ਅਸ਼ੋਕ ਵਰਮਾ
ਬਠਿੰਡਾ,30 ਅਗਸਤ। ਪਾਵਰਕੌਮ ਵੱਲੋਂ ਕਰੋਨਾ ਸੰਕਟ ਦੌਰਾਨ ਬਿਜਲੀ ਚੋਰੀ ਫੜਨ ਸਬੰਧੀ ਟੀਚਿਆਂ ਦੇ ਪੱਤਰ ਕੱਢਣ ਨੂੰ ਲੈਕੇ ਇੰਜਨੀਅਰ ਭੜਕ ਗਏ ਹਨ। ਪੰਜਾਬ ਰਾਜ ਬਿਜਲੀ ਬੋਰਡ ਇੰਜਨੀਅਰ ਐਸੋਸੀਏਸ਼ਨ ਨੇ ਬਠਿੰਡਾ ਖਿੱਤੇ ਦੀ ਮੀਟਿੰਗ ਕਰਕੈ ੳਰੋਧ ਜਤਾ ਦਿੱਤਾ ਹੈ। ਮੰਨਿਆ ਜਾ ਰਿਹਾ ਹੈ ਕਿ ਜੇਕਰ ਪਾਵਰਕੌਮ ਨੇ ਕੋਈ ਢੁੱਕਵਾਂ ਫੈਸਲਾ ਨਾਂ ਲਿਆ ਤਾਂ ਇੰਜਨੀਅਰਾਂ ਦੇ ਸੜਕਾਂ ਤੇ ਉੱਤਰਨ ਦੀ ਸੰਭਾਵਨਾ ਨੂੰ ਰੱਦ ਨਹੀਂ ਕੀਤਾ ਜਾ ਸਕਦਾ ਹੈ। ਬਠਿੰਡਾ ਜੋਨ ਦੇ ਜਰਨਲ ਸਕੱਤਰ ਇੰਜਨੀਅਰ ਮਿਲਨ ਜੈਨ ਨੇ ਦੱਸਿਆ ਕਿ ਮੀਟਿੰਗ ’ਚ ਆਨਲਾਇਨ ਪੱਧਰ ਤੇ ਜੁੜਕੇ ਪੀ.ਐਸ.ਪੀ.ਸੀ.ਐਲ ਮੈਨੇਜਮੈਂਟ ਵੱਲੋਂ ਕੀਤੀਆਂ ਜਾ ਰਹੀਆਂ ਕਥਿਤ ਵਧੀਕੀਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ ਗਿਆ ਹੈ। ਉਨਾਂ ਦੱਸਿਆ ਕਿ ਸਾਰੇ ਹੀ ਮੈਂਬਰਾਂ ਨੇ ਰੋਸ ਜਤਾਇਆ ਕਿ ਮਹਿਕਮੇ ਵਿੱਚ ਸਟਾਫ ਦੀ ਭਾਰੀ ਕਮੀ ਹੋਣ ਦੇ ਬਾਵਜੂਦ ਅਤੇ ਕੋਵਿਡ-19 ਮਹਾਮਾਰੀ ਦੇ ਚਲਦਿਆਂ ਮਹਿਕਮੇ ਵਲੋਂ ਅਧਿਕਾਰੀਆਂ ਨੂੰ ਦਿਨ ਰਾਤ ਬਿਜਲੀ ਚੋਰੀ ਦੀਆਂ ਚੈਕਿੰਗ ਕਰਨ ਲਈ ਅਤੇ ਡਿਫਾਲਟਿੰਗ ਅਮਾਂਉਟ ਦੀ ਉਗਰਾਹੀ ਕਰਨ ਦੇ ਟੀਚੇ ਦਿੱਤੇ ਜਾ ਰਹੇ ਹਨ। ਉਨਾਂ ਦੱਸਿਆ ਕਿ ਜਾਂਚ ਟੀਮਾਂ ਦਾ ਖਪਤਕਾਰਾਂ ਵਲੋਂ ਵਿਰੋਧ ਕਰਨ,ਪਬਲਿਕ ਵਲੋਂ ਫੀਲਡ ਡਿਉਟੀ ਵਿੱਚ ਵਿਘਨ ਪਾੳੇਣ ਅਤੇ ਸਟਾਫ ਦੀ ਘਾਟ ਹੋਣ ਦੇ ਬਾਵਜੂਦ ਅਫਸਰ ਪਾਵਰਕੌਮ ਮੈਨੇਜਮੈਂਟ ਵਲੋਂ ਦਿਤੇ ਟੀਚੇ ਪੂਰੀ ਤਨਦੇਹੀ ਅਤੇ ਖਤਰਾ ਮੁੱਲ ਲੈਕੇ ਪੂਰੇ ਕਰ ਰਹੇ ਹਨ ਫਿਰ ਵੀ ਅਜਿਹੇ ਪੱਤਰ ਕੱਢਣਾ ਸਮਝੋਂ ਬਾਹਰ ਦੀ ਗੱਲ ਹੈ। ਉਨਾਂ ਦੱਸਿਆ ਕਿ ਪੱਤਰਾਂ ਵਿੱਚ ਇੱਕ ਤਰਫਾ ਸਜਾ ਲਈ ਲਿਖਿਆ ਗਿਆ ਹੈ ਜਿਸ ਦਾ ਜੱਥੇਬੰਦੀ ਵਿਰੋਧ ਕਰਦੀ ਹੈ । ਉਨਾਂ ਕਿਹਾ ਕਿ ਜੱਥੇਬਦੀ ਇਹ ਮਹਸੂਸ ਕਰਦੀ ਹੈ ਕਿ ਕੋਵਿਡ-19 ਮਹਾਮਾਰੀ ਦੌਰਾਨ ਕੰਮ ਦੇ ਭਾਰੀ ਬੋਝ ਹੇਠਾਂ ਦਬੇ ਇੰਜੀਨੀਅਰਾਂ ਦੇ ਖਿਲਾਫ ਅਨੁਸ਼ਾਸਨੀ ਕਾਰਵਾਈ ਆਰੰਭ ਕਰਨੀ ਸਰਾਸਰ ਧੱਕਾ ਹੈ। ਉਨਾਂ ਚਿਤਾਵਨੀ ਦਿੱਤੀ ਕਿ ਜੇਕਰ ਇੰਨਾਂ ਪੱਤਰਾਂ ਨੂੰ ਵਾਪਿਸ ਨਾਂ ਲਿਆ ਤਾਂ ਪੀ.ਐਸ.ਈ.ਬੀ. ਇੰਜੀਨੀਅਰ ਐਸੋਂਏਸ਼ਨ ਇਸ ਦਾ ਪੁਰਜੋਰ ਵਿਰੋਧ ਕਰੇਗੀ ਜਿਸ ਦੀ ਜਿਮੇਵਾਰੀ ਪੀ.ਐਸ.ਪੀ.ਸੀ.ਐਲ. ਮੈਨੇਜਮੈਂਟ ਦੀ ਹੋਵੇਗੀ।