ਸਭ ਨੇ ਬੰਗਲਾ ਦੇਸ਼ ਬਣਨ ਦੀ ਦਾਸਤਾਂ ਪੜੀ ਸੁਣੀ ਹੋਵੇਗੀ ਪਰ 60 ਸਾਲ ਤੋਂ ਵੱਧ ਉਮਰ ਵਾਲੇ ਜਾਣਦੇ ਹਨ ਕਿ 1971 ਦੌਰਾਨ ਸੋਵੀਅਤ ਯੂਨੀਅਨ (ਰੂਸ) ਨੇ ਕਿਸ ਤਰਾਂ ਨੰਗੇ ਧੜ ਭਾਰਤ ਦੀ ਮਦਦ ਕੀਤੀ ਸੀ। ਕਿਸ ਤਰਾਂ ਪਾਕਿਸਤਨ ਦੀ ਮਦਦ ਲਈ ਆਏ ਜੰਗੀ ਬੇੜੇ (seventh fleet) ਨੂੰ ਰੂਸ ਦੀ ਘੁਰਕੀ ਕਾਰਨ ਪਿਛੇ ਮੁੜਨਾ ਪਿਆ ਸੀ। ਉਸ ਵਕਤ ਦੁਨੀਆਂ ਦੇ 5 ਦੇਸ਼ਾਂ ਕੋਲ ਵੀਟੋ ਪਾਵਰ ਹੁੰਦੀਂ ਸੀ ਪਰ ਚੀਨ ਕੋਲ ਨਹੀਂ ਸੀ। ਵੀਟੋ ਪਾਵਰ ਦਾ ਮਤਲਬ ਹੈ ਕਿ ਯੂ ਐਨ ਓ ਵਿਚ ਕੋਈ ਵੀ ਪ੍ਰਸਤਾਵ ਵੀਟੋ ਪਾਵਰ ਵਾਲੇ ਦੇਸ ਦੀ ਮਰਜੀ ਤੋਂ ਬਿਨਾਂ ਪਾਸ ਨਹੀਂ ਹੋ ਸਕਦਾ। ਬਾਅਦ ਵਿਚ ਸੋਵੀਅਤ ਯੂਨੀਅਨ ਦੇ ਟੁੱਟਣ ਕਾਰਨ ਯੂ ਐਨ ਓ ਅਮਰੀਕਾ ਦੀ ਕੱਠਪੁਲੀ ਬਣ ਕੇ ਰਹਿ ਗਈ । ਲੇਕਿਨ ਉਸ ਸਮੇਂ UNO ਦਾ ਬਹੁਤ ਮਹੱਤਵ ਸੀ।ਕਸ਼ਮੀਰ ਦੇ ਮਾਮਲੇ ਵਿਚ ਜੇ ਰੂਸ ਵੀਟੋ ਤਾਕਤ ਦੀ ਵਰਤੋਂ ਨਾ ਕਰਦਾ ਤਾਂ ਭਾਰਤ ਨੇ ਵਿਸ਼ਵ ਪੱਧਰ ਤੇ ਅਲੱਗ ਥਲੱਗ ਹੋ ਜਾਾਣਾ ਸੀ। ਭਾਰਤ ਨੇ ਸੋਵੀਅਤ ਯੂਨੀਅਨ ਨਾਲ ਇੱਕ 25 ਸਾਲਾ ਸੰਧੀ ਵੀ ਕੀਤੀ ਸੀ। ਭਾਰਤ ਇੱਕ ਤਰਾਂ ਨਾਲ ਉਸ ਵੇਲੇ ਸੋਵੀਅਤ ਯੂਨੀਅਨ ਦਾ ਸਭ ਤੋਂ ਨੇੜਲਾ ਅਤੇ ਸਥਾਈਂ ਮਿੱਤਰ ਸੀ। ਸਮੇ ਦੇ ਬਦਲਣ ਨਾਲ ਬਹੁਤ ਕੁਝ ਬਦਲ ਗਿਆ।ਨਾ ਸੋਵੀਅਤ ਯੂਨੀਆਂ ਰਿਹਾ ਤੇ ਨਾ 1971 ਵਾਲਾ ਭਾਰਤ ਰਿਹਾ। ਜਦੋਂ ਤੋਂ ਭਾਜਪਾ ਦੀ ਸਰਕਾਰ ਕੇਂਦਰ ਵਿਚ ਬਣੀ ਹੈ, ਭਾਰਤ ਦਾ ਝੁਕਾਅ ਅਮਰੀਕਾ ਵਲ ਹੋ ਗਿਆ। ਇਹਨਾਂ 6 ਸਾਲਾਂ ਦੌਰਾਨ ਇਕੱਲਾ ਰੂਸ ਹੀ ਭਾਰਤ ਤੋਂ ਦੂਰ ਨਹੀਂ ਹੋਇਆ ਸਗੋਂ ਨਾਲ ਲਗਦੇ ਗੁਆਂਢੀ ਦੇਸ ਵੀ ਭਾਰਤ ਨਾਲ ਦੂਰੀ ਬਣਾ ਕੇ ਚੱਲ ਰਹੇ ਹਨ। ਭਾਰਤ ਨੂੰ ਰੂਸ ਦੀ ਯਾਦ ਉਦੋਂ ਆਈ ਜਦੋਂ ਚੀਨ ਦੀ ਫੌਜ ਭਾਰਤੀ ਇਲਾਕੇ ਅੰਦਰ ਆ ਕੇ ਬੈਠ ਗਈ। ਇਸ ਦੌਰਾਨ ਹੋਈ ਝੜਪ ਵਿਚ ਭਾਰਤ ਦੇ 20 ਸੈਨਿਕ ਸ਼ਹੀਦ ਹੋ ਗਏ। ਭਾਰਤ ਦੇ ਰੱਖਿਆ ਮੰਤਰੀ ਵਲੋੰ ਰੂਸ ਦਾ ਦੌਰਾ ਵੀ ਕੀਤਾ ਗਿਆ ਪਰ ਆਸ ਮੁਤਾਬਕ ਭਾਰਤ ਨੂੰ ਹੁੰਗਾਰਾ ਨਹੀਂ ਮਿਲਿਆ।ਅੰਤਰ ਰਾਸ਼ਟਰੀ ਕੂਟਨੀਤੀ ਵਿਚ ਕੋਈ ਸਥਾਈ ਦੋਸਤ ਜਾ ਸਥਾਈਂ ਦੁਸ਼ਮਣ ਨਹੀਂ ਹੁੰਦਾ। 2014 ਵਿਚ ਸਤਾ .ਸੰਭਾਲਦੇ ਹੀ ਨਰਿੰਦਰ ਮੋਦੀ ਸਰਕਾਰ ਨੇ ਵਿਦੇਸ਼ ਨੀਤੀ ਵਿਚ ਤਬਦੀਲੀ ਕਰਦਿਆਂ ਭਾਰਤ ਦੇ ਰਵਾਇਤੀ ਮਿੱਤਰ ਦੇਸ਼ਾਂ ਦੀ ਥਾਂ ਕੁਝ ਨਵੇਂ ਦੋਸਤਾਂ ਨੂੰ ਤਰਜੀਹ ਦਿੱਤੀ। ਸੰਭਵ ਹੈ ਕਿ ਇਹ ਕੁਝ ਦੇਸ਼ ਹਿਤ ਨੂੰ ਮੁੱਖ ਰੱਖ ਕੇ ਹੀ ਕੀਤਾ ਗਿਆ ਹੋਵੇਗਾ ਅਤੇ ਨਵੇਂ ਪੁਰਾਣੇ ਦੋਸਤਾਂ ਦਰਮਿਆਨ ਸੰਤੁਲਨ ਸਥਾਪਤ ਕਰਨ ਦਾ ਯਤਨ ਕੀਤਾ ਹੋਵੇਗਾ। ਫੇਰ ਕੀ ਕਾਰਨ ਹੈ ਕਿ ਰੂਸ ਵਰਗਾ ਪੱਕਾ ਸਾਥੀ ਪਿੱਛੇ ਰਹਿ ਗਿਆ। ਦਰ ਅਸਲ ਪ੍ਰਧਾਨ ਮੰਤਰੀ ਦਾ ਕੱਟੜ ਰਾਸ਼ਟਰਵਾਦੀ ਅਤੇ ਅਤੇ ਹਿੰਦੂਤਵ ਵਾਦੀ ਚਿਹਰਾ ਜਿਥੇ ਉਸ ਦੀ ਸਭ ਤੋਂ ਵੱਡੀ ਤਾਕਤ ਹੈ ਉੱਥੇ ਉਸ ਦੀ ਸਭ ਤੋਂ ਵੱਡੀ ਰਾਜਨੀਤਕ ਕੰਮਜ਼ੋਰੀ ਵੀ ਹੈ। ਇਸ ਵਿਚਾਰਧਾਰਾ ਨੇ ਉਸ ਨੂੰ ਸਤਾ ਤਾਂ ਸੌਂਪੀ ਪਰ ਇਹ ਵਿਚਾਰਧਾਰਾ ਘਰੇਲੂ ਅਤੇ ਅੰਤਰਰਾਸ਼ਟਰੀ ਪੱਧਰ ਤੇ ਵਾਸਤਵਿਕ ਰਾਸ਼ਟਰੀ ਹਿਤਾਂ ਦੀ ਪਛਾਣ ਕਰਨ ਦੇ ਰਾਹ ਵਿਚ ਵੱਡੀ ਰੁਕਾਵਟ ਬਣ ਗਈ। ਕੱਟੜ ਰਾਸ਼ਟਰਵਾਦੀ ਸੋਚ ਕਾਰਨ ਕੇਂਦਰ ਸਰਕਾਰ ,ਪਾਕਿਸਤਾਨ ਤੋਂ ਅਗਲੀ ਗੱਲ ਸੋਚ ਹੀ ਨਾ ਸਕੀ। ਹਾਲਾਂ ਕਿ ਭਾਰਤ ਲਈ ਵੱਡਾ ਖਤਰਾ ਚੀਨ ਸੀ, ਚੀਨ ਹੈ ਅਤੇ ਚੀਨ ਰਹੇਗਾ।ਪਾਕਿਸਤਨ ਖਿਲਾਫ ਬੋਲ ਕੇ ਉਹ ਘੱਟ ਗਿਣਤੀ ਫਿਰਕੇ ਨੂੰ ਨਿਸ਼ਾਨਾ ਬਣਾਉਂਦੇ ਰਹੇ ਅਤੇ ਵੋਟਾਂ ਬਟੋਰਨ ਦੇ ਸੌੜੇ ਮਨਸੂਬਿਆਂ ਦੀ ਪੂਰਤੀ ਕਰਨ ਵਿਚ ਮਸਰੂਫ ਰਹੇ। ਦੂਜੇ ਪਾਸੇ ਚੀਨ, ਪਾਕਿਸਤਾਨ ਵਿਰੋਧੀ ਭਾਰਤੀ ਖੁਮਾਰ ਦਾ ਫਾਇਦਾ ਉਠਾ ਕੇ ਭਾਰਤ ਦੇ ਸਿਰ ਉੱਤੇ ਆ ਕੇ ਬੈਠ ਗਿਆ। ਮੋਦੀ ਸਰਕਾਰ ਅਤੇ ਉਸ ਤੋਂ ਪਹਿਲਾਂ ਵਾਲੀ ਕਾਂਗਰਸ ਸਰਕਾਰ ਘਰੇਲੂ ਪੱਧਰ ਤੇ ਫਰਜ਼ੀ ਅੱਤਵਾਦ,ਮੁਸਲਮਾਨਾਂ ਦੀ ਲਿੰਚਿੰਗ, ਦਲਿਤਾਂ ਅਤੇ ਘੱਟ ਗਿਣਤੀਆਂ ਨੂੰ ਮੁਢਲੀਆਂ ਸਹੂਲਤਾਂ ਤੋਂ ਮਹਿਰੂਮ ਰੱਖਣ ਜਿਹੀਆਂ ਨੀਤੀਆਂ ਤੋਂ ਪਿੱਛਾ ਨਹੀਂ ਛੁਡਾ ਸਕੀਆਂ। ਇਹ ਸਰਕਾਰਾਂ ਪੈਰਾਂ ਤੋਂ ਲੈ ਕੇ ਸਿਰ ਤੱਕ ਭ੍ਰਿਸ਼ਟਾਚਾਰ ਵਿਚ ਗਲਤਾਨ ਰਹੀਆਂ ਹਨ। ਦੂਜੇ ਪਾਸੇ ਚੀਨ ਚੁੱਪ ਚਾਪ ਵਿਕਾਸ ਦਾ ਰਸਤਾ ਤਹਿ ਕਰਦਾ ਰਿਹਾ। ਉਸ ਨੇ ਆਪਣੇ ਦੇਸ਼ ਵਿੱਚ ਵਿਗਿਆਨ ਅਤੇ ਤਕਨੀਕ ਦਾ ਜਬਰਦਸਤ ਤਾਣਾ ਬਾਣਾ ਬੁਣ ਲਿਆ। ਚੀਨ ਅੱਜ ਹਰ ਦੇਸ ਦੀ ਜਰੂਰਤ ਬਣਦਾ ਜਾ ਰਿਹਾ ਹੈ। ਚੀਨ ਅਤੇ ਰੂਸ ਦਰਮਿਆਨ ਪਰੰਪਰਿਕ ਸਾਲਾਨਾ ਵਿਉਪਾਰ 110 ਅਰਬ ਡਾਲਰ ਤੋਂ ਵੀ ਜਿਆਦਾ ਹੈ, ਜਦੋਂ ਕਿ ਭਾਰਤ ਅਤੇ ਰੂਸ ਦਰਮਿਆਨ ਪਰੰਪਰਿਕ ਸਾਲਾਨਾ ਵਿਉਪਾਰ ਕੇਵਲ 7 ਅਰਬ ਡਾਲਰ ਹੈ।ਉਧਰ ਚੀਨ ਅਤੇ ਅਮਰੀਕਾ ਦਰਮਿਆਨ ਸਾਲਾਨਾ ਵਿਉਪਾਰ 559 ਅਰਬ ਡਾਲਰ ਹੈ ਜਦੋਂ ਕਿ ਭਾਰਤ ਅਤੇ ਅਮਰੀਕਾ ਦਰਮਿਆਨ ਸਾਲਾਨਾ ਵਿਉਪਾਰ ਕੇਵਲ 87.9 ਅਰਬ ਡਾਲਰ ਹੈ।ਪਿਛਲੇ ਸਾਲ ਭਾਰਤ ਨੇ ਚੀਨ ਨੂੰ ਕਰੀਬ 16 ਅਰਬ ਡਾਲਰ ਦਾ ਨਿਰਯਾਤ ਕੀਤਾ,ਜਦੋਂਕਿ ਚੀਨ ਤੋਂ ਕਰੀਬ 52 ਅਰਬ ਡਾਲਰ ਦਾ ਆਯਾਤ ਕੀਤਾ।ਆਯਾਤ ਅਤੇ ਨਿਰਯਾਤ ਵਿਚਕਾਰ ਐਨੇ ਵੱਡੇ ਫਰਕ ਤੋਂ ਸਪਸ਼ਟ ਹੁੰਦਾ ਹੈ ਕਿ ਭਾਰਤ ਵਪਾਰਕ ਪੱਖੋਂ ਚੀਨ ਤੇ ਕਿੰਨਾ ਨਿਰਭਰ ਹੈ। ਵਰਤਮਾਨ ਹਾਲਤਾਂ ਵਿਚ ਰੂਸ, ਚੀਨ ਵਰਗੇ ਵੱਡੇ ਵਪਾਰਕ ਦੋਸਤ ਨੂੰ ਛੱਡ ਕੇ ਭਾਰਤ ਵਰਗੇ ਉਸ ਨਿੱਕੇ ਵਪਾਰਕ ਹਿੱਸੇਦਾਰ ਨਾਲ ਨੇੜਤਾ ਨਹੀਂ ਕਰੇਗਾ, ਜੋ ਪੁਰਾਣੇ ਸਬੰਧਾਂ ਨੂੰ ਨਜ਼ਰ ਅੰਦਾਜ਼ ਕਰ ਕੇ ਨਵੇਂ ਦੋਸਤਾਂ ਦੀ ਖੋਜ ਕਰ ਰਿਹਾ ਹੋਵੇ। ਸੰਘ ਪਰਿਵਾਰ ਅਤੇ ਸਰਕਾਰ ਇਸਲਾਮੋ ਫੋਬੀਆ ਤੇ ਕੇਂਦਰਿਤ ਹੋ ਕੇ ਰਹਿ ਗਏ ਹਨ।ਉਹਨਾਂ ਨੂੰ ਹਰ ਇੱਕ ਵਰਤਾਰੇ ਵਿਚੋਂ ਪਾਕਿਸਤਨ ਨਜਰ ਆਉਂਦਾ ਹੈ। ਅਸਲ ਵਿਚ ਉਹ ਮੁਸਲਮਾਨਾਂ ਖਿਲਾਫ ਪ੍ਰਚਾਰ ਨੂੰ ਆਪਣੀ ਸਫਲਤਾ ਦੀ ਕੁੰਜੀ ਸਮਝਣ ਲੱਗ ਪਏ ਹਨ ।ਦੂਰ ਅੰਦੇਸ਼ੀ ਪੱਖੋਂ ਇਹ ਮਾਨਸਿਕਤਾ ਖਤਰਨਾਕ ਹੈ। ਇਸੇ ਕੱਟੜ ਸੋਚ ਕਰਨ ਉਹਨਾਂ ਦੇ ਮੰਨ ਵਿਚ ਇਹ ਗੱਲ ਘਰ ਕਰ ਗਈ ਹੈ ਕਿ ਅਮਰੀਕਾ ਅਤੇ ਇਜ਼ਰਾਈਲ ਮੁਸਲਮਾਨਾਂ ਦੇ ਦੁਸ਼ਮਣ ਹੋਣ ਕਰਕੇ ਸਾਡੇ ਸਚੇ ਦੋਸਤ ਹੋ ਸਕਦੇ ਹਨ। ਮੋਦੀ ਸਰਕਾਰ ਨੇ ਇਸੀ ਮਾਨਸਿਕਤਾ ਦੇ ਕਾਰਨ ਅਮਰੀਕਾ ਅਤੇ ਇਜ਼ਰਾਈਲ ਨੂੰ ਲੋੜ ਤੋੰ ਵੱਧ ਮਹੱਤਵ ਦੇਣਾ ਸ਼ੁਰੂ ਕਰ ਦਿੱਤਾ । ਰੱਖਿਆ ਖੇਤਰ ਵਿੱਚ ਉਹਨਾਂ ਨੂੰ ਆਪਣਾ ਆਦਰਸ਼ ਮੰਨ ਕੇ ਰੂਸ ਅਤੇ ਇਰਾਨ ਵਰਗੇ ਪਰੰਪਰਿਕ ਅਤੇ ਭਰੋਸੇ ਯੋਗ ਸਹਿਯੋਗੀਆਂ ਨੂੰ ਹਲਕੇ ਵਿੱਚ ਲੈਣਾ ਸ਼ੁਰੂ ਕਰ ਦਿੱਤਾ। ਸਿਆਸਤ ਭਾਵੇਂ ਰਾਸ਼ਟਰੀ ਹੋਵ ਜਾ ਅੰਤਰਰਾਸ਼ਟਰੀ, ਹਰ ਕੋਈ ਆਪਣੇ ਹਿਤ ਦੇਖਦਾ ਹੈ। ਬਦਲਦੇ ਹਾਲਾਤਾਂ ਅਨੁਸਾਰ ਰੂਸ ਨੇ ਵੀ ਚੀਨ ਅਤੇ ਪਾਕਿਸਤਾਨ ਦੇ ਬਜਾਰਾਂ ਵਿਚ ਸੰਭਾਵਨਾਵਾਂ ਖੋਜਣੀਆਂ ਸ਼ੁਰੂ ਕਰ ਦਿੱਤੀਆਂ। ਆਧੁਨਿਕ ਦੌਰ ਵਿਚ ਇੱਕ ਵਿਅਕਤੀ ਤੋਂ ਲੈ ਕੇ ਵਿਸ਼ਵ ਪੱਧਰ ਤੱਕ ਸਾਰੇ ਇਸ ਸਚਾਈ ਨੂੰ ਕਬੂਲਦੇ ਹਨ ਕਿ ਸਭ ਤੋਂ ਤਕਤਵਰ ਉਹ ਹੁੰਦਾ ਹੈ ਜਿਸ ਦੀ ਕੋਠੀ ਵਿਚ ਦਾਣੇ ਹੁੰਦੇ ਹਨ। ਅਫਸੋਸ ਦੀ ਗੱਲ ਹੈ ਕਿ ਭਾਰਤ ਦੀ ਮੌਜੂਦਾ ਸਰਕਾਰ “ਦਾਣਿਆਂ” ਦੇ ਚੱਕਰ ਵਿਚ ਪੈਣਾ ਹੀ ਨਹੀਂ ਚਾਹੁੰਦੀ। ਮਾਸਕੋ, ਬੀਜਿੰਗ ਨਾਲ ਵਿਉਪਾਰ ਅਤੇ ਰੱਖਿਆ ਸਹਿਯੋਗ ਦੇ ਮਾਮਲੇ ਵਿਚ ਬਹੁਤ ਅੱਗੇ ਵਧ ਚੁੱਕਾ ਹੈ। ਮੋਦੀ ਸਰਕਾਰ ਦੇ ਪੱਛਮ ਵਲ ਵਧਦੇ ਰੁਝਾਨ ਨੇ ਗੁਆਂਢੀ ਦੇਸ਼ਾਂ ਨਾਲ ਬਣੇ ਬਣਾਏ ਸਮੀਕਰਨਾਂ ਨੂੰ ਵਿਗਾੜ ਦਿੱਤਾ ਹੈ। ਇਹੀ ਕਰਨ ਹੈ ਕਿ ਭਾਰਤ ਚੀਨ।ਸਰਹੱਦੀ ਵਿਵਾਦ ਦੇ ਮਾਮਲੇ ਵਿੱਚ ਰੂਸ ਦੇ ਵਿਦੇਸ਼ ਮੰਤਰੀ ਸਰਗੇਈ ਲਾਵਰੋਵ ਨੇ ਆਪਣੇ ਸੰਕੋਚਵੇਂ ਬਿਆਨ ਵਿਚ ਕਿਹਾ ਹੈ,” ਮੈਨੂੰ ਨਹੀਂ ਲਗਦਾ ਕਿ ਭਾਰਤ ਅਤੇ ਚੀਨ ਨੂੰ ਆਪਸੀ ਵਿਵਾਦ ਸੁਲਝਾਉਣ ਲਈ ਕਿਸੇ ਬਾਹਰੀ ਮਦਦ ਦੀ ਲੋੜ ਹੈ। ਦੋਵੇ ਦੇਸ਼ ਮਾਮਲਾ ਹੱਲ ਕਰਨ ਦੇ ਸਮਰਥ ਹਨ।” ਇੱਕ ਤਰਾਂ ਨਾਲ਼ ਰੂਸ ਨੇ ਸਾਫ ਕਰ ਦਿੱਤਾ ਹੈ ਕਿ ਇਸ ਮਾਮਲੇ ਵਿੱਚ ਰੂਸ ਨਿਰਪੱਖ ਰਹੇਗਾ। ਇਹ ਵੀ ਧਿਆਨ ਚ ਰੱਖਣ ਦੀ ਲੋੜ ਹੈ ਕਿ 1971 ਵਿੱਚ ਤਾਂ ਰੂਸ ਨੇ ਭਾਰਤ ਦਾ ਸਾਥ ਦਿੱਤਾ ਸੀ ਪਰ ਚੀਨ ਦੇ ਖਿਲਾਫ 1962 ਵਾਲੀ ਜੰਗ ਵਿਚ ਰੂਸ ਨੇ ਭਾਰਤ ਦਾ ਸਾਥ ਨਹੀਂ ਦਿੱਤਾ ਸੀ। 2017 ਵਿਚ ਡੋਕਲਾਂਗ ਮਾਮਲੇ ਵਿਚ ਵੀ ਉਸ ਦਾ ਰੁਖ ਉਸੇ ਤਰਾਂ ਦਾ ਸੀ ਜੋ ਭਾਰਤ ਚੀਨ ਮੌਜੂਦਾ ਵਿਵਾਦ ਵਿਚ ਹੈ। ਰੂਸ ਵਿਸ਼ਵ ਦੇ ਨਕਸ਼ੇ ਤੇ ਭਾਵੇਂ ਫੇਰ ਤੋਂ ਉਭਰ ਰਿਹਾ ਹੈ ਪਰ ਅਜੇ ਉਸ ਦੀਆਂ ਆਪਣੀਆਂ ਤਰਜੀਹਾਂ ਹਨ ਜੋ ਉਸ ਨੂੰ ਚੀਨ ਤੋਂ ਦੂਰ ਜਾਣ ਦੀ ਇਜਾਜ਼ਤ ਨਹੀਂ ਦੇ ਰਹੀਆਂ। ਹਰਜਿੰਦਰ ਸਿੰਘ ਗੁਲਪੁਰ
ਮੇਲਬੁਰਨ (ਅਸਟ੍ਰੇਲੀਆ)
0061411208811