24.8 C
United Kingdom
Wednesday, June 24, 2026

More

    ਕਿਸਾਨ ਸੰਗਠਨਾਂ ਵੱਲੋਂ ਦਿੱਤੇ ਗਏ ਰੇਲ ਰੋਕੋ ਅੰਦੋਲਨ ਨੂੰ ਪੂਰਨ ਹਮਾਇਤ – ਪਾਸਲਾ

    ਅਸ਼ੋਕ ਵਰਮਾ
    ਜਲੰਧਰ; 27 ਸਤੰਬਰ –
    ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ),  ਕਿਸਾਨ ਜੱਥੇਬੰਦੀਆਂ ਵੱਲੋਂ 1 ਅਕਤੂਬਰ ਤੋਂ ਕੀਤੇ ਜਾ ਰਹੇ ਰੇਲ ਆਵਾਜਾਈ ਜਾਮ ਕਰਨ ਦੇ ਫੈਸਲੇ ਨੂੰ ਪੂਰਨ ਹਮਾਇਤ ਦੇਵੇਗੀ।  ਇਹ ਜਾਣਕਾਰੀ ਅੱਜ ਇੱਕ ਬਿਆਨ ਰਾਹੀਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਅਤੇ ਪੰਜਾਬ ਰਾਜ ਕਮੇਟੀ ਦੇ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਦਿੱਤੀ। ਸਾਥੀ ਪਾਸਲਾ ਅਤੇ ਜਾਮਾਰਾਏ ਨੇ 25 ਸਤੰਬਰ ਦੇ ਸਫਲ ਬੰਦ ਦੀ ਕਾਮਯਾਬੀ ਵਿੱਚ ਬੇਮਿਸਾਲ ਯੋਗਦਾਨ ਪਾਉਣ ਵਾਲੇ ਸਭਨਾਂ ਦੇਸ਼ ਹਿਤੈਸ਼ੀਆਂ ਨੂੰ ਪਾਰਟੀ ਵੱਲੋਂ  ਸੰਗਰਾਮੀ ਮੁਬਾਰਕਾਂ ਪੇਸ਼ ਕੀਤੀਆਂ। ਉਨਾਂ ਪਾਰਟੀ ਦੀਆਂ ਸਮੂਹ ਇਕਾਈਆਂ ਨੂੰ ਸੱਦਾ ਦਿੱਤਾ ਕਿ ਉਹ  29 ਸਤੰਬਰ ਨੂੰ ਰੇਲ ਆਵਾਜਾਈ ਜਾਮ ਕਰਨ ਦਾ ਸੱਦਾ ਸਫਲ ਕਰਨ ਦਾ ਹੋਕਾ ਦੇਣ ਲਈ ਪਿੰਡਾਂ, ਕਸਬਿਆਂ ਅਤੇ ਮੁਹੱਲਿਆਂ ’ਚ ਮੋਟਰਸਾਈਕਲ- ਸਕੂਟਰ ਮਾਰਚ ਕਰਨ।
                                        ਕਮਿਊਨਿਸਟ ਆਗੂਆਂ ਨੇ ਲੋਕ ਰਾਇ ਨੂੰ ਦਰਕਿਨਾਰ ਕਰਦਿਆਂ ਲੋਕ ਸਭਾ ਵਿੱਚ  ਬਹੁਮਤ ਦੇ ਜ਼ੋਰ ’ਤੇ ਅਤੇ ਰਾਜ ਸਭਾ ਵਿੱਚ  ਨਿਯਮ- ਕਾਇਦੇ ਤੇ ਜਮਹੂਰੀ ਤਕਾਜਿਆਂ ਦੀ ਉਲੰਘਣਾ ਕਰਦਿਆਂ ਤਿੰਨੇ ਖੇਤੀ ਕਾਨੂੰਨ ਪਾਸ ਕਰਨ ਵਾਲੀ ਕੇਂਦਰੀ ਦੀ ਮੋਦੀ ਸਰਕਾਰ ਦੀ ਜੋਰਦਾਰ ਨਿਖੇਧੀ ਕਰਦਿਆਂ ਆਵਾਮ ਨੂੰ ਇਸ ਤਾਨਾਸ਼ਾਹ ਹਕੂਮਤ ਖਿਲਾਫ਼ ਸੰਘਰਸ਼ਾਂ ਵਿੱਚ ਨਿੱਤਰਨ ਅਤੇ ਹਕੂਮਤੀ ਕੂੜ ਪ੍ਰਚਾਰ ਦਾ ਡੱਟਵਾਂ ਟਾਕਰਾ ਕਰਨ ਦਾ ਸੱਦਾ ਦਿੱਤਾ। ਸਾਥੀ ਪਾਸਲਾ ਅਤੇ ਜਾਮਾਰਾਏ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਵਿਧਾਨ ਸਭਾ ਦਾ ਵਿਸ਼ੇਸ਼ ਸੈਸ਼ਨ ਸੱਦ ਕੇ ਇੰਨਾਂ ਕਾਨੂੰਨਾਂ ਨੂੰ ਰੱਦ ਕਰਨ ਦਾ ਮਤਾ ਪਾਸ ਕਰੇ।
                                ਉਨਾਂ ਇਹ ਵੀ ਅਪੀਲ ਕੀਤੀ ਕਿ ਮੁੱਖ ਮੰਤਰੀ ਆਲ ਪਾਰਟੀ ਮੀਟਿੰਗ ਰਾਹੀਂ ਇੰਨਾਂ ਕਾਨੂੰਨਾਂ ’ਤੇ ਦਸਤਖਤ ਨਾ ਕਰਨ ਦੀ ਅਪੀਲ ਕਰਦਾ ਸਰਵਸੰਮਤ ਮਤਾ ਪਾਸ ਕਰਕੇ ਰਾਸ਼ਟਰਪਤੀ ਕੋਲ ਪੁੱਜਦਾ ਕਰਨ ਦੀ ਫੌਰੀ ਪਹਿਲਕਦਮੀ ਕਰਨ। ਅਕਾਲੀ ਦਲ ਵੱਲੋਂ ਭਾਰਤੀ ਜਨਤਾ ਪਾਰਟੀ ਵੱਲੋਂ ਕੀਤੇ ਤੋੜ ਵਿਛੋੜੇ ’ਤੇ ਟਿੱਪਣੀ ਕਰਦਿਆਂ ਦੋਹਾਂ ਆਗੂਆਂ ਨੇ ਕਿਹਾ ਕਿ ਧਰਮਨਿਰਪੱਖਤਾ, ਜਮਹੂਰੀਅਤ ਤੇ ਫੈਡਰਲਿਜ਼ਮ ਦੇ ਜੜੀਂ ਤੇਲ ਦੇਣ ਵਾਲੇ ਅਤੇ ਦਲਿਤਾਂ, ਇਸਤਰੀਆਂ, ਘੱਟ ਗਿਣਤੀਆਂ ਖਿਲਾਫ ਜੁਲਮ ਕਰਨ ਵਾਲਿਆਂ ਬਾਰੇ ਤਾਂ ਇਹੀ ਕਿਹਾ ਜਾ ਸਕਦਾ ਹੈ ਕਿ, ‘ ਸਭ ਕੁੱਛ ਲੁਟਾ ਕੇ ਹੋਸ਼ ਮੇਂ ਆਏ ਤੋ ਕਿਆ ਕਿਆ ਆਏ!’ ਦੋਵਾਂ ਆਗੂਆਂ ਨੇ  ਜਾਗਦੀਆਂ ਜ਼ਮੀਰਾਂ ਵਾਲੇ ਲੋਕਾਂ ਨੂੰ ਮੋਦੀ ਸਰਕਾਰ ਦੇ ਇਸ ਵਤੀਰੇ ੇ ਵਿਰੁੱਧ ਹਰ ਮੋਰਚੇ ’ਤੇ ਡੱਟਣ ਦੀ ਅਪੀਲ ਕੀਤੀ। 

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!