ਰਜਨੀ ਵਾਲੀਆ
ਤੂੰ ਕਿਸੇ ਤਾਂ ਦਿਲ ਵਿੱਚ ਰਹਿਮ ਦੇ ਪਾ,
ਵੇ ਮੇਰੀ ਜਾਂਦੀ ਏ ਕਿਉਂ ਜਿੰਦ ਘਬਰਾ |
ਘਟ-ਘਟ ਦੇ ਵਿੱਚ ਤੂੰ ਆਪੇ ਹੀ ਵੱਸਦਾ,
ਮੇਰੇ ਰਾਮ,ਯੀਸੂ ਤੇ ਵਾਹਿਗੁਰੂ, ਖੁਦਾ |
ਇਹ ਸੱਭੇ ਹੀ ਨੇ ਤੇਰੇ ਰੰਗ ਮਾਲਕਾ,
ਤੂੰ ਤਾਂ ਜਿਸਨੂੰ ਚਾਹੇਂ ਕਰ ਦੇਵੇਂ ਸਵਾਹ |
ਮੈਂ ਤੈਨੂੰ ਏਨਾਂ ਮੰਨਾਂ ਤੈਨੂੰ ਏਨਾਂ ਜਾਣਾਂ,
ਸਦਾ ਹੀ ਰਹਿੰਦੀ ਹਾਂ ਤੇਰੀ ਵਿੱਚ ਰਜ਼ਾ |
ਬੇਸ਼ਕੀਮਤੀ ਤੈਨੂੰ ਹਰ ਸਾਹ ਨਾਲ ਜੱਪਣਾ,
ਜੇਕਰ ਤੂੰ ਦੇਂਵੇ ਤਾਂ ਹੀ ਨੇਂ ਬਣਦੇ ਰਾਹ |
ਮੈਂ ਕਿਹਾ ਕੀ ਚਾਹੀਦਾ ਉਸਨੂੰ ਦੱਸ ਦੇ,
ਜਿਸਨੂੰ ਮਿਲ ਗਈ ਤੇਰੀ ਠੰਡੜੀ ਛਾਂ |
ਜੋ ਸੀਨੇ ਵਿੱਚ ਸਾਹ ਬਣ-ਬਣ ਧੜਕੇ,
ਮੈਂ ਉਸਨੂੰ ਦੱਸ ਛੱਡ ਦਿਆਂ ਕਿੱਦਾਂ |
ਰਜਨੀ ਨੇ ਡਾਢੇ ਕੀਤੇ ਨੇ ਹੁਣ ਹਾੜੇ,
ਤੂੰ ਹੁਣ ਤਾਂ ਉਸ ਦੀ ਕੋਈ ਜੋਤ ਜਗਾ |