ਅਸ਼ੋਕ ਵਰਮਾ
ਮਾਨਸਾ, 03ਅਕਤੂਬਰ2020: ਉੱਤਰ ਪ੍ਰਦੇਸ਼ ਦੇ ਹਾਥਰਸ ਵਿਖੇ ਦਲਿਤ ਪਰਿਵਾਰ ਦੀ 19 ਸਾਲਾ ਲੜਕੀ ਦੇ ਬਲਾਤਕਾਰ ਉਪਰੰਤ ਕਤਲ ਕਰਨ ਦੇ ਮਾਮਲੇ ’ਚ ਅੱਜ ਸੀ.ਪੀ.ਆਈ. ਸ਼ਹਿਰੀ ਦੇ ਸਕੱਤਰ ਰਤਨ ਭੋਲਾ, ਸਾਬਕਾ ਕੌਂਸਲਰ ਸ਼ਿਵਚਰਨ ਸੂਚਨ, ਦਰਸ਼ਨ ਪੰਧੇਰ ਅਤੇ ਕਾਕਾ ਸਿੰਘ ਦੀ ਅਗਵਾਈ ਹੇਠ ਰੋਸ ਮਾਰਚ ਕਰਕੇ ਠੀਕਰੀਵਾਲਾ ਚੌਂਕ ਵਿਖੇ ਯੋਗੀ ਸਰਕਾਰ ਦੀ ਅਰਥੀ ਫੂਕੀ ਅਤੇ ਯੋਗੀ ਸਰਕਾਰ ਬਰਖਾਸਤ ਕਰਨ ਦੀ ਮੰਗ ਕੀਤੀ। ਸੀ.ਪੀ.ਆਈ. ਦੇ ਜਿਲਾ ਸਕੱਤਰ ਕਿ੍ਰਸ਼ਨ ਚੌਹਾਨ ਨੇ ਕਿਹਾ ਕਿ 14 ਸਤੰਬਰ ਤੋਂ 4 ਗੁੰਡਿਆਂ ਵੱਲੋਂ ਕੀਤੇ ਗਏ ਬਲਾਤਕਾਰ ਤੋਂ ਪੀੜਤ ਲੜਕੀ ਟੁੱਟੀ ਰੀੜ ਦੀ ਹੱਡੀ ਅਤੇ ਕੱਟੀ ਜੀਭ ਕਾਰਨ ਮਾੜੇ ਪ੍ਰਬੰਧਾਂ ਕਾਰਨ ਜ਼ਿੰਦਗੀ-ਮੌਤ ਦੀ ਲੜਾਈ ਹਾਰ ਗਈ ਜੋਕਿ ਯੋਗੀ ਸਰਕਾਰ ਦੇ ਮੱਥੇ ਤੇ ਕਲੰਕ ਹੈ।
ਉਨਾਂ ਆਖਿਆ ਕਿ ਇਸ ਘਟਨਾ ਨੂੰ ਦਬਾਉਣ ਲਈ ਪੁਲਿਸ ਦੇ ਜੋਰ ਤੇ ਪੀੜਤ ਪਰਿਵਾਰ ਅਤੇ ਹਮਦਰਦਾਂ ਨੂੰ ਨਜ਼ਰਅੰਦਾਜ਼ ਕਰਕੇ ਰਾਤੋ-ਰਾਤ ਗੈਰਕਾਨੂੰਨੀ ਢੰਗ ਨਾਲ ਸੰਸਕਾਰ ਕਰਕੇ ਲੋਕਤੰਤਰ ਦਾ ਘਾਣ ਕੀਤਾ ਗਿਆ ਹੈ। ਸਾਥੀ ਚੌਹਾਨ ਨੇ ਕਿਹਾ ਕਿ ਮੰਨੂਵਾਦੀ ਸੋਚ ਦੀ ਮਾਲਿਕ ਮੋਦੀ ਸਰਕਾਰ ਧਰਮ, ਜਾਤੀ ਅਧਾਰਿਤ ਅਖੌਤੀ ਰਾਸ਼ਟਰਵਾਦ ਦਾ ਨਾਅਰਾ ਲਾ ਕੇ ਕੇਵਲ ਇੱਕ ਫਿਰਕੇ ਦੇ ਲੋਕਾਂ ਦੀ ਸਰਕਾਰ ਕਹਿ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ ਅਤੇ ਲਗਾਤਾਰ ਘੱਟ ਗਿਣਤੀਆਂ, ਦਲਿਤਾਂ ਨੂੰ ਅੱਤਿਆਚਾਰ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਉਨਾਂ ਕਿਹਾ ਕਿ ਮੋਦੀ ਸਰਕਾਰ ਵੱਲੋਂ ਕੀਤੇ ਜਾ ਰਹੇ ਕਾਰਨਾਮਿਆਂ ਅਤੇ ਲੋਕ ਵਿਰੋਧੀ ਫੈਸਲਿਆਂ ਵਿਰੁੱਧ ਮੋਦੀ ਅਤੇ ਯੋਗੀ ਸਰਕਾਰ ਖਿਲਾਫ ਪੂਰੇ ਦੇਸ਼ ਅੰਦਰ ਰੋਸ ਦੀ ਲਹਿਰ ਵੇਖਣ ਨੂੰ ਮਿਲ ਰਹੀ ਹੈ।
ਇਸ ਸਮੇਂ ਸੀ.ਪੀ.ਆਈ. ਸ਼ਹਿਰੀ ਕਮੇਟੀ ਦੇ ਆਗੂਆਂ ਨੇ ਹਾਥਰਸ ਘਟਨਾ ਦੇ ਦੋਸ਼ੀਆਂ ਨੂੰ ਸਖ਼ਤ ਸਜ਼ਾਵਾਂ ਦੇ ਕੇ ਪੀੜਤ ਪਰਿਵਾਰ ਨੂੰ ਇਨਸਾਫ ਅਤੇ ਯੋਗੀ ਸਰਕਾਰ ਨੂੰ ਬਰਖਾਸਤ ਕਰਨ ਦੀ ਮੰਗ ਕੀਤੀ। ਇਸ ਮੌਕੇ ਹਰਨੇਕ ਸਿੰਘ ਢਿੱਲੋਂ, ਰਾਮ ਸਿੰਘ ਮਾਨਸਾ, ਗੁਰਜੰਟ ਸਿੰਘ, ਮਾ. ਕਿ੍ਰਸ਼ਨ ਜੋਗਾ, ਗੁਰਚਰਨ ਭਿੰਡਰ, ਹਰਬੰਤ ਸਿੰਘ, ਹਰਪਾਲ ਬੱਪੀਆਣਾ, ਗੋਰਾ ਟਾਹਲੀਆਂ, ਮਿੱਠੂ ਸਿੰਘ ਮਾਨਸਾ ਆਦਿ ਆਗੂ ਹਾਜ਼ਰ ਸਨ।