ਅਸ਼ੋਕ ਵਰਮਾ
ਬਠਿੰਡਾ,7 ਸਤੰਬਰ।ਪੰਜਾਬ ’ਚ ਔਰਤਾਂ ਤੇ ਹੋ ਰਹੇ ਜੁਲਮ, ਘਰੇਲੂ ਹਿੰਸਾ, ਅੱਤਿਆਚਾਰ ਤੇ ਧੱਕੇਸ਼ਾਹੀ ਦੇ ਖਿਲਾਫ਼ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਉਣ ਲਈ ਅੱਜ ਆਲ ਪੰਜਾਬ ਆਂਗਣਵਾੜੀ ਮੁਲਾਜਮ ਯੂਨੀਅਨ ਅਤੇ ਇਸਤਰੀ ਤੇ ਬਾਲ ਭਲਾਈ ਸੰਸਥਾ ਪੰਜਾਬ ਦਾ ਵਫਦ ਏਡੀਜੀਪੀ ਇੰਟੈਲੀਜੈਂਸ ਵਰਿੰਦਰ ਕੁਮਾਰ ਨੂੰ ਚੰਡੀਗੜ ਵਿਖੇ ਮਿਲਿਆ ਅਤੇ ਉਹਨਾਂ ਨੂੰ ਪੰਜਾਬ ਦੇ ਮੌਜ਼ੂਦਾ ਹਾਲਾਤਾਂ ਬਾਰੇ ਜਾਣੂ ਕਰਵਾਇਆ। ਯੂਨੀਅਨ ਦੇ ਸੂਬਾ ਪ੍ਰਧਾਨ ਹਰਗੋਬਿੰਦ ਕੌਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਯੂਨੀਅਨ ਅਤੇ ਸੰਸਥਾ ਦੇ ਕੋਲ ਪੰਜਾਬ ਵਿਚੋਂ ਕਈ ਔਰਤਾਂ ਨੇ ਆਪਣੇ ਉਪਰ ਹੋ ਰਹੇ ਅੱਤਿਆਚਾਰ ਅਤੇ ਪੁਲਿਸ ਵੱਲੋਂ ਇਨਸਾਫ਼ ਨਾ ਦਿੱਤੇ ਜਾਣ ਦੀ ਗੁਹਾਰ ਲਗਾਈ ਸੀ। ਵਫਦ ਨੇ ਉਹਨਾਂ ਨੂੰ ਦੱਸਿਆ ਕਿ ਸੂਬੇ ਅੰਦਰ ਇਸ ਸਮੇਂ ਜੰਗਲ ਦਾ ਰਾਜ ਹੈ। ਕਾਨੂੰਨ ਨਾਂ ਦੀ ਕੋਈ ਚੀਜ ਨਹੀ ਹੈ। ਗੁੰਡਾਗਰਦੀ ਹੈ ਤੇ ਸਿਆਸੀ ਸ਼ਹਿ ’ਤੇ ਪੁਲਿਸ ਵੱਲੋਂ ਬੇਗੁਨਾਹ ਲੋਕਾਂ ਉਪਰ ਤਾਂ ਸੰਗੀਨ ਧਾਰਾਵਾਂ ਲਗਾ ਕੇ ਝੂਠੇ ਪਰਚੇ ਦਰਜ ਕੀਤੇ ਜਾ ਰਹੇ ਹਨ ਜਦ ਕਿ ਜਿਹੜੇ ਲੋਕ ਗੁੰਡਿਆਂ ਹੱਥੋਂ ਪੀੜਤ ਹਨ, ਉਹਨਾਂ ਗੁੰਡਿਆਂ ਦੇ ਖਿਲਾਫ਼ ਪੁਲਿਸ ਪਰਚੇ ਦਰਜ ਨਹੀ ਕਰ ਰਹੀ। ਸੱਚ ਨੂੰ ਝੂਠ ਤੇ ਝੂਠ ਨੂੰ ਸੱਚ ਬਣਾਇਆ ਜਾ ਰਿਹਾ ਹੈ। ਔਰਤਾਂ ਕਿਧਰੇ ਵੀ ਸੁਰੱਖਿਅਤ ਨਹੀ ਹਨ। ਕਿਤੇ ਉਹ ਘਰੇਲੂ ਹਿੰਸਾ ਦਾ ਸ਼ਿਕਾਰ ਹਨ ਤੇ ਕਿਤੇ ਉਹ ਪੁਲਿਸ ਦੀ ਧੱਕੇਸ਼ਾਹੀ ਦਾ ਸ਼ਿਕਾਰ ਹੋ ਰਹੀਆਂ ਹਨ। ਪੁਲਿਸ ਰਾਜਨੀਤਿਕ ਲੋਕਾਂ ਦੀ ਕਠਪੁਤਲੀ ਬਣੀ ਹੋਈ ਹੈ। ਏਡੀਜੀਪੀ ਨੇ ਵਫ਼ਦ ਦੀ ਗੱਲ ਸੁਣਨ ਤੋਂ ਬਾਅਦ ਤੁਰੰਤ ਹੀ ਆਈ.ਜੀ. ਫਿਰੋਜਪੁਰ ਰੇਂਜ, ਆਈ.ਜੀ. ਬਠਿੰਡਾ ਰੇਂਜ, ਐਸਐਸਪੀ ਤਰਨਤਾਰਨ ਅਤੇ ਐਸਐਸਪੀ ਲੁਧਿਆਣਾ ਦੀਆਂ ਡਿਊਟੀਆਂ ਲਗਾਈਆਂ ਤੇ ਤੁਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਕਰਨ ਬਾਰੇ ਕਿਹਾ ਅਤੇ ਇਹ ਰਿਪੋਰਟਾਂ ਹੈਡ ਆਫਿਸ ਪਹੁੰਚਾਉਣ ਲਈ ਹਦਾਇਤਾਂ ਜ਼ਾਰੀ ਕੀਤੀਆਂ। ਇਸੇ ਦੌਰਾਨ ਹੀ ਯੂਨੀਅਨ ਅਤੇ ਸੰਸਥਾ ਦੀਆਂ ਆਗੂਆਂ ਨੇ ਸਪੱਸ਼ਟ ਕੀਤਾ ਕਿ ਜੇਕਰ ਪੀੜਤ ਔਰਤਾਂ ਨੂੰ ਇਨਸਾਫ਼ ਨਾ ਮਿਲਿਆ ਤਾਂ ਵੱਡੇ ਪੱਧਰ ’ਤੇ ਸੰਘਰਸ਼ ਕੀਤਾ ਜਾਵੇਗਾ। ਮੀਟਿੰਗ ਦੌਰਾਨ ਸੰਸਥਾ ਦੀ ਸੂਬਾ ਦਫ਼ਤਰ ਸਕੱਤਰ ਸ਼ਿੰਦਰਪਾਲ ਕੌਰ ਥਾਂਦੇਵਾਲਾ ਅਤੇ ਯੂਨੀਅਨ ਦੀ ਆਗੂ ਗੁਰਅੰਮਿ੍ਰਤ ਕੌਰ ਤੋਂ ਇਲਾਵਾ ਏ.ਆਈ.ਜੀ ਇੰਟੈਲੀਜੈਂਸ ਡਾ.ਨਾਨਕ ਸਿੰਘ ਵੀ ਮੌਜ਼ੂਦ ਸਨ। ਇੱਥੇ ਇਹ ਗੱਲ ਵੀ ਜਿਕਰਯੋਗ ਹੈ ਕਿ ਪੰਜਾਬ ਦੀਆਂ ਹਜ਼ਾਰਾਂ ਔਰਤਾਂ ਨੇ ਕਾਂਗਰਸ ਦੀ ਕੌਮੀ ਪ੍ਰਧਾਨ ਸੋਨੀਆ ਗਾਂਧੀ ਦੇ ਨਾਮ ਚਿੱਠੀਆਂ ਭੇਜ ਕੇ ਮੰਗ ਕੀਤੀ ਹੈ ਕਿ ਪੰਜਾਬ ਦੀਆਂ ਪੀੜਤ ਔਰਤਾਂ ਨੂੰ ਇਨਸਾਫ਼ ਦਿਵਾਇਆ ਜਾਵੇ। ਜੇਕਰ ਕੋਈ ਮਸਲਾ ਹੱਲ ਨਾ ਹੋਇਆ ਤਾਂ ਦੋਵਾਂ ਜਥੇਬੰਦੀਆਂ ਵੱਲੋਂ ਦਿੱਲੀ ਵਿਖੇ ਕਾਂਗਰਸ ਪਾਰਟੀ ਦੇ ਦਫ਼ਤਰ ਅੱਗੇ ਰੋਸ ਪ੍ਰਦਰਸ਼ਨ ਕੀਤਾ ਜਾਵੇਗਾ।