ਬਿਲਾਸਪੁਰ 25 ਅਗਸਤ (ਮਿੰਟੂ ਖੁਰਮੀ ਕੁਲਦੀਪ ਗੋਹਲ)
ਵਾਤਾਵਰਣ ਦੀ ਸ਼ੁੱਧਤਾ ਅਤੇ ਸਰੀਰਕ ਤੰਦਰੁਸਤੀ ਦਾ ਦਿੱਤਾ ਸੁਨੇਹਾ।
ਉੱਘੀ ਸੋਸ਼ਲ ਵਰਕਰ ਨਵਪ੍ਰੀਤ ਕੌਰ ਸਟਾਫ ਨਰਸ ਅਤੇ ਮਾਰਕਫੈੱਡ ਕਰਮਚਾਰੀ ਗੁਰਪ੍ਰੀਤ ਸਿੰਘ ਮਾਨ ਨੇ ਆਪਣੇ ਹੋਣਹਾਰ ਬੇਟੇ ਪਹਿਲਾਜ ਸਿੰਘ ਮਾਨ ਦਾ ਛੇਵਾਂ ਜਨਮ ਦਿਨ ਸੁਹੰਜਣਾ ਦੇ 600 ਬੀਜ ਵੰਡ ਕੇ ਮਨਾਇਆ।ਵਿਲੱਖਣ ਢੰਗ ਨਾਲ ਆਪਣੇ ਬੇਟੇ ਦਾ ਜਨਮ ਦਿਨ ਮਨਾਉਣ ਮੌਕੇ ਉਨ੍ਹਾਂ ਕਿਹਾ ਕਿ ਵਾਤਾਵਰਣ ਦੀ ਸ਼ੁੱਧਤਾ ਲਈ ਵੱਧ ਤੋਂ ਵੱਧ ਬੂਟੇ ਲਗਵਾ ਕੇ ਉਨ੍ਹਾਂ ਦੀ ਸੰਭਾਲ ਕਰਨਾ ਅਜੋਕੇ ਸਮੇਂ ਦੀ ਮੁੱਖ ਲੋੜ ਹੈ।ਬੱਚੇ ਦੇ ਨਾਨੀ-ਨਾਨਾ ਪ੍ਰਿੰਸੀਪਲ ਮਹਿੰਦਰ ਕੌਰ ਢਿੱਲੋਂ ਅਤੇ ਭੁਪਿੰਦਰ ਸਿੰਘ ਢਿੱਲੋਂ ਨੇ ਇਸ ਮੌਕੇ ਦੱਸਿਆ ਕਿ ਸਹੁੰਜਣਾ ਦੇ ਬੀਜ ਵੰਡਣ ਦਾ ਮੁੱਖ ਉਦੇਸ਼ ਵਾਤਾਵਰਣ ਨੂੰ ਸ਼ੁੱਧ ਰੱਖਣ ਦੇ ਨਾਲੋਂ ਨਾਲ ਸਰੀਰਕ ਤੌਰ ਤੇ ਤੰਦਰੁਸਤ ਰੱਖਣਾ ਵੀ ਹੈ।ਉਨ੍ਹਾਂ ਦੱਸਿਆ ਕਿ ਇਹ ਬੂਟਾ ਵਿਸ਼ਵ ਭਰ ਵਿੱਚ ਕ੍ਰਿਸ਼ਮਈ ਬੂਟੇ ਵਜੋਂ ਜਾਣਿਆ ਜਾਂਦਾ ਹੈ ਜੋ 300 ਤੋਂ ਵੱਧ ਬਿਮਾਰੀਆਂ ਨੂੰ ਜੜ੍ਹੋਂ ਖਤਮ ਕਰਕੇ ਸਰੀਰਕ ਤੰਦਰੁਸਤੀ ਦੇਣ ਵਜੋਂ ਜਾਣਿਆ ਜਾਂਦਾ ਹੈ।ਸੋ ਇਸ ਬੂਟੇ ਨੂੰ ਹਰ ਘਰ ਜਾਂ ਆਸ ਪਾਸ ਦੀ ਥਾਂ ਤੇ ਜਰੂਰ ਲਗਾਇਆ ਜਾਣਾ ਚਾਹੀਦਾ ਹੈ।ਇਸ ਮੌਕੇ ਕੁਲਵੰਤ ਸਿੰਘ ਢਿੱਲੋਂ,ਕਰਮ ਸਿੰਘ ਢਿੱਲੋਂ,ਰਾਜਦੀਪ ਸਿੰਘ ਢਿੱਲੋਂ,ਜੋਗਿੰਦਰ ਸਿੰਘ ਢਿੱਲ਼ੋਂ,ਗੁਰਦੇਵ ਕੌਰ,ਗੁਰਜੀਤ ਕੌਰ,ਲਵਦੀਪ ਕੌਰ,ਆਦਿ ਨੇ ਬੱਚੇ ਨੂੰ ਆਸ਼ੀਰਵਾਦ ਦਿੰਦਿਆਂ ਮਾਪਿਆਂ ਦੇ ਇਸ ਸਾਰਥਿਕ ਉਪਰਾਲੇ ਦੀ ਭਰਵੀਂ ਸਰਾਹਣਾ ਕੀਤੀ।