ਅਸ਼ੋਕ ਵਰਮਾ
ਬਠਿੰਡਾ, 2 ਸਤੰਬਰ: ਪੰਜਾਬ ਦੀ ਧਰਤੀ ਤੇ ਵਿਦਵਾਨ ਗਤੀਵਿਧੀਆਂ ਨੂੰ ਉਤਸ਼ਾਹਿਤ ਕਰਨ ਲਈ ਪੰਜਾਬ ਕੇਂਦਰੀ ਯੂਨੀਵਰਸਿਟੀ, ਬਠਿੰਡਾ (ਸੀਯੂਪੀਬੀ) ਦੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪੀ ਤਿਵਾਰੀ ਨੇ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐਸਜੀਪੀਸੀ) ਦੇ ਪ੍ਰਧਾਨ ਗੋਬਿੰਦ ਸਿੰਘ ਜੀ ਲੌਂਗੋਵਾਲ ਨਾਲ ਮੁਲਾਕਾਤ ਕੀਤੀ। ਇਸ ਮੌਕੇ ਪ੍ਰੋ: ਰਾਘਵੇਂਦਰ ਪੀ. ਤੀਵਾਰੀ ਨੇ ਐਸਜੀਪੀਸੀ ਦੇ ਪ੍ਰਧਾਨ ਨੂੰ ਨੌਵੇਂ ਸਿੱਖ ਗੁਰੂ ਸਾਹਿਬ ਦੇ 400 ਵੇਂ ਜਨਮ ਦਿਵਸ ਦੇ ਮੌਕੇ ‘ਤੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਸਮਰਪਿਤ ਇੱਕ ਵਿਸ਼ੇਸ਼ ਚੇਅਰ ਸਥਾਪਤ ਕਰਨ ਦੀ ਆਪਣੀ ਇੱਛਾ ਬਾਰੇ ਦੱਸਿਆ। ਪ੍ਰੋ: ਤੀਵਾਰੀ ਨੇ ਇਸ ਸੰਬੰਧੀ ਐਸਜੀਪੀਸੀ ਪ੍ਰਧਾਨ ਨੂੰ ਲੋੜੀਂਦਾ ਸਹਿਯੋਗ ਦੇਣ ਦੀ ਬੇਨਤੀ ਕੀਤੀ।
ਵਾਈਸ-ਚਾਂਸਲਰ ਪ੍ਰੋ: ਤਿਵਾਰੀ ਨੇ ਕਿਹਾ ਕਿ ਕੇਂਦਰੀ ਯੂਨੀਵਰਸਿਟੀ ਮਾਨਵਤਾ ਅਤੇ ਏਕਤਾ ਦੇ ਗੁਣਾਂ ਨਾਲ ਭਰੇ ਅਮੀਰ ਪੰਜਾਬੀ ਸਭਿਆਚਾਰ ਨੂੰ ਉਤਸ਼ਾਹਿਤ ਕਰਨ ਲਈ ਵਚਨਬੱਧ ਹੈ। ਉਨਾਂ ਕਿਹਾ ਕਿ ਯੂਨੀਵਰਸਿਟੀ ਸੀਯੂਪੀਬੀ ਲਾਇਬ੍ਰੇਰੀ ਵਿਖੇ ‘ਸਿੱਖ ਇਤਿਹਾਸ’ ਦਾ ਵਿਸ਼ੇਸ਼ ਭਾਗ ਸਥਾਪਤ ਕਰਨ ਦੀ ਯੋਜਨਾ ਬਣਾ ਰਹੀ ਹੈ। ਉਨਾਂ ਐਸ ਜੀ ਪੀ ਸੀ ਦੇ ਪ੍ਰਧਾਨ ਨੂੰ ਅਪੀਲ ਕੀਤੀ ਕਿ ਉਹ ਇਸ ਪਹਿਲ ਨੂੰ ਹੋਰ ਮਜਬੂਤ ਕਰਨ ਲਈ ‘ਸਿੱਖ ਸਾਹਿਤ’ ਪ੍ਰਦਾਨ ਕਰਵਾਉਣ ਅਤੇ ਕਾਰਜ ਨੂੰ ਨੇਪਰੇ ਚਾੜਨ ਲਈ ਸਹਾਇਤਾ ਦੇਣ ।
ਇਸ ਮੌਕੇ ਪ੍ਰਧਾਨ ਸ੍ਰ ਗੋਬਿੰਦ ਸਿੰਘ ਲੌਂਗੋਵਾਲ ਨੇ ਵਾਈਸ ਚਾਂਸਲਰ ਪ੍ਰੋ: ਰਾਘਵੇਂਦਰ ਪੀ ਤਿਵਾਰੀ ਅਤੇ ਰਜਿਸਟਰਾਰ ਕੇ.ਪੀ. ਐਸ ਮੁੰਦਰਾ ਨੂੰ ‘ਸੰਤ ਹਰਚੰਦ ਸਿੰਘ ਲੌਂਗੋਵਾਲ – ਅਧਿਆਤਮਿਕਤਾ ਤੋਂ ਰਾਜਨੀਤੀ ਵੱਲ‘ ਨਾਮਕ ਕਿਤਾਬ ਭੇਂਟ ਕਰਕੇ ਸਨਮਾਨਿਤ ਕੀਤਾ ਅਤੇ ਸ਼ੁੱਭਕਾਮਨਾਵਾਂ ਦਿੱਤੀਆਂ। ਭਾਈ ਗੋਬਿੰਦ ਸਿੰਘ ਜੀ ਲੌਂਗੋਵਾਲ ਨੇ ਪ੍ਰੋ: ਤੀਵਾਰੀ ਨੂੰ ਭਰੋਸਾ ਦਿਵਾਇਆ ਕਿ ਸਿੱਖ ਵਿਰਾਸਤ ਅਤੇ ਅਮੀਰ ਪੰਜਾਬੀ ਸਭਿਆਚਾਰ ਨਾਲ ਸਬੰਧਤ ਪ੍ਰਾਜੈਕਟਾਂ ਨੂੰ ਲਾਗੂ ਕਰਨ ਲਈ ਯੂਨੀਵਰਸਿਟੀ ਨੂੰ ਹਰ ਲੋੜੀਂਦਾ ਸਹਾਇਤਾ ਅਤੇ ਸਹੂਲਤ ਪ੍ਰਦਾਨ ਕੀਤੀ ਜਾਵੇਗੀ।