ਰਜਨੀ ਵਾਲੀਆ, ਕਪੂਰਥਲਾ
(ਪੁੁੁਸਤਕ “ਟੁੱਟਣਾ ਵੀ ਖੂਬਸੂਰਤ ਹੁੰਦੈ ਵਿੱਚੋਂ”)
ਮੈਂ ਖੁਦ ਨੂੰ ਸੰਬੋਧਨ ,
ਹੋ ਰਹੀ ਹਾਂ।
ਆਪਣੇਂ ਅੰਦਰ ਦੇ ਜਵਾਲਾਮੁਖੀ,
ਨੂੰ ਫਟਣ ਦਾ ਇੱਕ,
ਮੌਕਾ ਦੇਣ ਲੱਗੀ ਹਾਂ।
ਕਿ ਪਿੰਜਰਾ ਪੰਛੀ ਨੂੰ,
ਕੈਦ ਜਰੂਰ ਕਰ ਸਕਦਾ ਹੈ।
ਪਰ ਉਸਦੇ ਖੰਭਾਂ ਨੂੰ,
ਉੱਡਣਾ ਦੀ ਜਾਚ ਰਹਿੰਦੀ ਹੈ।
ਉਹ ਭੁੱਲਦੀ ਨਹੀਂ।
ਕਿਉਂ ਕਿ ਪੰਛੀ ਨੂੰ ਪਰਵਾਜ਼,
ਜਨਮ ਤੋਂ ਹੀ ਮਿਲੀ ਹੁੰਦੀ ਹੈ।
ਤੇ ਤੂੰ ਵੀ ਉੱਡੀਂ ਭਰੀਂ ਉਡਾਰੀ,
ਜਿੰਨੀ ਵੀ ਭਰ ਸਕੀ।
ਮੈਂ ਖੁਦ ਨੂੰ ਸੰਬੋਧਨ ਹਾਂ।
ਕਿ ਪਿੰਜਰਿਆਂ ਵਿੱਚ ਕੈਦ ਨਹੀਂ ਰਹਿਣਾ ਕਿਸੇ ਗੈਰ ਵੱਲੋਂ,
ਖਿੱਚੀਆਂ ਲਕੀਰਾਂ,
ਟੱਪ ਜਾਵੀਂ।
ਕਿਸੇ ਗੈਰ ਵੱਲੋਂ ਬਣਾਈਆਂ,
ਦੀਵਾਰਾਂ ਤੋੜ ਸੁੱਟੀਂ।
ਪਰ ਜੇ ਤੂੰ ਏ ਨਾ ਕੀਤਾ,
ਤਾਂ ਗੁਲਾਮੀ ਤੇਰਾ ਮੱਥਾ ਚੁੰਮਣ,
ਜ਼ਰੂਰ ਆਵੇਗੀ।
ਇੱਜ਼ਤ ਉਸ ਨੂੰ ਦੇਵੀਂ ਜੋ,
ਲੈਣਯੋਗ ਹੋਵੇ।
ਇੱਜ਼ਤ ਦੇਣ ਤੋਂ ਪਹਿਲਾਂ ਰੱਜ ਕੇ,
ਆਪਣੀਂ ਇੱਜ਼ਤ ਕਰੀਂ।
ਆਪਣੇਂ ਮਾਣ ਸਨਮਾਨ ਨੂੰ,
ਤਖਤੇ ਤੌਫੀਕ ਤੇ ਬਿਰਾਜਮਾਨ ਕਰੀਂ ਤੇ,
ਸਿਰ ਤੇ ਤਾਜ਼ੇ ਤਲਿਸਮ ਸਜਾਵੀਂ,
ਜੋ ਤੇਰੀ ਇੱਜ਼ਤ ਕਰਵਾਵੇ।
ਸਮਝੌਤੇ ਦੇ ਨਾ ਤੇ,
ਕਿਸੇ ਦੀ ਵੀ ਬਦ ਜ਼ੁਬਾਨੀ ਦਾ ਕਾਸਾ,
ਤਲੀ ਤੇ ਨਾ ਟਿਕਾਵੀ।
ਜ਼ੁਲਮ ਨਾ ਸਹੀ ਤੇ ਨਾ,
ਸਹਿਣ ਦੇਵੀਂ।
ਢਾਲ ਬਣੀਂ ਮਜ਼ਲੂਮਾਂ ਦੀ,
ਮੁਹੱਬਤੇ ਜ਼ਿੰਦਗੀ ਦਾ ਕਾਇਦਾ,
ਹਮੇਸ਼ਾ ਪੜਦੀ ਰਹੀਂ।
ਜੂਝੀਂ ਜਿੰਨ੍ਹਾਂ ਚਿਰ ਜਿੱਤ,
ਦਾ ਪਰਚਮ ਹੱਥ ਨਾ ਆ ਜਾਵੇ।
ਰਜਨੀ,
ਤਰਸ,
ਜ਼ਿੱਲਤ,
ਮਾਸੂਮ,
ਲਾਚਾਰ ਤੇ ਭੋਲੀ ਵਾਲੀ,
ਜ਼ਿੰਦਗੀ ਨਾ ਜੀਵੀਂ।
ਫਖਰੇ ਮੀਨਾਰ ਤੇ,
ਜਿੱਤ ਦਾ ਪਰਚਮ,
ਲਹਿਰਾ ਕੇ ਤੂੰ,
ਦਾਨਵ ਲਈ ਕਾਲੀ,
ਤੇ ਮਾਨਵ ਲਈ ਮੁਰਾਰੀ,
ਬਣਕੇ ਸਾਹਮਣੇ ਆਵੀਂ ।
ਜੰਗ ਲੜੀਂ ਜੰਗ,
ਜਿੱਤ ਦੀ ਜੰਗ।