ਅਸ਼ੋਕ ਵਰਮਾ
ਚੰਡੀਗੜ 28 ਅਗਸਤ । ਕਿਸਾਨ ਮਾਰੂ ਖੇਤੀ ਆਰਡੀਨੈਂਸਾਂ ਨੂੰ ਕਰੋਨਾ ਦੀ ਆੜ ਹੇਠ ਮੜਨ ‘ਤੇ ਤੁਲੀ ਹੋਈ ਕੇਂਦਰ ਸਰਕਾਰ ‘ਚ ਹਿੱਸੇਦਾਰ ਭਾਜਪਾ ਅਕਾਲੀ ਮੰਤਰੀ,ਐਮ ਪੀ, ਐਮ ਐਲ ਏ ਨੂੰ ਪਿੰਡਾਂ ‘ਚ ਵੜਨੋਂ ਰੋਕਣ ਲਈ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਸੱਦੇ ਤੇ ਅੱਜ ਚੌਥੇ ਦਿਨ ਨਾਕਾਬੰਦੀ ਧਰਨਿਆਂ ਨੂੰ ਹੋਰ ਵੀ ਵੱਡਾ ਹੁੰਗਾਰਾ ਮਿਲਿਆ। ਜਥੇਬੰਦੀ ਦੇ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਅਤੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀ ਕਲਾਂ ਨੇ ਅੱਜ ਇੱਥੇ ਜਾਰੀ ਕੀਤੇ ਗਏ ਸੂਬਾਈ ਪ੍ਰੈਸ ਬਿਆਨ ਰਾਹੀਂ ਗਿਆ ਹੈ ਕਿ ਕਰੋਨਾ ਸਾਵਧਾਨੀਆਂ ਵਰਤਦਿਆਂ ਅੱਜ ਵੀ 13 ਜਿਲਿਆਂ ਦੇ 600 ਦੇ ਕਰੀਬ ਪਿੰਡਾਂ ਵਿੱਚ ਹਜਾਰਾਂ ਕਿਸਾਨ ਮਜਦੂਰ ਪਰਵਾਰਾਂ ਸਮੇਤ ਧਰਨਿਆਂ ‘ਚ ਸ਼ਾਮਲ ਹੋਏ। ਧਰਨਾਕਾਰੀਆਂ ਵੱਲੋਂ ਪਿੰਡਾਂ ਦੇ ਮੁੱਖ ਰਸਤਿਆਂ ਤੇ ਬੈਨਰ ਲਟਕਾਏ ਹੋਏ ਹਨ ਕਿ ਭਾਜਪਾ ਅਕਾਲੀ ਮੰਤਰੀ,ਐਮ ਪੀ,ਐਮ ਐਲ ਏ ਦਾ ਪਿੰਡ ਵਿੱਚ ਵੜਨਾ ਮਨਾਂ ਹੈ।
ਉਨਾਂ ਦਾਅਵਾ ਕੀਤਾ ਕਿ ਬਠਿੰਡਾ ਜਿਲੇ ਦੇ ਦੋ ਪਿੰਡਾਂ ਗਿੱਦੜ ਤੇ ਢਿੱਲਵਾਂ ਵਿੱਚ ਸਥਾਨਕ ਕਾਂਗਰਸੀ ਆਗੂ ਪ੍ਰੀਤਮ ਸਿੰਘ ਕੋਟਭਾਈ ਅਤੇ ਪਿੰਡ ਘੁੰਮਣ ‘ਚ ਆਪ ਪਾਰਟੀ ਦੇ ਆਗੂ ਜਗਦੇਵ ਸਿੰਘ ਕਮਾਲੂ ਤੋਂ ਇਲਾਵਾ ਜਿਲਾ ਮੁਕਤਸਰ ਵਿੱਚ ਲੀਡਰ ਡਿੰਪੀ ਢਿੱਲੋਂ ਨੂੰ ਧਰਨਾਕਾਰੀਆਂ ਵੱਲੋਂ ਕੀਤੇ ਗਏ ਸੁਆਲਾਂ ਦੇ ਜੁਆਬ ਨਾਂ ਆਏ ਅਤੇ ਉਹਨੀਂ ਪੈਰੀਂ ਪਿੱਛੇ ਮੁੜਨਾ ਪਿਆ। ਬਹੁਤੇ ਥਾਂਈਂ ਆਗੂ ਸਫਾਂ ‘ਚ ਸ਼ਾਮਲ ਨੌਜਵਾਨਾਂ ਵਿੱਚ ਰੋਸ ਤੇ ਜੋਸ਼ ਰੋਹ ਭਰਪੂਰ ਨਾਹਰਿਆਂ ਰਾਹੀਂ ਅੱਜ ਵੀ ਮੋਦੀ ਸਰਕਾਰ ਦੀਆਂ ਅਰਥੀਆਂ ਸਾੜੀਆਂ ਗਈਆਂ। ਧਰਨਾਕਾਰੀਆਂ ਨੂੰ ਸੰਬੋਧਨ ਕਰਨ ਵਾਲੇ ਮੁੱਖ ਬੁਲਾਰਿਆਂ ਵਿੱਚ ਕਾਰਜਕਾਰੀ ਸੂਬਾ ਪ੍ਰਧਾਨ ਜਸਵਿੰਦਰ ਸਿੰਘ ਲੌਂਗੋਵਾਲ,ਜਨਰਲ ਸਕੱਤਰ ਹਰਿੰਦਰ ਕੌਰ ਬਿੰਦੂ, ਅਮਰੀਕ ਸਿੰਘ ਗੰਢੂਆਂ ਤੇ ਰਾਜਵਿੰਦਰ ਸਿੰਘ ਰਾਮਨਗਰ ਤੋਂ ਇਲਾਵਾ ਵੱਖ ਵੱਖ ਜਿਲਿਆਂ/ਬਲਾਕਾਂ/ਪਿੰਡਾਂ ਦੇ ਆਗੂ ਸ਼ਾਮਲ ਸਨ।
ਨਾਕਿਆਂ ਤ ਬੈਠੇ ਕਿਸਾਨ ਮੋਦੀ ਸਰਕਾਰ ਮੁਰਦਾਬਾਦ ਦੇ ਨਾਹਰੇ ਲਾਉਂਦੇ ਬੁਲਾਰੇ ਮੰਗ ਕਰ ਰਹੇ ਸਨ ਕਿ ਤਿੰਨੇ ਕਿਸਾਨ ਮਾਰੂ ਖੇਤੀ ਆਰਡੀਨੈਂਸ ਰੱਦ ਕਰੋ। ਬਿਜਲੀ ਸੋਧ ਬਿੱਲ 2020 ਅਤੇ ਭੂਮੀ ਗ੍ਰਹਿਣ ਕਾਨੂੰਨ ‘ਚ ਕਿਸਾਨ ਮਾਰੂ ਸੋਧਾਂ ਦਾ ਖਰੜਾ ਰੱਦ ਕਰੋ। ਡੀਜਲ ਪੈਟਰੋਲ ਕਾਰੋਬਾਰ ਦਾ ਸਰਕਾਰੀਕਰਨ ਕਰੋ, ਟੈਕਸ ਖਤਮ ਕਰੋ ਤੇ ਖੇਤੀ ਲਈ ਡੀਜਲ ਅੱਧ ਮੁੱਲ ‘ਤੇ ਦਿਓ। ਸੰਘਰਸ਼ਸ਼ੀਲ ਕਿਸਾਨਾਂ ਮਜ਼ਦੂਰਾਂ ਦੇ ਇਕੱਠਾਂ ਉੱਤੇ ਅਤੇ ਬੁੱਧੀਜੀਵੀਆਂ ਸਮਾਜਿਕ ਕਾਰਕੁੰਨਾਂ ਦੇ ਲਿਖਣ ਬੋਲਣ ‘ਤੇ ਪਾਬੰਦੀਆਂ ਖਤਮ ਕਰੋ ਅਤੇ ਇਹਨਾਂ ਵਿਰੁੱਧ ਦਰਜ ਕੀਤੇ ਕੇਸ ਰੱਦ ਕਰੋ। ਲੋਕ ਕਵੀ ਵਰਵਰਾ ਰਾਓ ਸਮੇਤ ਸਾਰੇ ਨਜ਼ਰਬੰਦਾਂ ਨੂੰ ਰਿਹਾਅ ਕਰੋ। ਕਿਸਾਨ ਮਾਰੂ ਸਿਫਾਰਸਾਂ ਕਰ ਰਹੀ ਮੌਂਟੇਕ ਆਹਲੂਵਾਲੀਆ ਕਮੇਟੀ ਨੂੰ ਭੰਗ ਕਰੋ।
ਬੁਲਾਰਿਆਂ ਵੱਲੋਂ ਕੈਪਟਨ ਸਰਕਾਰ ਉੱਤੇ ਦੋਗਲੀ ਨੀਤੀ ਅਪਨਾਉਣ ਦਾ ਦੋਸ਼ ਲਾਉਂਦਿਆਂ ਕਿਹਾ ਕਿ ਇੱਕ ਪਾਸੇ ਤਾਂ ਖੇਤੀ ਆਰਡੀਨੈਂਸਾਂ ਵਿਰੁੱਧ ਮਤੇ ਪਾਸ ਕੀਤੇ ਜਾ ਰਹੇ ਹਨ ਪਰ ਦੂਜੇ ਪਾਸੇ ਇਹਨਾਂ ਆਰਡੀਨੈਂਸਾਂ ਵਿਰੁੱਧ ਸ਼ਾਂਤਮਈ ਸੰਘਰਸ਼ ਕਰ ਰਹੇ ਕਿਸਾਨਾਂ ਵਿਰੁੱਧ ਝੂਠੇ ਕੇਸ ਦਰਜ ਕੀਤੇ ਜਾ ਰਹੇ ਹਨ। ਅੱਜ ਦੇ ਧਰਨਿਆਂ ਵਿੱਚ ਕੁੱਝ ਕੁ ਪਿੰਡਾਂ ਵਿੱਚ ਪੀ ਐਸ ਯੂ ਰੰਧਾਵਾ, ਨੌਜਵਾਨ ਭਾਰਤ ਸਭਾ,ਡੀ ਟੀ ਐਫ,ਬਿਜਲੀ ਕਾਮਿਆਂ ਅਤੇ ਠੇਕਾ ਮੁਲਾਜਮਾਂ ਵੱਲੋਂ ਕੀਤੀ ਗਈ ਹਿਮਾਇਤੀ ਸ਼ਮੂਲੀਅਤ ਲਈ ਧੰਨਵਾਦ ਕੀਤਾ ਗਿਆ। ਬੁਲਾਰਿਆਂ ਨੇ ਐਲਾਨ ਕੀਤਾ ਕਿ ਕਿਸਾਨ ਘੋਲ ਦੇ ਮੌਜੂਦਾ ਪੜਾਅ ਦੇ ਆਖਰੀ ਦਿਨ ਭਲਕੇ 29 ਅਗਸਤ ਨੂੰ ਹੋਰ ਵੀ ਵਧੇਰੇ ਪਿੰਡਾਂ ਵਿੱਚ ਰਿਕਾਰਡ ਤੋੜ ਇਕੱਠ ਕੀਤੇ ਜਾਣਗੇ। ਉਹਨਾਂ ਵਲੋਂ ਪੰਜਾਬ ਭਰ ਦੇ ਕਿਸਾਨਾਂ ਮਜ਼ਦੂਰਾਂ ਨੂੰ ਇਸ ‘ ਕਿਸਾਨੀ ਬਚਾਓ ‘ ਸੰਘਰਸ਼ ਵਿੱਚ ਵਧ ਚੜ ਕੇ ਪਰਵਾਰਾਂ ਸਮੇਤ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ।