23.7 C
United Kingdom
Wednesday, June 24, 2026

More

    ਨਗਰ ਨਿਗਮ ਬਠਿੰਡਾ ਨੇ ਚਲਾਇਆ ‘ਪੁਰਾਣੇ ਰੁੱਖਾਂ’ ਤੇ ‘ਸ਼ੱਕ’ ਦਾ ਕੁਹਾੜਾ

    ਅਸ਼ੋਕ ਵਰਮਾ
    ਬਠਿੰਡਾ,4ਅਕਤੂਬਰ। ਬਠਿੰਡਾ ਦੇ ਪਾਸ਼ ਇਲਾਕੇ ‘ਵੀਰ ਕਲੋਨੀ’ ’ਚ ਨਗਰ ਨਿਗਮ ਬਠਿੰਡਾ ਨੇ 20 ਸਾਲ ਪੁਰਾਣੇ ਦਰਖਤ ਕੱਟ ਦਿੱਤੇ ਹਨ ਜਿਸ ਨੂੰ ਲੈਕੇ ਕਲੋਨੀ ਵਾਸੀਆਂ ’ਚ ਰੋਸ ਬਣ ਗਿਆ ਹੈ। ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਸਮਾਜ ਸੇਵੀਆਂ ਨੇ ਉੱਚ ਪੱਧਰ ਤੇ ਸ਼ਕਾਇਤ ਕਰਨ ਦਾ ਫੈਸਲਾ ਲਿਆ ਹੈ। ਹਾਲਾਂਕਿ ਅਧਿਕਾਰੀਆਂ ਦੀ ਦਰਖਤ ਕੱਟਣ ਪਿੱਛੇ ਆਪਣੀ ਦਲੀਲ ਹੈ ਜਿਸ ਨਾਲ ਲੋਕ ਸਹਿਮਤ ਨਹੀਂ ਹਨ। ਰੌਚਕ ਤੱਥ ਹੈ ਕਿ ਟਰੱਸਟ ਦੇ ਮੌਜੂਦਾ ਚੇਅਰਮੈਨ ਅਤੇ ਸੀਨੀਅਰ ਕਾਂਗਰਸੀ ਆਗੂ ਕੇ ਕੇ ਅਗਰਵਾਲ ਦੀ ਰਿਹਾਇਸ਼ ਵੀ ਇਸੇ ਇਲਾਕੇ ’ਚ ਹੈ ਜੋ ਹਰੀ ਪੱਟੀ ਦੇ ਉਜਾੜੇ ਨਾਲ ਅਸਹਿਮਤ ਹਨ। ਜਾਣਕਾਰੀ ਅਨੁਸਾਰ ਵੀਰ ਕਲੋਨੀ ’ਚ ਪਾਰਕ ਨੰਬਰ 104 ਹੈ ਜਿੱਥੇ ਤਿੰਨ ਪੁਰਾਣੇ ਦਰੱਖਤ ਕੱਟ ਦਿੱਤੇ ਹਨ। ਨਿਗਮ ਦੇ ਇੱਕ ਅਧਿਕਾਰੀ ਮੁਤਾਬਕ ਇੰਨਾਂ ਚੋਂ ਇੱਕ ਦਰੱਖਤ ਪੂਰੀ ਤਰਾਂ ਸੁੱਕ ਗਿਆ ਸੀ ਜਦੋਂਕਿ ਦੂਸਰਿਆਂ ਕਾਰਨ ਤਿਲਕਣ ਅਤੇ ਬਦਬੂ ਬਣਦੀ ਸੀ। ਉਨਾਂ ਆਖਿਆ ਕਿ ਇਸ ਕਾਰਨ ਇਹ ਰੁੱਖ ਕੱਟਣੇ ਜਰੂਰੀ ਹੋ ਗਏ ਸਨ ਕਿਉਂਕਿ ਕੋਈ ਹਾਦਸੇ ਦਾ ਡਰ ਸੀ।
                              ਸ਼ਹਿਰ ਦੀ ਅਮਰੀਕ ਸਿੰਘ ਰੋਡ ਤੇ ਇੰਪਰੂਵਮੈਂਟ ਟਰੱਸਟ ਵੱਲੋਂ ਵਸਾਈ ਗਈ ਇਸ ਕਲੋਨੀ ’ਚ ਕਈ ਵਰੇ ਪਹਿਲਾਂ ਲੱਖਾਂ ਰੁਪਏ ਖਰਚ ਕੇ ਹਰੀ ਪੱਟੀ ਤਿਆਰ ਕੀਤੀ ਸੀ  ਜਿਸ ’ਚ ਦਰੱਖ਼ਤਾਂ ਕਾਰਨ ਗਰਮੀਆਂ ’ਚ ਤਾਪਮਾਨ ਘੱਟ ਰਹਿੰਦਾ ਸੀ। ਰੌਚਕ ਤੱਥ ਹੈ ਕਿ ਦਰਖਤ ਦੀ ਕੱਟਣ ਲਈ ਪ੍ਰਵਾਨਗੀ ਲੈਣੀ ਹੁੰਦੀ ਹੈ ਜੋ ਹਾਸਲ ਕਰਨੀ ਜਰੂਰੀ ਨਹੀਂ ਸਮਝੀ ਗਈ ਹੈ। ਸੂਤਰ ਦੱਸਦੇ ਹਨ ਕਿ ਜੁਬਾਨੀ ਕਲਾਮੀ ਆਦੇਸ਼ਾਂ ਤੇ ਹੀ  ਇਸ ਕਲੋਨੀ ਵਿੱਚ ਪੈਦੇ ਨਗਰ ਨਿਗਮ ਦੇ ਰੁੱਖਾਂ ’ਤੇ ਕੁਹਾੜਾ ਚੱਲ ਗਿਆ ਹੈ। ਇਹ ਦਰੱਖਤ ਕਾਫੀ ਉਚੇ, ਲੰਮੇ ਤੇ ਸੰਘਣੇ ਸਨ ਫਿਰ ਵੀ ਇਨਾਂ ਨੂੰ ਕੱਟ ਦਿੱਤਾ ਗਿਆ ਹੈ। ਕਲੋਨੀ ਵਾਸੀ ਤੇ ਸਮਾਜਸੇਵੀ ਸਾਧੂ ਰਾਮ ਕੁਸਲਾ ਦਾ ਕਹਿਣਾ ਸੀ ਕਿ ਕੱਟੇ ਜਾਣ ਵਾਲੇ ਅੰਜੀਰ ਦੇ ਦਰਖਤ ਸਨ ਜਿੰਨਾਂ ਦੇ ਪੱਤਿਆਂ ਦੀ ਲੋਕ ਮੈਡੀਕਲੀ ਵਰਤੋਂ ਕਰਦੇ ਹਨ। ਉਨਾਂ ਆਖਿਆ ਕਿ ਜੇਕਰ ਮੰਨ ਵੀ ਲਿਆ ਜਾਏ ਪਰ ਕੀ ਤਿਲਕਣ ਸਾਰਾ ਸਾਲ ਰਹਿੰਦੀ ਹੈ। ਉਨਾਂ ਆਖਿਆ ਕਿ ਮਾਮਲਾ ਸ਼ੱਕੀ ਹੈ ਇਸ ਲਈ ਜਾਂਚ ਕਰਕੇ ਕਸੂਰਵਾਰ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਣੀ ਚਾਹੀਦੀ ਹੈ।
                               ਦੱਸਣਯੋਗ ਹੈ ਕਿ ਬਠਿੰਡਾ ’ਚ ਤਾਂ ਪਹਿਲਾਂ ਹੀ ਹਰਿਆਲੀ ਦੀ ਤੋਟ ਹੈ। ਪਹਿਲਾਂ ਸ਼ਹਿਰ ਵਿਚਦੀ ਲੰਘਦੇ ਕੌਮੀ ਸੜਕ ਮਾਰਗ ਤੇ ਡਿਵਾਈਡਰ ਬਨਾਉਣ ਲਈ ਸੜਕ ਚੌੜੀ ਕਰਨ ਵਾਸਤੇ ਦੋਵੇਂ ਪਾਸੇ ਰੁੱਖ ਕੱਟੇ ਗਏ ਸਨ। ਉਦੋਂ ਨਗਰ ਨਿਗਮ ਨੇ ਪੱਕੇ ਫੁੱਟ ਪਾਥ ਤਾਂ ਬਣਾ ਦਿੱਤੇ ਪਰ ਕੱਟੇ ਰੁੱਖਾਂ ਜਿੰਨੇਂ ਪੌਦੇ ਨਹੀਂ ਲਾਏ ਹਨ। ਇਸ ਤੋਂ ਬਿਨਾਂ ਸ਼ਹਿਰ ’ਚ ਵੱਸੀਆਂ ਨਵੀਆਂ ਕਲੋਨੀਆਂ ਨੇ ਵੀ ਸੈਂਕੜੇ ਰੁੱਖਾਂ ਦੀ ਬਲੀ ਲਈ ਹੈ ਜਿਸ ਕਰਕੇ ਛਾਂ ਦੇ ਪੱਖ ਤੋਂ  ਕਾਫੀ ਸਹਾਰਾ ਬਣਨ ਵਾਲੇ ਇੰਨਾਂ ਦਰਖਤਾਂ  ਦਾ ਲਿਹਾਜ਼ ਨਹੀਂ ਕੀਤਾ ਗਿਆ ਹੈ। ਕਟਾਈ ਦਾ ਕੰਮ ਕਰ ਰਹੇ ਮਜਦੂਰਾਂ ਨੇ ਦੱਸਿਆ ਕਿ ਉਨਾਂ ਨੂੰ ਇਸ ਦਾ ਹੁਕਮ ਅਫਸਰਾਂ ਵਲੋਂ ਦਿੱਤਾ ਗਿਆ ਹੈ।  ਇੰਨਾਂ ਮਜਦੂਰਾਂ ਨੇ ਅਧਿਕਾਰੀ ਦਾ ਨਾਮ ਨਹੀਂ ਦੱਸਿਆ ਪਰ ਏਨਾਂ ਹੀ ਆਖਿਆ ਕਿ ਉਹ ਹੁਕਮ ਵਜਾ ਰਹੇ ਹਨ। ਵਾਤਾਵਰਨ ਪ੍ਰੇਮੀ ਆਖਦੇ ਹਨ ਕਿ ਇੱਕ ਪਾਸੇ ਨਗਰ ਨਿਗਮ ਹਰਿਆਲੀ ਮਿਸ਼ਨ ਚਲਾਉਂਦਾ ਹੈ ਤੇ ਦੂਜੇ ਪਾਸੇ ਚੰਗੇ ਭਲੇ ਰੁੱਖ ਕੱਟੇ ਜਾ ਰਹੇ ਹਨ ਜੋਕਿ ਸਹੀ ਨਹੀਂ ਹੈ


    ਸਮਾਜਿਕ ਕਾਰਕੁੰਨ ਸਿਦਕ ਫੋਰਮ ਦੇ ਪ੍ਰਧਾਨ ਸਾਧੂ ਰਾਮ ਕੁਸਲਾ ਦਾ ਕਹਿਣਾ ਹੈ ਕਿ ਉਹ ਸੋਮਵਾਰ ਨੂੰ ਇਸ ਮਾਮਲੇ ਜਾਂਚ ਲਈ ਲਿਖਤੀ ਸ਼ਕਾਇਤ ਕਰ ਰਹੇ ਹਨ ਕਿਉਂਕਿ ਕਲੋਨੀ ਵਾਸੀਆਂ ਨੂੰ ਇਸ ਪਿੱਛੇ ਕਥਿਤ ਚੱਕ ਥੱਲ ਦਾ ਸ਼ੱਕ ਹੈ। ਉਨਾਂ ਕਿਹਾ ਕਿ ਇਹ ਰੁੱਖ 20 ਸਾਲ ਪੁਰਾਣੇ ਹਨ ਅਤੇ ਏਨੇ ਵਰਿ੍ਰਆਂ ਦੌਰਾਨ ਤਾਂ ਕੋਈ ਸਮੱਸਿਆ ਨਹੀਂ ਆਈ ਹੈ। ਉਨਾਂ ਕਿਹਾ ਕਿ ਨਗਰ ਨਿਗਮ ਅਧਿਕਾਰੀ ਬੇਬੁਨਿਆਦ ਦਲੀਲਾਂ ਦੇ ਰਹੇ ਹਨ ਜਦੋਂਕਿ ਅਸਲ ਮਸਲਾ ਕੁੱਝ ਹੋਰ ਹੈ। ਉਨਾਂ ਕਿਹਾ ਕਿ ਜੇਕਰ ਕਟਾਈ ਦੀ ਡੂੰਘਾਈ ਅਤੇ ਨਿਰਪੱਖਤਾ ਨਾਲ ਜਾਂਚ ਕੀਤੀ ਜਾਏ ਤਾਂ ਕਈ ਭੇਦ ਖੁੱਲ ਸਕਦੇ ਹਨ।

                                      ਕਲੋਨੀ ਵਾਸੀਆਂ ਦੀ ਦਲੀਲ
    ਕਲੋਨੀ ਵਾਸੀਆਂ ਦਾ ਕਹਿਣਾ ਸੀ ਕਿ ਹਰੇ ਭਰੇ ਦਰਖਤ ਛਾਂ ਅਤੇ ਪ੍ਰਦੂਸ਼ਣ ਦੇ ਪੱਖ ਤੋਂ ਵਰਦਾਨ ਬਣੇ ਹੋਏ ਸਨ।  ਉਨਾਂ ਕਿਹਾ ਜੇਕਰ ਕਟਾਈ ਦੀ ਬਜਾਏ ਹੋਰ ਵੀ ਹਰੀ ਪੱਟੀ ਵਿਕਸਿਤ ਕੀਤੀ ਜਾਂਦੀ ਤਾਂ ਕਲੋਨੀ ਨੂੰ ਹੋਰ ਚਾਰ ਚੰਨ ਲੱਗਣੇ ਸਨ।  ਉਨਾਂ ਦਰਖਤਾਂ ਦੀ ਬੇਲੋੜੀ ਕਟਾਈ ਕਰਵਾਉਣ ਵਾਲਿਆਂ ਖਿਲਾਫ ਵਾਤਾਵਰਨ ਕਾਨੂੰਨਾਂ ਤਹਿਤ ਸਖਤ ਕਾਰਵਾਈ ਦੀ ਮੰਗ ਕੀਤੀ ਹੈ।

                              ਲੋੜ ਕਾਰਨ ਹੀ ਕਟਾਈ ਕੀਤੀ:ਐਕਸੀਅਨ
    ਨਗਰ ਨਿਗਮ ਬਠਿੰਡਾ ਦੇ ਕਾਰਜਕਾਰੀ ਇੰਜਨੀਅਰ ਗੁਰਪ੍ਰੀਤ ਸਿੰਘ ਦਾ ਕਹਿਣਾ ਸੀ ਕਿ ਇੰਨਾਂ ਚੋ ਇੱਕ ਦਰੱਖਤ ਤਾਂ ਪੂਰੀ ਤਰਾਂ ਸੁੱਕ ਗਿਆ ਸੀ ਜੋ ਤੇਜ ਹਵਾ ਕਾਰਨ ਡਿੱਗ ਕੇ ਜਾਨਲੇਵਾ ਸਾਬਤ ਹੋ ਸਕਦਾ ਸੀ। ਉਨਾਂ ਆਖਿਆ ਕਿ ਦੂਜੇ ਅੰਜੀਰ ਦੇ ਦਰਖਤਾਂ ਨੂੰ ਅਜਿਹੇ ਫਲ ਲੱਗਦੇ ਹਨ ਜਿੰਨਾਂ ਦੇ ਧਰਤੀ ਤੇ ਡਿੱਗਣ ਕਾਰਨ ਏਦਾਂ ਦਾ ਤਰਲ ਪਦਾਰਥ ਨਿਕਲਦਾ ਹੈ ਜਿਸ ਨਾਲ ਬਦਬੂ ਫੈਲਦੀ ਅਤੇ ਤਿਲਕਣ ਬਣਦੀ ਹੈ। ਉਨਾਂ ਆਖਿਆ ਕਿ ਪੂਰੀ ਸੋਚ ਵਿਚਾਰ ਤੋਂ ਬਾਅਦ ਹੀ ਦਰੱਖਤਾਂ ਨੂੰ ਕੱਟਿਆ ਗਿਆ ਹੈ,ਬੋਲੋੜੀ ਕਟਾਈ ਵਾਲੀ ਕੋਈ ਗੱਲ ਨਹੀਂ ਹੈ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!