24.1 C
United Kingdom
Wednesday, June 24, 2026

More

    ਰੇਲ ਲਾਈਨਾਂ ਤੋਂ ਉੱਠੇ ਕਿਸਾਨਾਂ ਨੇ ਭਾਜਪਾ ਲੀਡਰਾਂ ਨੂੰ ਨਿਸ਼ਾਨਾ ਬਣਾਇਆ

    ਅਸ਼ੋਕ ਵਰਮਾ
    ਬਠਿੰਡਾ, 13 ਅਕਤੂਬਰ 2020:ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਅਗਵਾਈ ਹੇਠਲੇ ਕਿਸਾਨਾਂ ਨੇ ਅੱਜ ਰੇਲ ਪਟੜੀਆਂ ਤੋਂ ਆਪਣੇ ਧਰਨੇ ਖਤਮ ਕਰਕੇ ਭਾਰਤੀ ਜੰਤਾ ਪਾਰਟੀ ਦੇ ਆਗੂਆਂ ਨੂੰ ਨਿਸ਼ਾਨੇ ਤੇ ਲੈ ਲਿਆ ਹੈ। ਜੱਥੇਬੰਦੀ ਨੇ ਪਿੰਡਾਂ ’ਚ ਕਿਸਾਨ ਅੰਦੋਲਨ ਭਖਾਉਣ ਉਪਰੰਤ ਭਾਜਪਾ ਲੀਡਰਸ਼ਿਪ ਤੇ ਦਬਾਅ ਪਾਉਣ ਅਤੇ ਸ਼ਹਿਰੀ ਲੋਕਾਂ ਨੂੰ ਨਾਲ ਜੋੜਨ ਦੀ ਰਣਨੀਤੀ ਘੜੀ ਹੈ। ਕਿਸਾਨ ਯੂਨੀਅਨ ਵੱਲੋਂ ਜਾਰੀ ਸੂਚਨਾ ਅਨੁਸਾਰ ਅੱਜ ਭਾਜਪਾ ਦੇ ਚਾਰ ਆਗੂਆਂ ਦੇ ਘਰਾਂ ਅੱਗੇ ਧਰਨਾ ਲਾ ਦਿੱਤਾ ਗਿਆ ਹੈ ਜਦੋਂਕਿ ਬੁੱਧਵਾਰ ਤੋਂ ਬੁਢਲਾਡਾ ’ਚ ਸੁਖਦਰਸ਼ਨ ਸ਼ਰਮਾ, ਰਾਮਪੁਰਾ ਮੱਖਣ ਜਿੰਦਲ, ਬਰਨਾਲਾ ਯਾਦਵਿੰਦਰ ਸ਼ੰਟੀ ਅਤੇ3 ਹੋਰ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਉਂਜ ਕਾਰਪੋਰੇਟ ਘਰਾਣਿਆਂ ਦੇ ਅਦਾਰਿਆਂ, ਟੋਲ ਪਲਾਜਿਆਂ, ਸ਼ਾਪਿੰਗ ਮਾਲ ਅਤੇ ਪ੍ਰਾਈਵੇਟ ਥਰਮਲ ਸਮੇਤ 55 ਥਾਵਾਂ ਤੇ ਧਰਨੇ ਜਾਰੀ ਰੱਖੇ ਗਏ ਹਨ।
                                   ਬੀਕੇਯੂ ਉਗਰਾਹਾਂ ਦੇ ਜਰਨਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਦੱਸਿਆ ਕਿ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਜਥੇਬੰਦੀਆਂ ਦੇ ਅਣਮਿਥੇ ਸਮੇਂ ਦੇ ਤਾਲਮੇਲਵੇਂ ਸੰਘਰਸ਼ ਦੇ ਤੇਰਵੇਂ ਦਿਨ ਅੱਜ 13 ਜਿਲਿਆਂ ‘ਚ ਦੋ ਥਾਂਵਾਂ ਤੋਂ ਰੇਲ ਜਾਮ ਸ਼ਿਫਟ ਕਰਕੇ 4 ਹੋਰ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨੇ ਲਾਉਣ ਨਾਲ ਧਰਨਿਆਂ ਦੀ ਗਿਣਤੀ 55 ਹੋ ਗਈ ਹੈ। ਉਨਾਂ ਦੱਸਿਆ ਕਿ ਅੱਜ ਸੁਨਾਮ ‘ਚ ਰਿਸ਼ੀਪਾਲ ਖਹਿਰਾ,  ਸੰਗਰੂਰ ‘ਚ ਸਤਵੰਤ ਸਿੰਘ ਪੂਨੀਆ, ਮੋਗਾ ‘ਚ ਤਰਲੋਚਨ ਸਿੰਘ ਗਿੱਲ , ਨਾਭਾ ‘ਚ ਸੁਰਿੰਦਰ ਗਰਗ ਭਾਜਪਾ ਆਗੂਆਂ ਦੇ ਘਰਾਂ ਅੱਗੇ ਪੱਕੇ ਧਰਨੇ ਸ਼ੁਰੂ ਕਰ ਦਿੱਤੇ ਗਏ ਹਨ। ਉਨਾਂ ਕਿਹਾ ਕਿ ਭਾਜਪਾ ਦਾ ਜ਼ਿਆਦਾ ਸ਼ਹਿਰੀ ਆਧਾਰ ਹੈ ਜਿਸ ਕਰਕੇ ਹੁਣ ਸ਼ਹਿਰੀ ਖੇਤਰ ’ਤੇ ਧਿਆਨ ਕੇਂਦਰਿਤ ਕਰਨਾ ਸ਼ੁਰੂ ਕਰ ਦਿੱਤਾ ਗਿਆ  ਹੈ।
                                  ਕਿਸਾਨ ਆਗੂਆਂ ਦਾ ਕਹਿਣਾ ਹੈ ਕਿ ਪੇਂਡੂ ਖੇਤਰਾਂ ਵਿਚ ਅੰਦੋਲਨ ਪੂਰੀ ਤਰਾਂ ਭਖ ਚੁੱਕਾ ਹੈ ਅਤੇ ਹੁਣ ਸ਼ਹਿਰੀ ਇਲਾਕਿਆਂ ਵੱਲ ਮੁਹਾਣ ਕੀਤਾ ਜਾਵੇ ਜਿਸ ਲਈ ਭਾਜਪਾ ਆਗੂਆਂ ਦੇ ਘਰਾਂ ਅੱਗੇ ਧਰਨਿਆਂ ਦਾ ਪ੍ਰੋਗਰਾਮ ਉਲੀਕਿਆ ਹੈ। ਪਿੰਡਾਂ ’ਚ ਸੰਘਰਸ਼ ਦੀ ਚੰਗਿਆੜੀ ਐਨੀ ਭੜਕ ਚੁੱਕੀ ਹੈ ਕਿ ਫਸਲ ਵੇਚਣ ਦੀ ਰੁੱਤ ਹੋਣ ਦੇ ਬਾਵਜੂਦ ਆਮ ਕਿਸਾਨ ਧਰਨਿਆਂ ’ਚ ਸ਼ਾਮਲ ਹੋਣ ਲੱਗੇ ਹਨ ਜਿੰਨਾਂ ਕਦੇ ਸੰਘਰਸ਼ਾਂ ਵੱਲ ਮੂੰਹ ਨਹੀਂ ਕੀਤਾ ਸੀ। ਇਸੇ ਕਾਰਨ ਹੀ ਹੁਣ ਸ਼ਹਿਰੀ ਖੇਤਰ ਦੇ ਮੁਲਾਜ਼ਮਾਂ, ਟਰੇਡ ਯੂਨੀਅਨਾਂ, ਵਪਾਰੀ ਤਬਕੇ ਅਤੇ ਆਮ ਸ਼ਹਿਰੀਆਂ ਨੂੰ ਨਾਲ ਜੋੜਿਆ ਜਾਏਗਾ। ਕਿਸਾਨ ਆਗੂ ਨੇ ਦੱਸਿਆ ਕਿ ਦਸਹਿਰੇ ਵਾਲੇ ਦਿਨ 25 ਅਕਤੂਬਰ ਨੂੰ ਸ਼ਹਿਰਾਂ ਵਿਚ ਪ੍ਰਧਾਨ ਮੰਤਰੀ ਅਤੇ ਕਾਰਪੋਰੇਟ ਘਰਾਣਿਆਂ ਦੇ ਪੁਤਲੇ ਸਾੜੇ ਜਾਣਗੇ ਜਦੋਂਕਿ ਭਾਜਪਾ ਆਗੂਆਂ ਦੀ ਘੇਰਾਬੰਦੀ ਜਾਰੀ ਰੱਖੀ ਜਾਵੇਗੀ।
                       ਧਰਨਿਆਂ ਦੌਰਾਨ ਭਾਰੀ ਗਿਣਤੀ ‘ਚ ਨੌਜਵਾਨਾਂ, ਔਰਤਾਂ ਅਤੇ ਕੁੱਝ ਥਾਂਈਂ ਸਕੂਲੀ ਬੱਚਿਆਂ ਸਮੇਤ 50 ਹਜ਼ਾਰ ਤੋਂ ਵੱਧ  ਗਿਣਤੀ ‘ਚ ਪੁੱਜੇ ਲੋਕਾਂ ਨੂੰ ਸੰਬੋਧਨ ਕਰਨ ਵਾਲੇ ਜਥੇਬੰਦੀ ਦੇ ਮੁੱਖ ਬੁਲਾਰਿਆਂ ਵਿੱਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ,ਸੀਨੀਅਰ ਮੀਤ ਪ੍ਰਧਾਨ ਝੰਡਾ ਸਿੰਘ ਜੇਠੂਕੇ, ਮੀਤ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ, ਸੂਬਾ ਆਗੂ ਹਰਿੰਦਰ ਕੌਰ ਬਿੰਦੂ, ਸ਼ਿੰਗਾਰਾ ਸਿੰਘ ਮਾਨ, ਸਨੇਹਦੀਪ ਤੇ ਰਾਜਵਿੰਦਰ ਸਿੰਘ ਰਾਮਨਗਰ ਸਮੇਤ ਵੱਖ ਵੱਖ ਜਿਲਾ ਆਗੂ ਅਤੇ ਨਵੇਂ ਨੌਜਵਾਨ ਮੁੰਡੇ ਕੁੜੀਆਂ ਵੀ ਸ਼ਾਮਲ ਹਨ। ਬੁਲਾਰਿਆਂ ਨੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕਰਨ ਵਾਲੀ ਅਤੀ ਨਿੰਦਣਯੋਗ ਘਟਨਾ ਨੂੰ ਸਿਖਰਾਂ ਵੱਲ ਵਧ ਰਹੇ ਕਿਸਾਨ ਘੋਲ਼ ਤੋਂ ਲੋਕਾਂ ਦਾ ਧਿਆਨ ਪਾਸੇ ਹਟਾਉਣ ਵਾਲੀ ਹੁਕਮਰਾਨਾਂ ਦੀ ਗਿਣੀਮਿਥੀ ਫਿਰਕੂ ਸਾਜ਼ਿਸ਼ ਕਰਾਰ ਦਿੱਤਾ ਅਤੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦੇਣ ਤੋਂ ਇਲਾਵਾ ਪੂਰੀ ਸਾਜ਼ਿਸ਼ ਦਾ ਪਰਦਾਫਾਸ ਕਰਨ ਦੀ ਮੰਗ ਵੀ ਕੀਤੀ।
                           ਬੀਤੇ ਦਿਨ ਹੁਸ਼ਿਆਰਪੁਰ ਵਿਖੇ ਭਾਜਪਾ ਆਗੂ ਦੀ ਗੱਡੀ ਦੀ ਭੰਨਤੋੜ ਦੀ ਭੜਕਾਊ ਕਾਰਵਾਈ ‘ਤੇ ਟਿੱਪਣੀ ਕਰਦਿਆਂ ਉਹਨਾਂ ਨੇ ਸਪਸ਼ਟ ਕੀਤਾ ਕਿ ਅਜਿਹੀਆਂ ਭੜਕਾਊ ਕਾਰਵਾਈਆਂ ਸੰਘਰਸ਼ਸ਼ੀਲ ਜਥੇਬੰਦੀਆਂ ਦੀ ਨੀਤੀ ਦਾ ਹਿੱਸਾ ਨਹੀਂ ਹਨ, ਕਿਉਂਕਿ ਇਹ ਘੋਲ਼ ਨੂੰ ਬਦਨਾਮ ਕਰਕੇ ਨੁਕਸਾਨ ਪਹੁੰਚਾਉਂਦੀਆਂ ਹਨ । ਇਸ ਮੌਕੇ ਕਿਸਾਨ ਘੋਲ਼ ਦੇ ਪਸਾਰੇ ਲਈ ਦਿਨ ਰਾਤ ਇੱਕ ਕਰ ਰਹੇ ਡਾ: ਸਾਹਿਬ ਸਿੰਘ,ਜਗਸੀਰ ਜੀਦਾ,ਤੀਰਥ ਚੜਿੱਕ,ਰਾਮ ਸਿੰਘ ਹਠੂਰ,ਹਰਵਿੰਦਰ ਦੀਵਾਨਾ, ਕਵੀਸ਼ਰੀ ਜੱਥਾ ਰਸੂਲਪੁਰ, ਤਰਸੇਮ ਰਾਹੀ,ਭੈਣ ਮਨਜੀਤ ਔਲਖ ਤੇ ਹੋਰ ਕਲਾਕਾਰਾਂ ਅਤੇ ਸਾਹਿਤਕਾਰਾਂ ਵੱਲੋਂ ਸਾਥ ਦੇਣ ਦੇ ਐਲਾਨ ਦਾ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਕਲਾਕਾਰਾਂ ਦੇ ਪਰਦੇ ਓਹਲੇ ਕੁੱਝ ਮੌਕਾਪ੍ਰਸਤ ਫਿਰਕੂ ਸਿਆਸਤਦਾਨਾਂ ਵੱਲੋਂ ਬੇਹੱਦ ਭੜਕਾਊ ਭਾਸ਼ਣਾਂ ਰਾਹੀਂ ਕਾਲੇ ਖੇਤੀ ਕਾਨੂੰਨਾਂ ਦੇ ਮੁਕਾਬਲੇ ‘ਤੇ ਫਿਰਕਾਪ੍ਰਸਤ ਮਸਲੇ ਉਭਾਰ ਕੇ ਭੜਕਾਊ ਹਿੰਸਕ ਮਹੌਲ ਪੈਦਾ ਕਰਨ ਦੇ ਨਾਪਾਕ ਯਤਨਾਂ ਤੋਂ ਖਾਸ ਕਰਕੇ ਨੌਜਵਾਨਾਂ ਨੂੰ ਖਬਰਦਾਰ ਰਹਿਣ ਦਾ ਸੱਦਾ ਦਿੱਤਾ ।   

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!