ਗਲਾਸਗੋ (ਮਨਦੀਪ ਖੁਰਮੀ ਹਿੰਮਤਪੁਰਾ)
ਗਲਾਸਗੋ ਸਿਟੀ ਕੌਂਸਲ ਲੀਡਰ ਸੁਜਾਨ ਏਟਕਨ ਦੀਆਂ ਬੀਤੇ ਦਿਨ ਸਮਾਜਿਕ ਦੂਰੀ ਨਿਯਮਾਂ ਦੀ ਉਲੰਘਣਾ ਕਰਦਿਆਂ ਤਸਵੀਰਾਂ ਨਸ਼ਰ ਹੋਣ ਤੋਂ ਬਾਅਦ ਸੁਜਾਨ ਤੇ ਉਸਦੀਆਂ ਸਾਥਣਾਂ ਨੂੰ ਆਲੋਚਨਾ ਦਾ ਸਾਹਮਣਾ ਕਰਨਾ ਪਿਆ ਸੀ। ਸਕਾਟਲੈਂਡ ਦੀ ਫਸਟ ਮਿਨਿਸਟਰ ਨਿਕੋਲਾ ਸਟਰਜਨ ਨੇ ਵੀ ਇਸ ਮਾਮਲੇ ‘ਤੇ ਤਿੱਖਾ ਪ੍ਰਤੀਕਰਮ ਦਿੰਦਿਆ ਕਿਹਾ ਹੈ ਕਿ ਲੋਕਾਂ ਦੇ ਚੁਣੇ ਨੁਮਾਇੰਦਿਆਂ ਨੂੰ ਇਹ ਪ੍ਰਭਾਵ ਨਹੀਂ ਦੇਣਾ ਚਾਹੀਦਾ ਕਿ ਉਹ ਲੋਕਾਂ ਨਾਲੋਂ ਵੱਖਰੇ ਹਨ। ਲੋਕ ਇਹ ਉਮੀਦ ਰੱਖਦੇ ਹਨ ਕਿ ਜਿਹੜੀਆਂ ਹਦਾਇਤਾਂ ਦੀ ਪਾਲਣਾ ਅਸੀਂ ਕਰ ਰਹੇ ਹਾਂ, ਉਹਨਾਂ ਦੇ ਚੁਣੇ ਨੇਤਾ ਵੀ ਉਸੇ ਤਰ੍ਹਾਂ ਪਾਲਣਾ ਕਰਦੇ ਹੋਣਗੇ। ਸਕਾਟਲੈਂਡ ਵਿੱਚ ਮੁੜ ਤਾਲਾਬੰਦੀ ਹਦਾਇਤਾਂ ਦੀ ਸਖਤੀ ਤੋਂ ਦੂਜੇ ਦਿਨ ਹੀ ਸੁਜਾਨ ਦੀਆਂ ਮਰਚੈਂਟ ਸਿਟੀ ਦੇ ਇੱਕ ਪੱਬ ਵਿੱਚ ਡਰਿੰਕ ਪੀਂਦਿਆਂ ਦੀਆਂ ਤਸਵੀਰਾਂ ਚਰਚਾ ਵਿੱਚ ਆਈਆਂ ਸਨ ਤੇ ਉਸਨੇ ਇਸ ਸੰਬੰਧੀ ਮਾਫੀ ਵੀ ਮੰਗੀ ਹੈ।
ਸਕਾਟਲੈਂਡ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਜੇਕਰ ਤੁਸੀਂ ਕਿਸੇ ਬਾਰ ਵਿੱਚ ਮਿਲਦੇ ਹੋ ਤਾਂ ਇੱਕ ਪਰਿਵਾਰ ਦੇ ਤਿੰਨ ਜੀਆਂ ਤੋਂ ਵੱਧ ਦੇ ਇਕੱਠੇ ਹੋਣ ਦੀ ਮਨਾਹੀ ਹੈ। ਪਰ ਸੁਜਾਨ ਆਪਣੇ ਪਰਿਵਾਰਕ ਮੈਂਬਰਾਂ ਦੀ ਬਜਾਏ ਲੇਬਰ ਪਾਰਟੀ ਦੀ ਏਲੀਨ ਮਕੈਂਜੀ, ਐੱਸ ਐੱਨ ਪੀ ਕੌਂਸਲਰ ਕਰਿਸਟੀਨਾ ਕੈਨਨ, ਜੈਨ ਲੇਅਡੈਕ ਨਾਲ ਪੱਬ ਵਿੱਚ ਹਾਜ਼ਰ ਸੀ। ਨਿਕੋਲਾ ਸਟਰਜਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਨਿਯਮ ਸਾਡੇ ਸਭ ‘ਤੇ ਲਾਗੂ ਹੁੰਦੇ ਹਨ। ਅਸੀਂ ਸਾਰੇ ਮਨੁੱਖ ਹਾਂ। ਜੇਕਰ ਲੀਡਰ ਬਣ ਗਏ ਹਾਂ ਤਾਂ ਇਸਦਾ ਮਤਲਬ ਇਹ ਨਹੀਂ ਕਿ ਅਸੀਂ ਮਨੁੱਖ ਨਹੀਂ ਰਹੇ। ਨਿਯਮਾਂ ਦੀ ਉਲੰਘਣਾ ਕਰਕੇ ਅਸੀਂ ਦੂਜਿਆਂ ਦੀ ਜਾਨ ਜ਼ੋਖ਼ਮ ਵਿੱਚ ਪਾ ਰਹੇ ਹਾਂ। ਨਿਕੋਲਾ ਨੇ ਸਖਤ ਲਹਿਜੇ ਵਿੱਚ ਕਿਹਾ ਕਿ ਮੇਰੇ ‘ਤੇ, ਗਲਾਸਗੋ ਸਿਟੀ ਕੌਂਸਲ ਲੀਡਰ ‘ਤੇ, ਹਰ ਐੱਮ ਪੀ, ਐੱਮ ਐੱਸ ਪੀ, ਕੌਂਸਲਰ ‘ਤੇ ਨਿਯਮ ਲਾਗੂ ਹੁੰਦੇ ਹਨ। ਪਿਛਲੇ ਦੋ ਹਫਤਿਆਂ ਦੀ ਤਾਲਾਬੰਦੀ ਦੀ ਸਮੀਖਿਆ ਕਰਦਿਆਂ ਉਹਨਾਂ ਮੁੜ ਕਿਹਾ ਹੈ ਕਿ ਤਾਲਾਬੰਦੀ ਢਿੱਲਾਂ ਦਾ ਮਤਲਬ ਹੈ ਵਾਇਰਸ ਨੂੰ ਫੈਲਣ ਦੀ ਢਿੱਲ ਦੇਣੀ। ਵਾਇਰਸ ਨੂੰ ਖਤਮ ਕਰਨਾ ਹੀ ਸਕਾਟਲੈਂਡ ਦੀ ਆਰਥਿਕਤਾ ਨੂੰ ਮੁੜ ਉੱਚਾ ਲਿਜਾਣ ਲਈ ਲਾਹੇਵੰਦ ਹੈ।