3.5 C
United Kingdom
Sunday, March 8, 2026

More

    ਨਮੂਨੇ ਦਾ ਪਿੰਡ ਬਣਾਉਣ ਲਈ ਭੂਦਨ ‘ਚ ਕਰਵਾਏ ਮਿਆਰੀ ਵਿਕਾਸ ਕਾਰਜ-ਡਿਪਟੀ ਕਮਿਸ਼ਨਰ

    ਕੋਵਿਡ-19 ਦੀ ਮਹਾਂਮਾਰੀ ਦੌਰਾਨ 1,200 ਮੁਫ਼ਤ ਰਾਸ਼ਨ ਕਿੱਟਾਂ ਵੰਡੀਆ: ਰਾਮਵੀਰ
    ਮਲੇਰਕੋਟਲਾ, 26 ਅਗਸਤ (ਜਮੀਲ ਜੌੜਾ)

    ਸੰਗਰੂਰ ਜ਼ਿਲ੍ਹੇ ਦੇ ਪਿੰਡਾਂ ‘ਚ ਸ਼ਹਿਰਾਂ ਵਰਗੀਆਂ ਸਹੂਲਤਾਂ ਮੁਹੱਈਆ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋਂ ਲਗਾਤਾਰ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਡਿਪਟੀ ਕਮਿਸ਼ਨਰ ਸੰਗਰੂਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਜ਼ਿਲ੍ਹੇ ਦੇ ਹਰ ਪਿੰਡ ‘ਚ ਨਮੂਨੇ ਦੇ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ ਅਤੇ ਇਨ੍ਹਾਂ ‘ਚੋਂ ਹੀ ਇੱਕ ਮਲੇਰਕੋਟਲਾ-2 ਬਲਾਕ ਦਾ ਪਿੰਡ ਭੂਦਨ ਹੈ ਜਿੱਥੇ ਪਿੰਡ ਵਾਸੀਆਂ ਨੂੰ ਮੁੱਢਲੀਆਂ ਸਹੂਲਤਾਂ ਦੀ ਉਪਲਬਧੀ ਯਕੀਨੀ ਬਣਾਉਣ ਲਈ ਮਿਆਰੀ ਵਿਕਾਸ ਕਾਰਜ ਕਰਵਾਏ ਜਾ ਰਹੇ ਹਨ। ਡਿਪਟੀ ਕਮਿਸ਼ਨਰ ਸ਼੍ਰੀ ਰਾਮਵੀਰ ਨੇ ਦੱਸਿਆ ਕਿ ਮਲੇਰਕੋਟਲਾ ਤੋਂ ਲਗਭਗ 3 ਕਿਲੋਮੀਟਰ ਦੀ ਦੂਰੀ ‘ਤੇ ਤਕਰੀਬਨ 5,000 ਦੀ ਆਬਾਦੀ ਵਾਲੇ ਇਸ ਪਿੰਡ ਦੀ ਦਾਣਾ ਮੰਡੀ ਦਾ 55 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਕਰਵਾਇਆ ਗਿਆ ਹੈ ਤਾਂ ਜੋ ਕਿਸਾਨਾਂ ਦੀ ਫ਼ਸਲ ਨੂੰ ਖ਼ਰਾਬ ਹੋਣ ਤੋਂ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਮਗਨਰੇਗਾ ਸਕੀਮ ਤਹਿਤ 150 ਪਰਿਵਾਰਾਂ ਨੂੰ ਲਗਾਤਾਰ ਰੁਜ਼ਗਾਰ ਮੁਹੱਈਆ ਕਰਵਾਇਆ ਜਾ ਰਿਹਾ ਹੈ ਅਤੇ ਹੁਣ ਤੱਕ ਪਿੰਡ ਦੇ ਮਗਨਰੇਗਾ ਵਰਕਰਾਂ ਨੂੰ ਵੱਖ-ਵੱਖ ਵਿਕਾਸ ਕਾਰਜਾਂ ਲਈ ਲਗਾਈਆਂ 7,000 ਦਿਹਾੜੀਆਂ ਦੇ ਕੰਮ ਬਦਲੇ 18.20 ਲੱਖ ਰੁਪਏ ਸਿੱਧੀ ਅਦਾਇਗੀ ਰਾਹੀਂ ਦਿੱਤੇ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਿੰਡ ਦੀ ਦਿੱਖ ਸੰਵਾਰਨ ਲਈ 13.5 ਲੱਖ ਰੁਪਏ ਦੀ ਲਾਗਤ ਨਾਲ ਇੰਟਰਲਾਕ ਟਾਇਲਾਂ ਲਗਵਾਈਆਂ ਗਈਆਂ ਹਨ ਤੇ 4 ਲੱਖ ਰੁਪਏ ਦੀ ਲਾਗਤ ਨਾਲ ਐਸ.ਸੀ. ਭਾਈਚਾਰੇ ਦੇ ਲੋਕਾਂ ਲਈ 4 ਧਰਮਸ਼ਾਲਾਵਾਂ ਬਣਾਈਆਂ ਗਈਆਂ ਹਨ। ਸ਼੍ਰੀ ਰਾਮਵੀਰ ਨੇ ਦੱਸਿਆ ਕਿ ਕੋਰੋਨਾ ਮਹਾਮਾਰੀ ਦੌਰਾਨ ਪਿੰਡ ਦੇ ਲੋੜਵੰਦ ਪਰਿਵਾਰਾ ਨੂੰ ਸਰਪੰਚ ਕਰਮਜੀਤ ਕੌਰ ਤੇ ਪੂਰੀ ਪੰਚਾਇਤ ਵੱਲੋਂ 1,200 ਕਿੱਟਾਂ ਮੁਫ਼ਤ ਰਾਸ਼ਨ ਦੀਆਂ ਮਹੁੱਈਆ ਕਰਵਾਉਣ ਦੇ ਨਾਲ-ਨਾਲ 20 ਹੋਰ ਪਰਿਵਾਰਾਂ ਦੇ ਨਵੇਂ ਮਗਨਰੇਗਾ ਜਾਬਕਾਰਡ ਬਣਾ ਕੇ ਕੋਰੋਨਾ ਮਹਾਂਮਾਰੀ ਦੌਰਾਨ ਕੰਮ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪ੍ਰਧਾਨ ਮੰਤਰੀ ਆਵਾਸ ਯੋਜਨਾ ਤਹਿਤ ਪਿੰਡ ਦੇ 18 ਯੋਗ ਲੋੜਵੰਦ ਲਾਭਪਾਤਰੀਆਂ ਦੀ ਚੋਣ ਕੀਤੀ ਗਈ ਹੈ ਤਾਂ ਜੋ ਉਨ੍ਹਾਂ ਨੂੰ ਪੱਕੇ ਘਰ ਬਣਾਉਣ ‘ਚ ਮਦਦ ਕੀਤੀ ਜਾ ਸਕੇ। ਉਨ੍ਹਾਂ ਦੱਸਿਆ ਕਿ ਇਸਦੇ ਨਾਲ ਹੀ ਪਿੰਡ ਦੇ 153 ਲੋੜਵੰਦ ਪਰਿਵਾਰਾਂ ਦੇ ਨਵੇ ਆਟਾ-ਦਾਲ ਕਾਰਡ ਬਣਵਾਏ ਗਏ ਹਨ ਅਤੇ 218 ਯੋਗ ਲਾਭਪਾਤਰੀਆਂ ਨੂੰ ਵੱਖ-ਵੱਖ ਸਕੀਮਾਂ ਅਧੀਨ ਨਵੀਂਆਂ ਪੈਨਸ਼ਨਾਂ ਲਗਵਾਈਆਂ ਗਈਆਂ ਹਨ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਬੁਨਿਆਦੀ ਸਹੂਲਤਾਂ ਦੇ ਨਾਲ-ਨਾਲ ਸ਼ਹਿਰ ਵਰਗੀਆਂ ਸਹੂਲਤਾਂ ਦੇਣ ਲਈ ਪਿੰਡ ‘ਚ 3 ਲੱਖ ਰੁਪਏ ਦੀ ਲਾਗਤ ਨਾਲ ਸੋਲਰ ਲਾਈਟਾਂ ਲਗਾ ਕੇ ਨਵਿਉਣਯੋਗ ਊਰਜਾ ਦੀ ਵਰਤੋਂ ਕਰਕੇ ਰਾਤਾਂ ਨੂੰ ਚਾਨਣ ਦਾ ਵੀ ਪ੍ਰਬੰਧ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਪਿੰਡ ਦੇ 2 ਛੱਪੜਾਂ ਦਾ ਥਾਪਰ ਮਾਡਲ ਅਪਣਾ ਕੇ 36 ਲੱਖ ਰੁਪਏ ਦੀ ਲਾਗਤ ਨਾਲ ਨਵੀਨੀਕਰਨ ਵੀ ਕਰਵਾਇਆ ਜਾ ਰਿਹਾ ਹੈ ਜਿਸ ਨਾਲ ਗੰਦੇ ਪਾਣੀ ਦੀ ਸਹੀ ਨਿਕਾਸੀ ਦੇ ਨਾਲ-ਨਾਲ ਪਿੰਡ ਦੀ ਦਿੱਖ ਸੰਵਾਰਨ ‘ਚ ਵੀ ਮਦਦ ਮਿਲੇਗੀ। ਉਨ੍ਹਾਂ ਕਿਹਾ ਕਿ ਇਸਦੇ ਨਾਲ ਹੀ ਪਿੰਡ ਦੇ ਸਰਕਾਰੀ ਹਾਈ ਸਕੂਲ ਦੇ 17 ਵਿੱਘੇ ਰਕਬੇ ‘ਤੇ ਫੈਲੇ ਖੇਡ ਮੈਦਾਨ ਨੂੰ ਵੀ ਸੰਵਾਰਿਆ ਗਿਆ ਹੈ ਤਾਂ ਜੋ ਵਿਦਿਆਰਥੀਆਂ ਤੇ ਨੌਜਵਾਨਾਂ ਨੂੰ ਖੇਡਾਂ ਜ਼ਰੀਏ ਚੰਗੇ ਪਾਸੇ ਜੋੜਿਆ ਜਾ ਸਕੇ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!