23.1 C
United Kingdom
Sunday, June 21, 2026

More

    ਸਬਕ

    ਰਜਨੀ ਵਾਲੀਆ, ਕਪੂਰਥਲਾ
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |
    ਏਥੇ ਕੋਈ ਨਹੀਂ ਆਪਣਾ ਨੀ,
    ਇਹ ਪਾਠ ਪੜਾਵਾਂ ਤੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    ਕਿਤੇ ਜਗ-ਜਗ ਬੁਝਦੇ ਨੇਂ,
    ਕਿਤੇ ਬੁਝ-ਬੁਝ ਜਗਦੇ ਨੇਂ |
    ਓ ਤੇਰੇ ਆਪਣੇ ਹੀ ਨਹੀ,
    ਜੋ ਤੈਨੂੰ ਆਪਣੇ ਲਗਦੇ ਨੇਂ |
    ਤੂੰ ਮੰਨਦੀ ਕਿਉਂ ਨਹੀ,
    ਹਰ ਰੋਜ਼ ਮਨਾਵਾਂ ਤੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    ਨੀ ਇੱਕ ਗਮ ਦੂਜੇ ਹੰਝੂ,
    ਮੇਰੇ ਕੋਲ ਰਹੇ ਜਿੰਦੇ |
    ਪੀੜਾਂ ਨਾਲ ਕਰਾਹੁੰਦੇ ਨੇ,
    ਸਭ ਬੋਲ ਰਹੇ ਜਿੰਦੇ |
    ਦੁੱਖ ਹੋ ਈ ਏਨੇ ਗਏ ਕਿਹੜਾ,
    ਕਿਹੜਾ ਗਿਣਾਵਾਂ ਤੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    ਜੋ ਡਾਢੇ ਹੁੰਦੇ ਨੇ,
    ਦੁੱਖ ਦੇ ਕੇ ਈ ਰਹਿੰਦੇ ਨੇਂ |
    ਦੁੱਖ ਸਹਿਣ ਨੂੰ ਦੇਂਦੇ ਨੇਂ,
    ਓ ਕਦੇ ਆਪ ਨਾ ਸਹਿੰਦੇ ਨੇ |
    ਤੇਰਾ ਦੋਸ਼ ਵੀ ਨਹੀਂ ਹੁੰਦਾ,
    ਕਾਹਤੋਂ ਮਿਲਣ ਸਜਾਵਾਂ ਤੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    ਤੂੰ ਊਮਰ ਭਰ ਸੁੱਤੀ ਰਹੀ,
    ਸਹਿ-ਸਹਿ ਕੇ ਦੁਖੜੇ ਨੀਂ |
    ਮਿੱਠਾ ਹੋਇਆ ਨਸੀਬੀਂ ਏ,
    ਪਹਿਲੇ ਫਲ ਸਨ ਰੁੱਖੜੇ ਨੀਂ |
    ਅੱਖ ਖੋਲ ਕੇ ਤੱਕ ਅੜੀਏ,
    ਸੁੱਤੀ ਨੂੰ ਜਗਾਵਾਂ ਤੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    ਕੋਈ ਪੁੱਛਦਾ ਹੋਣਾ ਏ,
    ਦੁੱਖ ਮੇਰੇ ਘਰ ਦਾ ਰਾਹ |
    ਮੈਂ ਕੀ ਕਰਾਂ ਦੱਸਦੇ,
    ਨਿੱਤ ਕੀਵੇਂ ਜਰਾਂ ਸਜਾ |
    ਤਕਦੀਰ ਵੇਖ ਮੇਰੀ,
    ਦੁੱਖ ਕਰਦੇ ਛਾਵਾਂ ਮੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    ਰਜਨੀ ਨੇ ਸਹਿ-ਸਹਿ ਕੇ,
    ਹਰ ਸਫਰ ਲੰਘਾਇਆ ਏ |
    ਖਾਰੀਂ ਨੰਗੇ ਪਰੀਂ ਤੁਰ-ਤੁਰ,
    ਪੂਰਾ ਪੰਧ ਮੁਕਾਇਆ ਏ |
    ਮੇਰੇ ਹੀ ਬਨੇਰੇ ਦਾ ਪਤਾ,
    ਦੱਸਿਆ ਸੀ ਕਾਵਾਂ ਮੈਨੂੰ |
    ਆ ਬੈਠ ਜਿੰਦੜੀਏ ਨੀ,
    ਇੱਕ ਸਬਕ ਸਿਖਾਵਾਂ ਤੈਨੂੰ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!