ਸੁਖਵੀਰ ਜੋਗਾ
ਮੈਂ ਅਕਸਰ ਇੱਕ ਗੱਲ ਦਾ ਜ਼ਿਕਰ ਕਰਦਾ ਹਾਂ ”ਜੇਕਰ ਤੁਸੀਂ ਚਾਹੁੰਦੇ ਹੋ ਕਿ ਤੁਹਾਡੀ ਧੀ ਜਾਂ ਭੈਣ ਆਪਣੀ ਜ਼ਿੰਦਗੀ ਆਪਣੇ ਦਮ ਉੱਤੇ ਅਤੇ ਸਨਮਾਨਜਨਕ ਢੰਗ ਨਾਲ ਜਿਉਣ ਦੇ ਕਾਬਲ ਬਣੇ ਤਾਂ ਉਸ ਨੂੰ ਦਲੇਰ ਬਣਾਓ। ਬਹਾਦਰ ਬਣਾਓ। ਮਜ਼ਬੂਤ ਇਰਾਦਿਆਂ ਵਾਲੀ ਅਤੇ ਭੈ-ਮੁਕਤ ਬਣਾਓ। ਜੋ ਹਰ ਮਾੜੀ ਤੇ ਔਖੀ ਸਥਿੱਤੀ ਦਾ ਟਾਕਰਾ ਕਰ ਸਕੇ। “
ਮੇਰੀ ਇਸ ਗੱਲ ਨੂੰ ਕੁਸਮ ਦੀ ਬਹਾਦਰੀ ਨੇ ਬਹੁਤ ਮਜ਼ਬੂਤ ਕਰ ਦਿੱਤਾ ਹੈ। ਕੁਸਮ ਜਲੰਧਰ ਸ਼ਹਿਰ ਦੀ ਜੰਮਪਲ 15 ਸਾਲ ਦੀ ਕੁੜੀ ਹੈ। ਤੇ ਅੱਠਵੀਂ ਜਮਾਤ ਵਿੱਚ ਪੜ੍ਹਦੀ ਹੈ। ਪਿਛਲੇ ਦਿਨੀਂ ਉਹ ਟਿਊਸ਼ਨ ਪੜ੍ਹ ਕੇ ਘਰ ਵਾਪਸ ਆ ਰਹੀ ਸੀ। ਕਿ ਦੋ ਆਵਾਰਾ ਨੌਜਵਾਨ ਮੋਟਰਸਾਈਕਲ ਉੱਤੇ ਉਸ ਦਾ ਪਿੱਛਾ ਕਰਨ ਲੱਗੇ। ਉਸ ਨੇ ਇਸ ਬਾਰੇ ਆਪਣੇ ਪਿਤਾ ਨੂੰ ਸੂਚਨਾ ਦੇਣ ਲਈ ਫ਼ੋਨ ਕੱਢਿਆ ਹੀ ਸੀ ਕਿ ਮੋਟਰਸਾਈਕਲ ਪਿੱਛੇ ਬੈਠਾ ਮੁੰਡਾ ਆਪਣੀ ਔਕਾਤ ਉੱਤੇ ਆ ਗਿਆ। ਉਸ ਨੇ ਝਪਟ ਮਾਰ ਕੇ ਕੁਸਮ ਦੇ ਹੱਥੋਂ ਮੋਬਾਈਲ ਖੋਹਿਆ ਤੇ ਮੁੜ ਮੋਟਰਸਾਈਕਲ ਪਿੱਛੇ ਬਹਿ ਗਿਆ। ਕੁਸਮ ਘਬਰਾਈ ਨਹੀਂ। ਉਹ ਤਾਈਕਵਾਂਡੋ ਦੀ ਖਿਡਾਰਨ ਹੈ ਤੇ ਤੁਰੰਤ ਐਕਸ਼ਨ ਵਿੱਚ ਆ ਗਈ। ਉਸ ਨੇ ਆਪਣੇ ਤੋਂ ਵੱਡੀ ਉਮਰ ਦੇ ਲੁਟੇਰੇ ਨੂੰ ਗੁਲਾਮਿਓਂ ਫੜ੍ਹ ਕੇ ਥੱਲੇ ਖਿੱਚ ਲਿਆ।
ਪੂਰੀ ਬਹਾਦਰੀ ਨਾਲ ਲੁਟੇਰੇ ਤੋਂ ਆਪਣਾ ਮੋਬਾਈਲ ਖੋਹਣ ਲਈ ਜੱਦੋ ਜਹਿਦ ਕਰਨ ਲੱਗੀ। ਐਨੀ ਦੇਰ ਨੂੰ ਲੁਟੇਰੇ ਦਾ ਸਾਥੀ ਜੋ ਮੋਟਰਸਾਈਕਲ ਚਲਾ ਰਿਹਾ ਸੀ, ਉਸ ਨੇ ਨਿਰਦੇਸ਼ ਦਿੱਤਾ, ”ਇਹਦੇ ਸਿਰ ‘ਚ ਮਾਰ, ਇਹ ਆਏਂ ਨੀਂ ਛੱਡਦੀ…।” ਲੁਟੇਰੇ ਨੇ ਆਪਣਾ ਲੁਕਾਇਆ ਹੋਇਆ ਤੇਜ਼ਧਾਰ ਹਥਿਆਰ ਕੱਢਿਆ ਤੇ ਸਿੱਧਾ ਕੁਸਮ ਦੇ ਸਿਰ ਉੱਤੇ ਵਾਰ ਕੀਤਾ। ਉਹ ਡਰੀ ਨਹੀਂ ਤੇ ਹਰ ਵਾਰ ਦਾ ਮੁਕਾਬਲਾ ਕਰਨ ਲਈ ਤਿਆਰ ਸੀ। ਉਸ ਨੇ ਵਾਰ ਤੋਂ ਬਚਣ ਲਈ ਆਪਣਾ ਖੱਬਾ ਗੁੱਟ ਮੂਹਰੇ ਕਰ ਲਿਆ। ਤਾਈਕਵਾਂਡੋ ਕੰਮ ਆ ਗਈ। ਲੁਟੇਰੇ ਨੇ ਲਗਾਤਾਰ ਤਿੰਨ-ਚਾਰ ਵਾਰ ਕੀਤੇ। ਕੁਸਮ ਦਾ ਗੁੱਟ ਲਟਕਣ ਲੱਗਿਆ ਪਰ ਉਸ ਨੇ ਮੁਕਾਬਲਾ ਕਰਨਾ ਨਹੀਂ ਛੱਡਿਆ। ਐਨੀ ਦੇਰ ਨੂੰ ਨੇੜੇ ਦੇ ਮਕਾਨ ਵਿੱਚੋਂ ਬਾਹਰ ਆ ਕੇ ਇੱਕ ਮੀਆਂ-ਬੀਵੀ ਦੀ ਜੋੜੀ ਨੇ ਕੁਸਮ ਦਾ ਸਾਥ ਦਿੱਤਾ। ਸਾਰੀ ਘਟਨਾ ਨੇੜੇ ਦੇ ਸੀਸੀਟੀਵੀ ਕੈਮਰੇ ਨੇ ਕੈਦ ਕਰ ਲਈ। ਉਹ ਲੁਟੇਰਾ ਕਾਬੂ ਕਰਕੇ ਪੁਲਿਸ ਦੇ ਹਵਾਲੇ ਕਰ ਦਿੱਤਾ ਪਰ ਮੋਟਰਸਾਈਕਲ ਵਾਲਾ ਭੱਜ ਗਿਆ। ਕੁਸਮ ਸਥਾਨਕ ਜੋਸ਼ੀ ਪ੍ਰਾਈਵੇਟ ਹਸਪਤਾਲ ਵਿੱਚ ਦਾਖ਼ਲ ਹੈ। ਹਸਪਤਾਲ ਵਾਲਿਆਂ ਨੇ ਇਸ ਬਹਾਦਰ ਕੁੜੀ ਦਾ ਇਲਾਜ ਮੁਫ਼ਤ ਕਰਨ ਦਾ ਐਲਾਨ ਕੀਤਾ ਹੈ। ਜ਼ਿਲ੍ਹਾ ਪੁਲਿਸ ਪ੍ਰਸ਼ਾਸਨ ਵੱਲੋਂ 51 ਹਜ਼ਾਰ ਰੁਪਏ ਦਾ ਇਨਾਮ ਦੇ ਕੇ ਹੌਸਲਾ ਵਧਾਉਣ ਤੋਂ ਇਲਾਵਾ ਕੁਸਮ ਦਾ ਨਾਮ ਰਾਜ ਅਤੇ ਨੈਸ਼ਨਲ ਬਹਾਦਰੀ ਪੁਰਸਕਾਰ ਲਈ ਭੇਜਣ ਦਾ ਵਾਅਦਾ ਵੀ ਕੀਤਾ ਹੈ। ਕੁਸਮ ਨੇ ਬਾਅਦ ਵਿੱਚ ਕਿਹਾ, ”ਐਵੇਂ ਕਿਵੇਂ ਖੋਹ ਕੇ ਭੱਜਣ ਦੇ ਦਿੰਦੀ? ਮੇਰਾ ਮੋਬਾਈਲ ਹੀ ਤਾਂ ਮੇਰਾ ਸਕੂਲ ਹੈ।”
ਇਸ ਦੇ ਨਾਲ ਹੀ ਇੱਕ ਹੋਰ ਘਟਨਾ ਦਾ ਜ਼ਿਕਰ ਕਰਨਾ ਚਾਹਾਂਗਾ। ਦੋ ਕੁ ਵਰ੍ਹੇ ਪਹਿਲਾਂ ਦੀ ਗੱਲ ਹੈ। ਮੇਰੀ ਭਾਣਜੀ ਗੁਰਵੀਰ ਅਤੇ ਬੇਟਾ ਖੇਡਦੇ-ਖੇਡਦੇ ਆਪਸ ਵਿੱਚ ਲੜ ਪਏ। ਬੇਟਾ ਵੱਡਾ ਹੋਣ ਕਾਰਨ ਗੁਰਵੀਰ ਨਾਲੋਂ ਕਾਫ਼ੀ ਤਕੜਾ ਹੈ। ਮੈਂ ਮੁਕਾਬਲਾ ਦੇਖ ਰਿਹਾ ਸੀ। ਗੁਰਵੀਰ ਰੋਂਦੀ-ਰੋਂਦੀ ਉਸ ਦਾ ਟਾਕਰਾ ਵੀ ਕਰ ਰਹੀ ਸੀ। ਪਰਿਵਾਰ ਵਿੱਚੋਂ ਕਿਸੇ ਨੇ ਕਿਹਾ ”ਗੁਰਵੀਰ ਤੂੰ ਐਧਰ ਆ ਜਾ, ਸਰਬਜੀਤ ਤੇਰੇ ਨਾਲੋਂ ਤਕੜਾ ਹੈ…।” ”ਤਕੜੈ ਤਾਂ ਫਿਰ ਕੀ ਹੋਇਆ? ਮੁਕਾਬਲਾ ਤਾਂ ਕਰੂੰਗੀ…।” ਗੁਰਵੀਰ ਰੋਂਦੀ ਤੇ ਜ਼ੋਰ ਅਜ਼ਮਾਈ ਕਰਦੀ ਹੋਈ ਪੂਰੇ ਗ਼ੁੱਸੇ ਨਾਲ ਬੋਲੀ। ਮੇਰਾ ਸੀਨਾ ਜੋਸ਼ ਨਾਲ ਚੌੜਾ ਹੋ ਗਿਆ। ਇਹ ਭਾਵਨਾ ਚਾਹੀਦੀ ਹੈ ਕੁੜੀਆਂ ਵਿੱਚ। ਜਿਸ ਕੁੜੀ ਦੇ ਮਨ ਵਿੱਚ ਹਰ ਧੱਕੇ ਦਾ ਮੁਕਾਬਲਾ ਕਰਨ ਦੀ ਖੁੰਧਕ ਫਸ ਗਈ। ਉਸ ਨੂੰ ਕੋਈ ਵੱਡੇ ਤੋਂ ਵੱਡਾ ਗੁੰਡਾ ਨਹੀਂ ਹਰਾ ਸਕਦਾ। ਸੋ! ਕੁੜੀਆਂ ਨੂੰ ਲੁਕੋ ਕੇ ਰੱਖਣ ਅਤੇ ਬਚ ਕੇ ਰਹਿਣ ਦੀ ਸਿੱਖਿਆ ਦੇਣ ਦੀ ਥਾਂ ਤਾਕਤਵਰ ਅਤੇ ਬਹਾਦਰ ਬਣਾਓ। ਫਿਰ ਹੀ ਉਹ ਆਪਣੇ ਸੁਪਨਿਆਂ ਮੁਤਾਬਿਕ ਜ਼ਿੰਦਗੀ ਜਿਉਣ ਦੇ ਯੋਗ ਹੋ ਸਕਦੀਆਂ ਹਨ। ਕਿਉਂਕਿ ਸਰਕਾਰਾਂ ਨੇ ਤਾਂ ਗੁੰਡਿਆਂ ਨੂੰ ਆਵਾਰਾ ਢੱਠਿਆਂ ਵਾਂਗ ਛੱਡਿਆ ਹੋਇਆ ਹੈ। ਜਿੰਨਾਂ ਤੋਂ ਬਚਾਓ ਮਜ਼ਬੂਤੀ ਨਾਲ ਹੀ ਕੀਤਾ ਜਾ ਸਕਦਾ ਹੈ।
M. 9815013046