3.5 C
United Kingdom
Sunday, March 8, 2026

More

    ਨਰਮਾ ਚੁੱਕਕੇ ਘਰੀਂ ਲਿਜਾਣ ਲੱਗੇ ਮੋਦੀ ਸਰਕਾਰ ਵੱਲੋ ਮੰਡੀਆਂ ’ਚ ਰੋਲੇ ਕਿਸਾਨ

    ਅਸ਼ੋਕ ਵਰਮਾ
     ਬਠਿੰਡਾ:9 ਅਕਤੂਬਰ, 2020। ਖੇਤੀ ਕਾਨੂੰਨ ਲਾਗੂ ਹੋਣ ਤੋਂ ਪਹਿਲਾਂ ਹੀ ਮੋਦੀ ਸਰਕਾਰ  ਨੇ ਐਤਕੀਂ ਪੰਜਾਬ ਦੀ ਨਰਮਾ ਪੱਟੀ ਦੀ ਕਿਸਾਨੀ ਮਾਰ ਦਿੱਤੀ ਹੈ। ਭਾਰਤੀ ਕਪਾਹ ਨਿਗਮ ਨੇ ਨਮੀ ਬਾਰੇ ਮਾਪਦੰਡ ਏਨੇ ਸਖਤ ਕਰ ਦਿੱਤੇ ਹਨ ਕਿ ਇਸ ਦਾ ਸਿੱਧਾ ਲਾਹਾ ਪ੍ਰਾਈਵੇਟ ਵਪਾਰੀਆਂ ਨੂੰ ਮਿਲਣ ਲੱਗਿਆ ਹੈ। ਭਾਰਤੀ ਕਪਾਹ ਨਿਗਮ ਦੇ ਅਫਸਰ ਕਪਾਹ ਮੰਡੀਆਂ ਵਿਚ ਖੜੇ ਤਾਂ ਹਨ ਪਰ ਹਾਲੇ ਤੱਕ ਕਪਾਹ ਦੀ ਖ਼ਰੀਦ ਨੂੰ ਖੰਭ ਨਹੀਂ ਲੱਗ ਸਕੇ ਹਨ । ਹੁਣ ਤਾਂ ਜਦੋਂ ਭਾਅ ਦੇ ਪੱਖ ਤੋਂ ਪਾਣੀ ਸਿਰੋਂ ਲੰਘ ਗਿਆ ਤਾਂ ਕਿਸਾਨਾਂ ਨੇ ਮੰਡੀਆਂ ਵਿੱਚੋਂ ਫਸਲ ਵਾਪਿਸ ਘਰਾਂ ਨੂੰ ਲਿਜਾਣੀ ਸ਼ੁਰੂ ਕਰ ਦਿੱਤੀ ਹੈ। ਨਰਮੇ ਦੇ ਭਾਅ ਨੂੰ ਦੇਖਦਿਆਂ ਮੰਨਿਆ ਜਾ ਰਿਹਾ ਹੈ ਕਿ ਜੇਕਰ ਸਰਕਾਰ ਨੇ ਕਿਸਾਨਾਂ ਦੀ ਬਾਂਹ ਨਾਂ ਫੜੀ ਤਾਂ ਇਹ ਚੁੱਕ ਚੁਕਾਈ ਦਾ ਸਿਲਸਿਲਾ ਤੇਜ ਹੋ ਸਕਦਾ ਹੈ।
                              ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਾਲ 2018 ’ਚ ਮਲੋਟ ਰੈਲੀ ਵਿਚ ਵਾਅਦਾ ਕੀਤਾ ਸੀ ਕਿ ਐਤਕੀਂ ‘ਨਰਮਾ ਪੱਟੀ ਵਿਚ ਨਰਮੇ ਨੂੰ ਨਰਮ ਨਹੀਂ ’ ਪੈਣ ਦਿਆਂਗੇ। ਉਸ ਤੋਂ ਪਹਿਲਾਂ ਸਾਲ 2014 ਦੀਆਂ ਲੋਕ ਸਭ ਚੋਣਾਂ ਦੌਰਾਨ ਜਦੋਂ ਨਰਿੰਦਰ ਮੋਦੀ ਅਕਾਲੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਦੇ ਹੱਕ ’ਚ ਚੋਣ ਰੈਲੀ ਨੂੰ ਸੰਬੋਧਨ ਕਰਨ ਆਏ ਤਾਂ ਕਪਾਹ ਪੱਟੀ ਨੂੰ ਹੁਲਾਰਾ ਦੇਣ ਦਾ ਵਾਅਦਾ ਕੀਤਾ ਸੀ। ਇਸ ਦੇ ਨਾਲ ਹੀ ਖੇਤੀ ਆਰਡੀਨੈਂਸ ਲਾਗੂ ਹੋਣ ਤੋਂ ਬਾਅਦ ਭਾਰਤੀ ਜੰਤਾ ਪਾਰਟੀ ਦੇ ਤਮਾਮ ਆਗੂਆਂ ਨੇ ਪ੍ਰਚਾਰਿਆ ਸੀ ਕਿ ਐਮਐਸਪੀ ਬਰਕਰਾਰ ਰੱਖੀ ਜਾਏਗੀ। ਇਸ ਦੇ ਉਲਟ ਇਸ ਵਾਰ ਨਰਮੇ ਕਪਾਹ ਦੀ ਵਿੱਕਰੀ ਦੇ ਸੰਦਰਭ ’ਚ ਸਭ ਐਲਾਨਾਂ ਦੀ ਫੂਕ ਨਿਕਲ ਗਈ ਹੈ। ਕਪਾਹ ਨਿਗਮ ਨੇ ਤਾਂ ਬਹਾਨਾ ਹੀ ਬਣਾ ਲਿਆ ਹੈ ਕਿ ਉਹ 12 ਫੀਸਦੀ ਨਮੀ ਤੋਂ ਜ਼ਿਆਦਾ ਵਾਲੀ ਫਸਲ ਖਰੀਦ ਨਹੀਂ ਸਕਦੇ।
                                ਐਤਕੀਂ ਨਰਮੇ ਦਾ ਸਰਕਾਰੀ ਭਾਅ 5725 ਰੁਪਏ ਪ੍ਰਤੀ ਕੁਇੰਟਲ ਮਿਥਿਆ ਗਿਆ ਹੈ ਪ੍ਰੰਤੂ ਕਿਸਾਨ ਇਸ ਭਾਅ ਤੋਂ ਕਾਫੀ ਘੱਟ ਕੀਮਤ ’ਤੇ ਫਸਲ ਵੇਚ ਰਹੇ ਹਨ। ਬਠਿੰਡਾ ਵਿਚ ਨਰਮੇ ਦੀ ਫਸਲ 4500 ਤੋਂ 4800 ਰੁਪਏ ਪ੍ਰਤੀ ਕੁਇੰਟਲ ਤੱਕ ਵਿਕ ਰਹੀ ਹੈ। ਬੀਕੇਯੂ (ਉਗਰਾਹਾਂ) ਦੇ ਜ਼ਿਲਾ ਆਗੂ ਜਗਸੀਰ ਸਿੰਘ ਝੁੰਬਾ ਨੇ ਦੱਸਿਆ ਕਿ ਕੇਂਦਰ ਨੇ ਖੇਤੀ ਕਾਨੂੰਨ ਬਣਾ ਦਿੱਤੇ ਹਨ ਅਤੇ ਇਸੇ ਦੌਰਾਨ ਹਜ਼ਾਰਾਂ ਕੁਇੰਟਲ ਨਰਮਾ ਘੱਟ ਭਾਅ ’ਤੇ ਵਿਕ ਚੁੱਕਾ ਹੈ। ਜਦੋਂ ਪ੍ਰਾਈਵੇਟ ਵਪਾਰੀਆਂ ਕੋਲੋਂ ਬਣਦਾ ਭਾਅ ਨਾਂ ਮਿਲਿਆ ਅਤੇ ਖੱਜਲਖੁਆਰੀ ਪੱਲੇ ਪਈ ਤਾਂ ਕਿਸਾਨਾਂ ਨੇ ਫਸਲ ਸਮੇਤ ਘਰਾਂ ਨੂੰ ਪਰਤਣ ਵਾਲਾ ਰਸਤਾ ਚੁਣ ਲਿਆ ਹੈ। ਕਿਸਾਨ ਆਖਦੇ ਹਨ ਕਿ ਸੱਪਾਂ ਦੀਆਂ ਸਿਰੀਆਂ ਮਿੱਧ ਕੇ ਪੁੱਤਾਂ ਵਾਂਗ ਪਾਲੀ ਫਸਲ ਨੂੰ ਰੁਲਦਾ ਨਹੀਂ ਦੇਖਿਆ ਜਾਂਦਾ ਤਾਂਹੀਂ ਤਾਂ ਇਹ ਨੌਬਤ ਖੜੀ ਹੋਈ ਹੈ।
                           ਮਾਮਲੇ ਦਾ ਗੰਭੀਰ ਪਹਿਲੂ ਹੈ ਕਿ ਨਰਮਾ ਉਤਪਾਦਕ ਕਿਸਾਨਾਂ ਨੂੰ ਵਪਾਰੀਆਂ ਦੇ ਹਾੜੇ ਕੱਢਣੇ ਪੈ ਰਹੇ ਹਨ ਜਦੋਂਕਿ ਖਰੀਦਦਾਰਾਂ ਦੇ ਨਖਰੇ ਉੱਚੇ ਹੋ ਗਏ ਹਨ। ਪਿਛਲੇ ਦਿਨੀਂ ਕਿਸਾਨਾਂ ਨੇ ਮੰਡੀ ’ਚ ਨੰਗੇ ਧੜ ਪ੍ਰਦਰਸ਼ਨ ਕਰਕੇ ਭਾਅ ਦੇਣ ਦੀ ਮੰਗ ਕੀਤੀ ਸੀ ਪਰ ਕਪਾਹ ਨਿਗਮ ਦੇ ਅਧਿਕਾਰੀਆਂ ਦੇ ਕੰਨਾਂ ਤੇ ਜੂੰਅ ਨਹੀਂ ਸਰਕੀ ਹੈ। ਪਤਾ ਲੱਗਾ ਹੈ ਕਿ ਕਈ ਕਪਾਹ ਮੰਡੀਆਂ ਵਿਚ ਟਕਰਾਓ ਵਾਲਾ ਮਾਹੌਲ ਵੀ ਬਣ ਚੁੱਕਿਆ ਹੈ ਜੋ ਗੰਭੀਰ ਰੂਪ ਧਾਰਨ ਕਰ ਸਕਦਾ ਹੈ। ਬੱਲੂਆਣਾ ਦੇ ਕਿਸਾਨ ਬਲਦੇਵ ਸਿੰਘ ਦਾ ਕਹਿਣਾ ਸੀ ਕਿ ਕਿਸਾਨਾਂ ਨੂੰ ਰੋਲਣ ਲਈ ਬਹਾਨਿਆਂ ਦਾ ਸਹਾਰਾ ਲਿਆ ਜਾ ਰਿਹਾ ਹੈ। ਉਨਾਂ ਕਿਹਾ ਕਿ ਹੁਣ ਅਧਿਕਾਰੀਆਂ ਵੱਲੋਂ ਖਰੀਦਿਆ ਨਰਮਾ ਛੱਡ ਕੇ ਆਉਣ ਲਈ ਕਿਹਾ ਜਾ ਰਿਹਾ ਹੈ ਜੋਕਿ ਸੰਭਵ ਨਹੀਂ ਹੈ ਇਸ ਲਈ ਉਹ ਫਸਲ ਘਰ ਲਿਜਾ ਰਹੇ ਹਨ।

                 ਐਮਐਸਪੀ ਦੇ ਦਾਅਵਿਆਂ ਦੌਰਾਨ ਫਸਲ ਦੀ ਲੁੱਟ
    ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਕਪਾਹ ਨਿਗਮ ਦੀ ਬਦੌਲਤ ਕਿਸਾਨ ਮੰਡੀਆਂ ਵਿਚ ਲੁੱਟਿਆ ਜਾ ਰਿਹਾ ਹੈ। ਉਨਾਂ ਆਖਿਆ ਕਿ ਸਖਤ ਨਮੀ ਮਾਪਦੰਡਾਂ ਦੇ ਬਹਾਨੇ ਕਪਾਹ ਨਿਗਮ ਖਰੀਦ ਕਰਨ ਤੋਂ ਭੱਜ ਗਿਆ ਹੈ ਜਿਸ ਕਰਕੇ ਸਰਕਾਰ ਨੂੰ ਫੌਰੀ ਦਾਖਲ ਦੇਣਾ ਚਾਹੀਦਾ ਹੈ। ਉਨਾਂ ਆਖਿਆ ਕਿ ਮੋਦੀ ਸਰਕਾਰ ਨੇ ਆਖਿਆ ਸੀ ਕਿ ਫਸਲਾਂ ਐਮਐਸਪੀ ਤੇ ਵਿਕਣਗੀਆਂ ਪਰ ਨਵੇਂ ਖੇਤੀ ਕਾਨੂੰਨਾਂ ਤੇ ਦਸਤਖਤ ਹੁੰਦਿਆਂ ਹੀ ਪਹਿਲਾਂ ਨਰਮਾ ਕਪਾਹ ਰੋਲ ਦਿੱਤਾ ਗਿਆ ਹੈ। ਉਨਾਂ ਕਿਹਾ ਕਿ ਜਦੋਂ ਕੋਈ ਚਾਰਾ ਨਹੀਂ ਬਚਿਆ ਤਾਂ ਕਿਸਾਨਾਂ ਨੇ ਮਜਬੂਰੀ ਵੱਸ ਮੰਡੀਆਂ ਚੋਂ ਨਰਮਾ ਚੁੱਕਿਆ ਹੈ।

                ਮਾਪਦੰਡਾਂ ਤਹਿਤ ਨਰਮੇ ਦੀ ਖਰੀਦ:ਖੇਤਰੀ ਮੈਨੇਜਰ
    ਭਾਰਤੀ ਕਪਾਹ ਨਿਗਮ ਦੇ ਖੇਤਰੀ ਮੈਨੇਜਰ ਨੀਰਜ ਕੁਮਾਰ ਦਾ ਕਹਿਣਾ ਸੀ ਕਿ ਹੋ ਸਕਦਾ ਹੈ ਕਿ ਕਿਸਾਨ ਮੰਡੀ ਚੋਂ ਘਰ ਨਰਮਾ ਸੁਕਾਉਣ ਲਈ ਲੈ ਕੇ ਗਏ ਹੋਣ। ਉਨਾਂ ਕਿਹਾ ਕਿ ਨਿਗਮ ਸਿਰਫ 8 ਤੋਂ 12 ਫੀਸਦੀ ਨਮੀ ਵਾਲਾ ਨਰਮਾ ਖਰੀਦ ਸਗਦਾ ਹੈ। ਉਨਾਂ ਆਖਿਆ ਕਿ  ਖਰੀਦ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਪੰਜਾਬ ’ਚ ਹੁਣ ਤੱਕ 5ਹਜਾਰ ਕੁਇੰਟਲ ਤੋਂ ਵੱਧ ਨਰਮਾ ਖਰੀਦਿਆ ਜਾ ਚੁੱਕਾ ਹੈ। ਉਨਾਂ ਆਖਿਆ ਕਿ ਜੋ ਵੀ ਕਿਸਾਨ ਨਰਮਾ ਮਿੱਥੀ ਨਮੀ ਤੱਕ ਸੁਕਾ ਕੇ ਲਿਆਉਣਗੇ ਉਹ ਖਰੀਦ ਲਿਆ ਜਾਏਗਾ। ਉਨਾਂ ਕਿਹਾ ਕਿ ਉਂਜ ਕਿਸਾਨਾਂ ਦੀ ਮਰਜੀ ਹੈ ਉਹ ਜਿਸ ਨੂੰ ਚਾਹੁਣ ਆਪਣੀ ਫਸਲ ਵੇਚ ਸਕਦੇ ਹਨ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!