ਨਿਹਾਲ ਸਿੰਘ ਵਾਲਾ (ਮਿੰਟੂ ਖੁਰਮੀ)

ਮੋਦੀ ਹਕੂਮਤ ਵੱਲੋਂ ਲਿਆਂਦੇ ਗਏ ਖੇਤੀ ਵਿਰੋਧੀ ਆਰਡੀਨੈਂਸ, ਬਿਜਲੀ ਬਿੱਲ 2020 ਨੂੰ ਰੱਦ ਕਰਾਉਣ ਲਈ ਪੰਜਾਬ ਬੰਦ ਦੇ ਸੱਦੇ ਤਹਿਤ ਅੱਜ ਕੁਲ ਹਿੰਦ ਕਿਸਾਨ ਸੰਘਰਸ਼ ਤਾਲਮੇਲ ਕਮੇਟੀ ਅਤੇ ਸਹਿਯੋਗੀ ਭਰਾਤਰੀ ਜਥੇਬੰਦੀਆਂ ਦੀ ਅਗਵਾਈ ਹੇਠ ਮੇਨ ਸੜਕ ਜਾਮ ਕਰਕੇ ਐਸ ਡੀ ਐਮ ਦਫਤਰ ਦੇ ਬਾਹਰ ਧਰਨਾ ਲਾਇਆ ਗਿਆ।
ਅੱਜ ਦੇ ਧਰਨੇ ‘ਚ ਵੱਖ ਵੱਖ ਜਥੇਬੰਦੀਆਂ ਦੇ ਆਗੂਆਂ ਨੇ ਭਾਰੀ ਇਕੱਠ ਨੂੰ ਸੰਬੋਧਨ ਕਰਦਿਆਂ ਕਿ ਇਹਨਾਂ ਖੇਤੀ ਆਰਡੀਨੈਂਸਾਂ ਨੇ ਮੰਡੀਕਰਨ ਨੂੰ ਤਬਾਹ ਕਰਕੇ, ਫਸਲ ਦਾ ਘੱਟੋ ਘੱਟ ਸਮੱਰਥਨ ਮੁੱਲ ਖਤਮ ਕਰਕੇ ਦੇਸ਼ ਦੀ ਕਿਸਾਨੀ ਨੂੰ ਅੰਬਾਨੀ, ਅਡਾਨੀ ਵਰਗੇ ਸਰਮਾਏਦਾਰਾਂ ਦੇ ਹਵਾਲੇ ਕਰ ਦੇਣਾ ਹੈ। ਇਸ ਦੇ ਨਤੀਜੇ ਵਜੋਂ ਕਿਸਾਨੀ ਦੇ ਨਾਲ ਹੀ ਮਜਦੂਰ, ਆੜਤੀਏ, ਪੱਲੇਦਾਰ ਆਦਿ ਸਭ ਬਰਬਾਦ ਹੋ ਜਾਣਗੇ।
ਉਹਨਾਂ ਕਿਹਾ ਕਿ ਇਹਨਾਂ ਆਰਡੀਨੈਂਸਾਂ ਨੇ ਖਾਧ ਖੁਰਾਕ ਦੀ ਸਰਕਾਰ ਦੀ ਗਾਰੰਟੀ ਨੂੰ ਖਤਮ ਕਰਨ ਲਈ ਵੱਡੀਆਂ ਪ੍ਰਾਈਵੇਟ ਏਜੰਸੀਆਂ ਨੂੰ ਮਨ ਮਰਜੀ ਮੁਤਾਬਿਕ ਅਨਾਜ ਸਟੋਰ ਕਰਨ ਦੀ ਖੁੱਲ ਦੇਣੀ ਹੈ। ਅਨਾਜ ਦੀਆਂ ਕੀਮਤਾਂ ਨੂੰ ਇਹ ਏਜੰਸੀਆਂ ਆਪਣੇ ਮੁਨਾਫਿਆਂ ਮੁਤਾਬਿਕ ਕੰਟਰੋਲ ਕਰਨਗੀਆਂ।
ਉਹਨਾਂ ਕਿਹਾ ਕਿ ਇਹਨਾਂ ਆਰਡੀਨੈਂਸਾਂ ਰਾਹੀਂ ਕੰਟਰੈਕਟ ਫਾਰਮਿੰਗ ਨੂੰ ਵਧਾਇਆ ਜਾਣਾ ਹੈ। ਜਿਸ ਨਾਲ ਛੋਟੇ ਕਿਸਾਨਾਂ ਦੀਆਂ ਜਮੀਨਾਂ ਵੱਡੇ ਧਨਾਢਾਂ ਕੋਲ ਇਕੱਠੀਆਂ ਹੋਣ ਨਾਲ ਪਹਿਲਾਂ ਹੀ ਤਬਾਹੀ ਦਾ ਸ਼ਿਕਾਰ ਕਿਸਾਨ ਬਰਬਾਦ ਹੋ ਜਾਵੇਗਾ।
ਉਹਨਾਂ ਕਿਹਾ ਕਿ ਸਰਮਾਏਦਾਰਾਂ ਨੂੰ ਗੱਫੇ ਦੇਣ ਲਈ ਹੀ ਮੋਦੀ ਹਕੂਮਤ ਬਿਜਲੀ ਸੋਧ ਬਿੱਲ 2020 ਲੈ ਕੇ ਆਈ ਹੈ। ਜਿਸ ਨਾਲ ਬਚੀਆਂ ਹੋਈਆਂ ਸਰਕਾਰੀ ਨੌਕਰੀਆਂ ਖਤਮ ਹੋ ਜਾਣਗੀਆਂ। ਬਿਜਲੀ ਮਹਿੰਗੀ ਹੋਵੇਗੀ। ਬੁਲਾਰਿਆਂ ਕਿਹਾ ਕਿ ਪੰਜਾਬ ਦੇ ਲੋਕ ਕਿਸੇ ਵੋਟ ਬਟੋਰੂ ਸਿਆਸੀ ਪਾਰਟੀ ਨੂੰ ਮੂੰਹ ਨਹੀਂ ਲਾਉਣਗੇ। ਪੰਜਾਬ ਦੇ ਲੋਕ ਕਿਸਾਨ ਜਥੇਬੰਦੀਆਂ ਦੇ ਝੰਡੇ ਹੇਠ ਇੱਕਠੇ ਹੋ ਗਏ ਹਨ। ਅਤੇ ਇਹਨਾਂ ਆਰਡੀਨੈਂਸਾਂ ਨੂੰ ਰੱਦ ਕਰਾਉਣ ਤੱਕ ਇਹ ਅੰਦੋਲਨ ਜਾਰੀ ਰਹੇਗਾ। ਇਸ ਸਮੇਂ ਗੁਰੂਦੁਆਰਾ ਸਾਹਿਬ ਨਾਨਕਸਰ ਤਖਤਪੁਰਾ ਦੇ ਮੈਨੇਜ਼ਰ ਬਾਬਾ ਰਾਜਿੰਦਰ ਸਿੰਘ, ਡਾ ਫ਼ਕੀਰ ਮੁਹੰਮਦ, ਟੈਕਸੀ ਸਟੈਂਡ ਯੂਨੀਅਨ (ਪੱਤੋਂ ਹੀਰਾ ਸਿੰਘ) , ਬਹੁਜਨ ਸਮਾਜ ਪਾਰਟੀ , ਅਪੰਗ ਸਵੰਗ ਲੋਕਮੰਚ ਪੰਜਾਬ , ਸਮੂਹ ਪੰਚਾਇਤ ਰਾਮੂਵਾਲਾ ਹਰਚੋਕਾਂ , ਭਾਰਤੀ ਕਿਸਾਨ ਯੂਨੀਅਨ ਕਾਦੀਆ , ਕੁੱਲ ਹਿੰਦ ਕਿਸਾਨ ਸਭਾ , ਲੇਖਕ ਵਿਚਾਰ ਮੰਚ ਨਿਹਾਲ ਸਿੰਘ ਵਾਲਾ , ਸਫਾਈ ਸੇਵਕ ਯੂਨੀਅਨ ਨਿਹਾਲ ਸਿੰਘ ਵਾਲਾ, ਲੇਬਰ ਮਜਦੂਰ ਯੂਨੀਅਨ ਨਿ.ਸਿੰ.ਵਾਲਾ, ਵਪਾਰ ਮੰਡਲ ਨਿਹਾਲ ਸਿੰਘ ਵਾਲਾ, ਕਿਸਾਨ ਯੂਨੀਅਨ ਲੱਖੋਵਾਲ, ਮੈਡੀਕਲ ਪ੍ਰੈਕਟੀਸਨ ਐਸੋਸੀਏਸ਼ਨ, ਮਾਰਕੀਟ ਕਮੇਟੀ (ਮੋਗਾ) , ਪ੍ਰਸਨਰ ਯੂਨੀਅਨ , ਨਰੇਗਾ ਰੁਜਗਾਰ ਪ੍ਰਾਪਤੀ ਮਜਦੂਰ ਯੂਨੀਅਨ , ਬਾਬਾ ਜੀਵਨ ਸਿੰਘ ਸਮਾਜ ਸੇਵਾ ਕਲੱਬ , ਆਲ ਇੰਡੀਆ ਸਟੂਡੈਂਟ ਫੈਡਰੇਸ਼ਨ (ਨਿਹਾਲ ਸਿੰਘ ਵਾਲਾ) , ਜੈ ਹੋ ਰੰਗਮੰਚ ਨਿਹਾਲ ਸਿੰਘ ਵਾਲਾ, ਆੜਤੀਆ ਐਸੋਸੀਏਸ਼ਨ, ਸ਼ੈਲਰ ਐਸੋਸੀਏਸ਼ਨ, ਬੀਜ ਵਿਕਰੇਤਾ ਐਸੋਸੀਏਸ਼ਨ, ਕਰਿਆਨਾ ਐਸੋਸੀਏਸ਼ਨ, ਹਲਵਾਈ ਐਸੋਸੀਏਸ਼ਨ, ਟੈਟ ਐਸੋਸੀਏਸ਼ਨ,ਮੁਸਲਮਾਨ ਭਾਈਚਾਰਾ ਨਿਹਾਲ ਸਿੰਘ ਵਾਲਾ ਅਤੇ ਹੋਰ ਸੰਸਥਾਵਾਂ ਨੇ ਭਾਗ ਲਿਆ ਅਤੇ ਇਸ ਮੌਕੇ ਵਿਸ਼ੇਸ਼ ਤੌਰ ਤੇ ਮੈਡੀਕਲ ਐਸੋਸੀਏਸ਼ਨ ਵੱਲੋਂ ਧਰਨਾ ਕਾਰੀਆਂ ਲਈ ਮੁਫ਼ਤ ਦਵਾਈਆਂ ਦੀ ਸਟਾਲ ਵੀ ਲਗਾਈ ਗਈ। ਇਸ ਧਰਨੇ ਦੀ ਵਿਸ਼ੇਸ਼ ਗੱਲ ਇਹ ਰਹੀ ਕਿ ਧਰਨੇ ਵਿੱਚ ਨੌਜਵਾਨ ਵਰਗ ਦੀ ਗਿਣਤੀ ਮਨ ਨੂੰ ਤਸੱਲੀ ਦੇ ਰਹੀ ਜਾਪਦੀ ਸੀ। ਵੱਡੀ ਗਿਣਤੀ ਚ ਇਕੱਠੀ ਹੋਈ ਜਵਾਨੀ ਵੱਲੋਂ ਸੰਘਰਸ਼ਾਂ ਦੇ ਸਾਥੀ ਬਣਨਾ ਸ਼ੁਭ ਸੰਕੇਤ ਵੱਲ ਇਸ਼ਾਰਾ ਕਰ ਰਿਹਾ ਜਾਪਦਾ ਸੀ।