤਾ |
ਮਿਲਾਂ ਮੈਂ ਤੈਨੂੰ ਸਦਾ ਹੀ ਹੱਸਦੀ,
ਨੀ ਭਾਵੇਂ ਹੋਵਾਂ ਲੱਖ ਉਦਾਸ |
ਤੇਰੇ ਜਨਮ ਦਿਹਾੜੇ ਤੇ |
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਤੇਰਾ ਮੇਰੇ ਘਰ ਵਿੱਚ ਆਉਣਾ,
ਮੈਨੂੰ ਦੇਂਦਾ ਏ ਇੱਕ ਸਕੂਨ ਜਿਹਾ |
ਤੇਰੇ ਦਾਇਰੇ ਦੇ ਵਿੱਚ ਰਹਿਣ ਦਾ,
ਹੈ ਮੇਰੇ ਮਨ ਦੇ ਵਿੱਚ ਜਨੂੰਨ ਜਿਹਾ |
ਤੇਰੇ ਆਵਣ ਤੇ ਦੁੱਖ ਮੇਰੇ ਮੁੱਖ ਤੋਂ,
ਕੁਝ ਚਿਰ ਲਈ ਕਰ ਜਾਂਦੇ ਪਰਵਾਸ |
ਤੇਰੇ ਜਨਮ ਦਿਹਾੜੇ ਤੇ |
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਮਾਏਂ ਜੋ ਤੇਰੇ ਮੁੱਖੋਂ ਨਿਕਲਣ,
ਨੀ ਸ਼ਬਦ ਅਸੀਸਾਂ ਵਰਗੇ |
ਖਾਲੀ ਤੇਰੀ ਧੀ ਦੀ ਜਾਂਦੇ-ਜਾਂਦੇ,
ਸੁਨਹਿਰੀ ਬੋਲ ਝੋਲੜੀ ਭਰ ਗਏ |
ਮਾਏਂ ਤੇਰੀ ਠੰਡੜੀ ਛਾਂ ਦੀ ਠੰਡਕ,
ਨੀਂ ਆ ਗਈ ਏ ਰੂਹ ਨੂੰ ਰਾਸ |
ਤੇਰੇ ਜਨਮ ਦਿਹਾੜੇ ਤੇ |
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |
ਰਜਨੀ ਖੈਰ ਮੰਗੇ ਤੇਰੀ ਰੱਬ ਦੇ ਪਾਸੋਂ,
ਨੀ ਮਾਂ ਤੇਰੀ ਸਦਾ ਉਮਰ ਲਮੇਰੀ ਹੋਵੇ |
ਲੁਟਾਉਂਦੀ ਰਵੇਂ ਅਸੀਸਾਂ ਮੈਥੋਂ ਤੇ,
ਮਾਏਂ ਕਦੇ ਅੱਥਰੂ ਨਾ ਮੇਰਾ ਚੋਵੇ |
ਮਾਏਂ ਅੱਜ ਤੂੰ ਵੱਡੀ ਹੋਰ ਹੋ ਗਈ,
ਇਹ ਬੜੀ ਘੜੀ ਮੇਰੇ ਲਈ ਖਾਸ |
ਤੇਰੇ ਜਨਮ ਦਿਹਾੜੇ ਤੇ,
ਮਾਂ ਤੇਰੀ ਧੀ ਕਰੇ ਅਰਦਾਸ,
ਤੇਰੇ ਜਨਮ ਦਿਹਾੜੇ ਤੇ |