ਗਲਾਸਗੋ/ਲੰਡਨ (ਮਨਦੀਪ ਖੁਰਮੀ ਹਿੰਮਤਪੁਰਾ)
ਬਰਮਿੰਘਮ ਸਿਟੀ ਕੌਂਸਲ ਨੇ ਬੱਸਾਂ ਦੇ ਚੱਲਣ ਲਈ ਬਣਾਈਆਂ ਵਿਸ਼ੇਸ਼ ਲੇਨਾਂ ਵਿੱਚ ਡਰਾਈਵਿੰਗ ਕਰਦੇ ਹੋਏ ਫੜੇ ਵਾਹਨ ਚਾਲਕਾਂ ਨੂੰ 70,000 ਤੋਂ ਵੱਧ ਜੁਰਮਾਨੇ ਜਾਰੀ ਕੀਤੇ ਜਾਣ ਤੋਂ ਬਾਅਦ ਇੱਕ ਸਾਲ ਵਿੱਚ 2 ਮਿਲੀਅਨ ਪੌਂਡ ਤੋਂ ਵੱਧ ਦੀ ਕਮਾਈ ਕੀਤੀ ਹੈ।ਵਾਹਨ ਚਾਲਕ ਜੋ ਅਣਜਾਣੇ ਵਿੱਚ ਬੱਸ ਲੇਨ ਵਿੱਚ ਆਪਣਾ ਵਾਹਨ ਚਲਾਉਂਦੇ ਹਨ, ਹਰ ਸਾਲ £2 ਮਿਲੀਅਨ ਤੋਂ ਵੱਧ ਦੀ ਰਕਮ ਲਈ ਸਿਟੀ ਕੌਂਸਲ ਦੇ ਖਜ਼ਾਨੇ ਵਿੱਚ ਭਰਦੇ ਹਨ। ਇਸ ਸੰਬੰਧ ਵਿੱਚ ਸਿਰਫ ਇਕ ਸਾਲ ਵਿਚ ਹੀ ਬਰਮਿੰਘਮ ਸਿਟੀ ਕੌਂਸਲ ਨੇ ਬੱਸ ਲੇਨਾਂ ਵਿਚ ਵਾਹਨ ਚਲਾਉਣ ਲਈ 70,430 ਪੈਨਲਟੀ ਚਾਰਜ ਨੋਟਿਸ (ਪੀਸੀਐਨ) ਜਾਰੀ ਕਰਨ ਤੋਂ ਬਾਅਦ £2,065,736 ਦੀ ਆਮਦਨ ਕੀਤੀ ਹੈ। ਸ਼ਹਿਰ ਭਰ ਵਿਚ, ਹੁਣ ਜ਼ਿਆਦਾਤਰ ਬੱਸ ਮਾਰਗਾਂ ‘ਤੇ ਸੀਸੀਟੀਵੀ ਕੈਮਰੇ ਲੱਗੇ ਹੋਏ ਹਨ ਤਾਂ ਜੋ ਉਹ ਉਨ੍ਹਾਂ ਡਰਾਈਵਰਾਂ ਨੂੰ ਜਲਦੀ ਪਛਾਣ ਸਕਣ ਜੋ ਬੱਸ ਮਾਰਗ ਵਿੱਚ ਆ ਜਾਂਦੇ ਹਨ। ਫਿਰ ਉਹ ਡਾਕ ਦੁਆਰਾ ਇੱਕ ਪੀਸੀਐਨ ਪ੍ਰਾਪਤ ਕਰਦੇ ਹਨ, ਜੋ ਕਿ £60 ਹੈ। ਜੇਕਰ ਇਸਦਾ ਭੁਗਤਾਨ ਪੰਦਰਾਂ ਦਿਨ ਦੇ ਅੰਦਰ ਕੀਤਾ ਜਾਂਦਾ ਹੈ ਤਾਂ ਇਹ 30 ਪੌਂਡ ਤੱਕ ਘਟਾ ਦਿੱਤਾ ਜਾਂਦਾ ਹੈ।