ਅਸ਼ੋਕ ਵਰਮਾ
ਬਠਿੰਡਾ, 16 ਸਤੰਬਰ। ਬਠਿੰਡਾ ਜਿਲੇ ਦੇ ਗੁਆਂਢ ’ਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੇ ਜੱਦੀ ਪਿੰਡ ਬਾਦਲ ਵਿੱਚ ਖੇਤੀ ਕਾਨੂੰਨਾਂ ’ਚ ਤਬਦੀਲੀਆਂ ਸਮੇਤ ਤਿੰਨ ਵੱਖ ਵੱਖ ਆਰਡੀਨੈਂਸਾਂ ਨੂੰ ਕਾਨੂੰਨ ਬਣਨ ਤੋਂ ਰੋਕਣ ਲਈ ਲਾਏ ਪੰਜ ਰੋਜਾ ਕਿਸਾਨ ਮੋਰਚੇ ਵਿੱਚ ਖੇਤਾਂ ਦੇ ‘ਸਰਦਾਰ’ ਡਟੇ ਹੋਏ ਹਨ ਜਿੰਨਾਂ ਨੇ ਆਖਰੀ ਸਾਹ ਤੱਕ ਲੜਾਈ ਲੜਨ ਦਾ ਫੈਸਲਾ ਲਿਆ ਹੈ। ਆਪਣੇ ਖੇਤ ਬਚਾਉਣ ਖਾਤਰ ਉਹ ਕੋਈ ਵੀ ਕੁਰਬਾਨੀ ਦੇਣ ਨੂੰ ਤਿਆਰ ਹਨ। ਇਸੇ ਤਰਾਂ ਹੀ ਕਿਸਾਨ ਮੋਰਚੇ ਵਿੱਚ ਡਟੀਆਂ ਬਜ਼ੁਰਗ ਔਰਤਾਂ ਨੇ ਘਰਾਂ ਦੇ ਕੰਮ ਛੱਡ ਦਿੱਤੇ ਹਨ। ਉਮਰ ਦੇ ਇਸ ਪੜਾਅ ’ਚ ਜਦੋਂ ਉਨਾਂ ਨੂੰ ਅਰਾਮ ਕਰਨਾ ਚਾਹੀਦਾ ਹੈ ਤਾਂ ਉਹ ਖੇਤਾਂ ਦੀ ਜੂਹ ਨੂੰ ਸਿਆਸੀ ਹੱਲੇ ਤੋਂ ਬਚਾਉਣ ਲਈ ਘਰਾਂ ਦੀ ਦਹਿਲੀਜ਼ ਤੋਂ ਬਾਹਰ ਕੁੱਦੀਆਂ ਹਨ। ਵੱਡੀ ਗਿਣਤੀ ਔਰਤਾਂ ਪਹਿਲੀ ਦਫ਼ਾ ਕਿਸਾਨ ਮੋਰਚੇ ਵਿੱਚ ਪੁੱਜੀਆਂ ਹਨ ਜਦੋਂਕਿ ਹਰੇਕ ਸੰਘਰਸ਼ ’ਚ ਮੋਹਰੀ ਰਹਿਣ ਵਾਲੀਆਂ ਦੀ ਗਿਣਤੀ ਵੀ ਘੱਟ ਨਹੀਂ ਹੈ। ਅੱਜ ਇੰਨਾਂ ਕਿਸਾਨਾਂ ਨੇ ਸਰਕਾਰਾਂ ਖਿਲਾਫ ਨਾਅਰੇ ਵੀ ਮਾਰੇ ਤੇ ਹੱਕ ਵੀ ਮੰਗੇ।
ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਕਾਰਜਕਾਰੀ ਸੂਬਾ ਜਰਨਲ ਸਕੱਤਰ ਹਰਿੰਦਰ ਕੌਰ ਬਿੰਦੂ ਅਤੇ ਸੀਨੀਅਰ ਆਗੂ ਮਾਲਣ ਕੌਰ ਕੋਠਾ ਗੁਰੂ ਨੇ ਕਿਹਾ ਕਿ ਵੱਡੀ ਗਿਣਤੀ ਵਿੱਚ ਉਹ ਔਰਤਾਂ ਮੋਰਚੇ ਵਿੱਚ ਪੁੱਜ ਰਹੀਆਂ ਹਨ, ਜਿਨਾਂ ਨੇ ਪਹਿਲਾਂ ਵੀ ਸੰਘਰਸ਼ਾਂ ਵਿੱਚ ਸ਼ਮੂਲੀਅਤ ਕੀਤੀ ਹੈ। ਉਨਾਂ ਆਖਿਆ ਕਿ ਹੁਣ ਔਰਤਾਂ ਝਾਂਸੀ ਵਾਲੀ ਰਾਣੀ ਦੇ ਰੂਪ ਵਿੱਚ ਸਰਕਾਰ ਨਾਲ ਟੱਕਰਨਗੀਆਂ ਕਿਉਂਕਿ ਕਾਰਪੋਰੇਟ ਕੰਪਨੀਆਂ ਦੇ ਹੱਲਿਆਂ ਤੋਂ ਜਮੀਨਾਂ ਬਚਾਉਣ ਲਈ ਹੁਣ ਕੋਈ ਚਾਰਾ ਨਹੀਂ ਬਚਿਆ ਹੈ। ਇਹੋ ਹਾਲ ਵੱਡੀ ਉਮਰ ਦੇ ਕਿਸਾਨਾਂ ਦਾ ਹੈ ਜਿੰਨਾਂ ਨੂੰ ਫਿਕਰ ਹੈ ਕਿ ਕਦੇ ਪੋਤਿਆਂ ਨੂੰ ਕਿਤੇ ਸੜਕਾਂ ’ਤੇ ਨਾ ਬੈਠਣਾ ਪਵੇ। ਇਸੇ ਉਮੀਦ ਨਾਲ ਉਹ ਵਰਿਆਂ ਤੋਂ ਕਦੇ ਰੇਲ ਲਾਈਨਾਂ ’ਤੇ ਬੈਠਦੇ ਹਨ ਅਤੇ ਕਿਤੇ ਸੜਕਾਂ ’ਤੇ ਡਟ ਜਾਂਦੇ ਹਨ । ਇੰਨਾਂ ਵੱਡੀ ਉਮਰ ਦੇ ਕਿਸਾਨਾਂ ਨੇ ਹੋਰਨਾਂ ਦੀ ਤਰਾਂ ਹੁਣ ਬਾਦਲ ’ਚ ਡੇਰਾ ਜਮਾਇਆ ਹੋਇਆ ਹੈ। ਜਿਸ ਤਰਾਂ ਦੀ ਮੰਦਭਾਗੀ ਵਾਅ ਹੁਣ ਖੇਤੀ ਖੇਤਰ ਲਈ ਵਗੀ ਹੈ ਉਸ ਦੌਰਾਨ 15 ਸਤੰਬਰ ਨੂੰ ਸ਼ੁਰੂ ਹੋਇਆ ਬਾਦਲ ਦਾ ਮੋਰਚਾ ਉਨਾਂ ਲਈ ਪ੍ਰੀਖਿਆ ਤੋਂ ਘੱਟ ਨਹੀਂ ਹੈ।
ਖੇਤੀ ਕਾਨੂੰਨ ਵਿਰੋਧੀ ਮੋਰਚੇ ’ਚ ਡਟੇ ਹੋਏ ਵੱਡੀ ਉਮਰ ਦੇ ਕਿਸਾਨਾਂ ਦਾ ਕਹਿਣਾ ਹੈ ਕਿ ਸਰਕਾਰ ਕਿਸਾਨਾਂ ਨੂੰ ਖੇਤਾਂ ਚੋਂ ਬੇਦਖਲ ਨਹੀਂ ,ਚੰਗੇ ਦਿਨ ਦਿਖਾਵੇ। ਇੱਕ ਕਿਸਾਨ ਤਾਂ ਅਜਿਹਾ ਵੀ ਹੈ ਜਿਸ ਨੇ ਤਾਂ ਐਮਰਜੈਂਸੀ ਵੇਲੇ ਪ੍ਰਕਾਸ਼ ਸਿੰਘ ਬਾਦਲ ਦੇ ਸੱਦੇ ’ਤੇ ਵੀ ਜੇਲ ਕੱਟੀ ਸੀ ਅਤੇ ਹੁਣ ਉਹ ਬਾਦਲ ਮੋਰਚੇ ’ਚ ਡਟਿਆ ਹੋਇਆ ਹੈ। ਉਸਨੇ ਕਿਹਾ ਕਿ ਵੱਡਾ ਬਾਦਲ ਕਿਸਾਨਾਂ ਵੱਲ ਦੇਖੇ। ਅਜਿਹੇ ਦਰਜਨਾਂ ਕਿਸਾਨਾਂ ਹੁਣ ਕਿਸਾਨ ਘੋਲ ਨੂੰ ਹੀ ਆਪਣਾ ਧਰਮ ਮੰਨਦੇ ਹਨ। ਕਿਸਾਨ ਜਰਨੈਲ ਸਿੰਘ ਜ਼ਿੰਦਗੀ ਦਾ ਆਖਰੀ ਪਹਿਰ ਵੀ ਕਿਸਾਨ ਮੋਰਚੇ ਦੇ ਲੇਖੇ ਲਾ ਰਿਹਾ ਹੈ। ਬਿਰਧ ਜਸਵੰਤ ਕੌਰ ਲਈ ਜ਼ਿੰਦਗੀ ਦਾ ਆਖਰੀ ਪਹਿਰ ਸੌਖਾ ਨਹੀਂ ਹੈ । ਉਹ ਆਪਣੇ ਪੁੱਤ ਪੋਤਿਆਂ ਦੀ ਖਾਤਰ ਲੜਾਈ ਲੜਨ ਲਈ ਲਗਾਤਾਰ ਕਿਸਾਨ ਮੋਰਚਿਆਂ ਵਿੱਚ ਸ਼ਾਮਲ ਹੋ ਰਹੀ ਹੈ ਤਾਂ ਜੋ ਕੋਈ ਉਨਾਂ ਦੇ ਖੇਤਾਂ ਦਾ ਵਾਲ ਵਿੰਗਾ ਨਾ ਕਰ ਸਕੇ। ਹੁਣ ਇਹ ਬਜ਼ੁਰਗ ਔਰਤ ਉਸ ਮੋਰਚੇ ਵਿੱਚ ਕੁੱਦੀ ਹੋਈ ਲਈ ਤਿਆਰ ਬੈਠੀ ਹੈ, ਜਿਸ ਦਾ ਖੇਤੀ ਕਾਨੂੰਨਾਂ ਦੇ ਖ਼ਿਲਾਫ਼ ਲੱਗਣ ਦਾ ਮੁੱਢ ਬੱਝਿਆ ਹੈ ।
ਇਸੇ ਤਰਾਂ ਹੀ ਬਜ਼ੁਰਗ ਕਿਸਾਨ ਕੌਰ ਸਿੰਘ ਨੇ ਦੱਸਿਆ ਕਿ ਜਦੋਂ ਦੇਸ਼ ਵਿੱਚ ‘ਜੈ ਜਵਾਨ ਜੈ ਕਿਸਾਨ’ ਦਾ ਨਾਅਰਾ ਲੱਗਿਆ ਸੀ ਤਾਂ ਉਸ ਨੂੰ ਕਿਸਾਨ ਹੋਣ ਦੇ ਨਾਤੇ ਫਖਰ ਹੋਇਆ ਸੀ ਪਰ ਹੌਲੀ ਸਰਕਾਰਾਂ ਦੀਆਂ ਖੇਤੀ ਵਿਰੋਧੀ ਤੇ ਕਾਰਪੋਰੇਟ ਪੱਖੀ ਨੀਤੀਆਂ ਨੇ ਉਸ ਦੇ ਭਰਮ ਭੁਲੇਖੇ ਦੂਰ ਕਰ ਦਿੱਤੇ ਹਨ। ਮਹੱਤਵਪੂਰਨ ਤੱਥ ਹੈ ਕਿ ਹਰ ਬਜ਼ੁਰਗ ਔਰਤ ਅਤੇ ਪੁਰਸ਼ ਦੇ ਚਿਹਰੇ ਤੋਂ ਸੰਘਰਸ਼ੀ ਲੋਅ ਝਲਕ ਰਹੀ ਹੈ। ਕਿਸਾਨ ਮੋਰਚੇ ਵਿੱਚ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਨਿਸ਼ਾਨੇ ’ਤੇ ਰਹੀ। ਕਿਸਾਨਾਂ ਨੇ ਕਾਨੂੰਨਾਂ ’ਚ ਤਬਦੀਲੀ ਦੀ ਸੂਰਤ ਵਿੱਚ ਜਮੀਨਾਂ ਖੁੱਸਣ ਦੇ ਫਿਕਰ ਜਾਹਰ ਕੀਤੇ। ਕਿਸਾਨਾਂ ਨੇ ਦੱਸਿਆ ਕਿ ਕਰਜਿਆਂ ਕਾਰਨ ਵੱਡੀ ਬਹੁਤੇ ਜੱਟ ਬੇਜਮੀਨੇ ਹੋ ਗਏ ਹਨ। ਉਨਾਂ ਆਖਿਆ ਕਿ ਹੁਣ ਜਦੋਂ ਸਰਕਾਰ ਜਮੀਨਾਂ ਨੂੰ ਕੰਪਨੀਆਂ ਹਵਾਲੇ ਕਰਨ ਦਾ ਰਾਹ ਪੱਧਰਾ ਕਰ ਰਹੀ ਹੈ ਤਾਂ ਕਿਸਾਨਾਂ ਦਾ ਕੀ ਬਣੇਗਾ ਵੱਡਾ ਸਵਾਲ ਬਣਿਆ ਹੋਇਆ ਹੈ ਜਿਸ ਦੇ ਹੱਲ ਲਈ ਸੜਕਾਂ ਮੱਲਣੀਆਂ ਪਈਆਂ ਹਨ।
ਖੇਤ ਸਰਕਾਰਾਂ ਦਾ ਏਜੰਡਾ ਨਹੀਂ:ਮਾਨ
ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਜਿਲਾ ਪ੍ਰਧਾਨ ਸ਼ਿੰਗਾਰਾ ਸਿੰਘ ਮਾਨ ਦਾ ਕਹਿਣਾ ਸੀ ਕਿ ਜੇਕਰ ਬਾਦਲ ਪਰਿਵਾਰ ਨੂੰ ਕਿਸਾਨਾਂ ਦਾ ਹੇਜ ਹੋਵੇ ਤਾਂ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ ਕਿਸਾਨਾਂ ਦੇ ਮਸਲੇ ਹੱਲ ਕਰਵਾ ਸਕਦੀ ਹੈ। ਉਨਾਂ ਆਖਿਆ ਕਿ ਅਸਲ ਵਿੱਚ ਖੇਤ ਸਰਕਾਰਾਂ ਦਾ ਏਜੰਡਾ ਨਹੀਂ ਹਨ ਬਲਕਿ ਸਰਕਾਰੀ ਨੀਤੀਆਂ ਸਰਮਾਏਦਾਰ ਪੱਖੀ ਹਨ ਜਿਸ ਕਰਕੇ ਕਿਸਾਨਾਂ ਦੀ ਜਿੰਦਗੀ ਸੰਘਰਸ਼ਾਂ ਲੇਖੇ ਲੱਗੀ ਹੋਈ ਹੈ । ਉਨਾਂ ਕਿਹਾ ਕਿ ਹੁਣ ਮੋਦੀ ਸਰਕਾਰ ਚੰਗੀ ਤਰਾਂ ਕਿਸਾਨਾਂ ਦਾ ਸਬਰ ਪਰਖ ਹੀ ਲਵੇ। ਉਨਾਂ ਆਖਿਆ ਕਿ ਸਰਕਾਰਾਂ ਦੀਆਂ ਖੇਤੀ ਵਿਰੋਧੀ ਨੀਤੀਆਂ ਖਿਲਾਫ ਜਿੱਤ ਤੱਕ ਲੜਾਈ ਜਾਰੀ ਰਹੇਗੀ।