ਟੈਸਟ ਵਿੱਚ ਰਿਪੋਰਟ ਆਈ ਨੇਗੇਟਿਵ
ਗੁਰਾਇਆ(ਮੁਨੀਸ਼ ਬਾਵਾ)

ਵਿਸ਼ਵ ਪੱਧਰ ਤੇ ਲਗਾਤਾਰ ਆਪਣੇ ਪੈਰ ਪਸਾਰ ਰਹੀ ਕੋਰੋਨਾ ਮਹਾਮਾਰੀ ਦਾ ਜਲੰਧਰ ਜਿਲੇ ਵਿੱਚ ਪਹਿਲਾ ਕੇਂਦਰ ਬਣਿਆ ਵਿਰਕ ਪਿੰਡ ਹੁਣ ਕੋਰੋਨਾ ਮੁਕਤ ਹੋ ਗਿਆ ਹੈ।ਪਿੰਡ ਵਿੱਚ ਕੋਰੋਨਾ ਦੇ ਚਾਰ ਪਾਜੀਟਿਵ ਕੇਸ ਮਿਲਣ ਤੋਂ ਬਾਅਦ ਸਿਹਤ ਮਹਿਕਮੇ ਅਤੇ ਪ੍ਰਸ਼ਾਸ਼ਨ ਦੀ ਮੁਸਤੈਦੀ ਸਦਕਾ ਇਹ ਚਾਰੇ ਮਰੀਜ਼ ਪੂਰੀ ਤਰ੍ਹਾਂ ਠੀਕ ਹੋ ਗਏ ਹਨ।ਚੌਥੇ ਮਰੀਜ਼ ਦੀ ਰਿਪੋਰਟ ਨੇਗੇਟਿਵ ਆਉਣ ਤੋਂ ਬਾਅਦ ਹੁਣ ਵਿਰਕ ਪਿੰਡ ਵਿੱਚ ਕੋਰੋਨਾ ਵਾਇਰਸ ਦਾ ਕੋਈ ਵੀ ਐਕਟਿਵ ਕੇਸ ਨਹੀਂ ਹੈ।
ਇਸ ਬਾਰੇ ਜਾਣਕਾਰੀ ਦਿੰਦਿਆਂ ਸੀਐਚਸੀ ਬੜਾਪਿੰਡ ਦੀ ਸੀਨੀਅਰ ਮੈਡੀਕਲ ਅਫਸਰ ਡਾ. ਜਯੋਤੀ ਫੋਕੇਲਾ ਨੇ ਕਿਹਾ ਕਿ ਬੀਤੀ ੨੨ ਮਾਰਚ ਨੂੰ ਵਿਰਕ ਪਿੰਡ ਵਿੱਚ ਕੋਰੋਨਾ ਦੇ ਚਾਰ ਪਾਜੀਟਿਵ ਕੇਸ ਰਿਪੋਰਟ ਹੋਏ ਸਨ।ਇੱਕੋ ਪਰਿਵਾਰ ਦੇ ਚਾਰ ਮੈਂਬਰ ਹਰਜਿੰਦਰ ਸਿੰਘ, ਬਲਜਿੰਦਰ ਕੌਰ, ਹਰਦੀਪ ਸਿੰਘ ਅਤੇ ਸੰਦੀਪ ਸਿੰਘ ਨਵਾਂਸ਼ਹਿਰ ਵਿਖੇ ਕੋਰੋਨਾ ਪਾਜੀਟਿਵ ਆਏ ਬਲਦੇਵ ਸਿੰਘ ਦੇ ਨਜ਼ਦੀਕੀ ਸੰਪਰਕ ਵਿੱਚ ਆਏ ਸਨ।ਇਲਾਜ ਤੋਂ ਬਾਅਦ ਬੀਤੇ ਦਿਨੀ ਸੰਦੀਪ ਸਿੰਘ ਨੂੰ ਛੱਡ ਕੇ ਬਾਕੀ ਸਾਰਿਆ ਦਾ ਟੈਸਟ ਕੋਰੋਨਾ ਨੇਗੇਟਿਵ ਆਇਆ ਸੀ।ਹੁਣ ਸੰਦੀਪ ਸਿੰਘ ਦਾ ਟੈਸਟ ਵੀ ਨੇਗੇਟਿਵ ਆਇਆ ਹੈ।
ਪਿੰਡ ਵਿੱਚ ਕੋਰੋਨਾ ਮਰੀਜ਼ ਦੀ ਸੂਚਨਾ ਤੋਂ ਬਾਅਦ ਐਸਡੀਐਮ ਫਿਲੌਰ ਡਾ. ਵਿਨੀਤ ਕੁਮਾਰ ਜੀ ਦੀ ਅਗਵਾਈ ਵਿੱਚ ਪ੍ਰਸ਼ਾਸ਼ਨਿਕ ਟੀਮ, ਡੀਐਸਪੀ ਦਵਿੰਦਰ ਸਿੰਘ ਅੱਤਰੀ ਦੀ ਪੁਲਿਸ ਟੀਮ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਨੇ ਪਿੰਡ ਵਿੱਚ ਦਿਨ-ਰਾਤ ਕੰਮ ਕੀਤਾ।ਵਿਰਕ ਫਿਲੌਰ ਸਬ ਡਿਵੀਜ਼ਨ ਦਾ ਇੱਕ ਵੱਡਾ ਪਿੰਡ ਹੈ, ਜਿਸ ਵਿੱਚ ੮੯੩ ਘਰ ਹਨ ਅਤੇ ਇਸਦੀ ਅਬਾਦੀ ਵੀ ੪੯੭੧ ਹੈ।ਸਮੂਹ ਪਿੰਡ ਵਾਸੀਆਂ ਦੀ ਸਿਹਤ ਜਾਂਚ ਕਰਨਾ ਅਤੇ ਕੋਰੋਨਾ ਨੂੰ ਅੱਗੇ ਵਧਣ ਤੋਂ ਰੋਕਣ ਲਈ ਇੱਕ ਵੱਡੀ ਟੀਮ ਅਤੇ ਲਗਾਤਾਰ ਕੰਮ ਕਰਨ ਦੀ ਲੋੜ ਸੀ, ਜਿਸਨੂ ਬਖੂਬੀ ਅੰਜਾਮ ਦਿੱਤਾ ਗਿਆ।
ਪਿੰਡ ਵਿੱਚ ਕੋਰੋਨਾ ਦਾ ਪ੍ਰਸਾਰ ਰੋਕਣ, ਘਰ-ਘਰ ਸਰਵੇ ਕਰਨ ਅਤੇ ਕੋਰੋਨਾ ਪਾਜੀਟਿਵ ਮਰੀਜ਼ਾਂ ਨੂੰ ਟੈਸਟ ਵਾਸਤੇ ਜਿਲਾ ਹਸਪਤਾਲ ਭੇਜਣ ਦੇ ਸਾਰੇ ਕੰਮਕਾਜ ਦੀ ਨਿਗਰਾਨੀ ਕਰਨ ਵਾਲੀ ਸੀਨੀਅਰ ਮੈਡੀਕਲ ਅਫਸਰ ਡਾ. ਜਯੋਤੀ ਫੋਕੇਲਾ ਨੇ ਕਿਹਾ ਕਿ ਸਰਵੇ ਦੌਰਾਨ ਅਜੀਹੇ ੨੯ ਲੋਕ ਸਾਹਮਣੇ ਆਏ ਸਨ, ਜਿਨਾਂ ਦਾ ਪਾਜੀਟਿਵ ਮਰੀਜਾਂ ਦੇ ਨਾਲ ਸੰਪਰਕ ਰਿਹਾ ਸੀ। ਇਨਾਂ ਸਭ ਦੇ ਟੈਸਟ ਕਰਵਾਏ ਗਏ ਅਤੇ ਰਿਪੋਰਟ ਨੇਗੇਟਿਵ ਆਈ।ਇਹ ਸਿਹਤ ਵਿਭਾਗ ਅਤੇ ਪ੍ਰਸ਼ਾਸ਼ਨ ਦੀ ਮੁਸਤੈਦੀ ਦਾ ਹੀ ਨਤੀਜਾ ਹੈ ਕਿ ਅਸੀਂ ਵਾਇਰਸ ਦੇ ਫੈਲਾਵ ਨੂੰ ਇਕ ਪਰਿਵਾਰ ਤੱਕ ਹੀ ਸੀਮਿਤ ਰੱਖਣ ਵਿੱਚ ਸਫਲ ਹੋਏ।
ਡਾ. ਮੋਹਿਤ ਚੰਦਰ, ਡਾ. ਮਮਤਾ ਗੌਤਮ, ਡਾ. ਹਰਪ੍ਰੀਤ ਕੌਰ, ਆਰਬੀਐਸਕੇ ਦੇ ਡਾ. ਬਲਜਿੰਦਰ, ਡਾ. ਤਨੁ ਅਤੇ ਡਾ. ਵਰੁਣ ਦੀ ਅਗਵਾਈ ਵਿੱਚ ਸਿਹਤ ਵਿਭਾਗ ਦੀਆਂ ਟੀਮਾਂ ਨੇ ਰੋਜ਼ਾਨਾ ਪਿੰਡ ਦੇ ਲੋਕਾਂ ਦੀ ਸਿਹਤ ਜਾਂਚ ਕੀਤੀ ਅਤੇ ਯਕੀਨੀ ਬਣਾਇਆ ਕਿ ਵਾਇਰਸ ਨਾ ਫੈਲੇ।ਸਿਹਤ ਸੁਪਰਵਾਇਜ਼ਰ ਅਵਤਾਰ ਚੰਦ ਅਤੇ ਕੁਲਦੀਪ ਵਰਮਾ ਅਤੇ ਉਨ੍ਹਾਂ ਦੀ ਟੀਮ ਨੇ ਬੜੀ ਹੀ ਮੁਸਤੈਦੀ ਦੇ ਨਾਲ ਪਿੰਡ ਵਿੱਚ ਸਰਵੇ ਨੂੰ ਅੰਜਾਮ ਦਿੱਤਾ ਅਤੇ ਸ਼ੱਕੀ ਮਰੀਜਾਂ ਨੂੰ ਟੈਸਟਿੰਗ ਦੇ ਲਈ ਭੇਜਿਆ।ਏਐਨਐਮ ਸ਼ਸ਼ੀ ਬਾਲਾ ਅਤੇ ਆਸ਼ਾ ਵਰਕਰਾਂ ਦੀਆਂ ਟੀਮਾਂ ਨੇ ਵੀ ਘਰ-ਘਰ ਜਾ ਕੇ ਸਕ੍ਰੀਨਿੰਗ ਕਰਨ ਵਿੱਚ ਅਹਿਮ ਭੂਮਿਕਾ ਨਿਭਾਈ।
ਡਾ. ਜਯੋਤੀ ਫੋਕੇਲਾ ਨੇ ਸਥਾਨੀ ਯੂਥ ਕਲਬ ਅਤੇ ਪਿੰਡ ਵਿੱਚ ਸੈਨੀਟੇਸ਼ਨ ਦਾ ਕੰਮ ਕਰਨ ਵਾਲੇ ਹੋਰ ਵਿਭਾਗਾਂ ਦੇ ਕੰਮਾਂ ਦੀ ਵੀ ਸ਼ਲਾਘਾ ਕੀਤੀ ਅਤੇ ਨਾਲ ਹੀ ਭਰਪੂਰ ਸਮਰਥਨ ਦੇ ਲਈ ਸਿਵਲ ਸਰਜਨ ਜਲੰਧਰ ਜੀ ਦਾ ਅਤੇ ਸਿਵਲ ਹਸਪਤਾਲ ਵਿਖੇ ਮਰੀਜ਼ਾਂ ਦਾ ਇਲਾਜ਼ ਕਰਨ ਵਾਲੇ ਡਾਕਟਰਾਂ ਤੇ ਸਮੂਹ ਪੈਰਾ-ਮੈਡੀਕਲ ਸਟਾਫ ਦਾ ਧੰਨਵਾਦ ਕੀਤਾ।