22.5 C
United Kingdom
Sunday, June 21, 2026

More

    ਮੁਰਾਦ

    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |
    ਪੂਰੀ ਹੋ ਗਈ ਏ ਮੁਰਾਦ,
    ਹੋਰ ਕੀ ਏ ਚਾਹੀਦਾ??

    ਮੋਈ ਹੋਈ ਰੂਹ ਵਿੱਚ,
    ਫੂਕੇ ਗਏ ਸਾਹ ਜਿਉਂ |
    ਹਾਸੇ ਪਾਉਣ ਕਿੱਕਲੀ,
    ਤੇ ਜੀਅ ਪਏ ਚਾਅ ਜਿਉਂ |
    ਭੇਦ ਨਾ ਪਾਇਆ ਕਿਸੇ,
    ਤੇਰੀ ਖੁਦਾਈ ਦਾ |
    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |

    ਮੇਰੇ ਅੱਜ ਪੈਰ ਚੁੰਮੇ,
    ਸੋਨੇ ਦੀਆਂ ਖੜਾਵਾਂ ਨੇਂ |
    ਮੈਨੂੰ ਕੀਤੇ ਨੇ ਸਲਾਮ ਅੱਜ,
    ਮੇਰਿਆਂ ਪੜਾਵਾਂ ਨੇਂ |
    ਸਾਰਾ ਅਸਰ ਇਹ ਹੈ,
    ਤੇਰੀ ਰਹਿਨੁਮਾਈ ਦਾ |
    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |

    ਮੇਰੇ ਜਜਬਾਤ ਅੱਜ,
    ਰਹੇ ਨਾ ਕੁਆਰੇ ਓਏ |
    ਬੇਸਹਾਰੇ ਨੂੰ ਮਿਲ ਗਏ,
    ਰੱਬੀ ਸਹਾਰੇ ਓਏ |
    ਮੈਂ ਜਿੰਦਗੀ ਚ ਦਾਅ ਕਦੇ,
    ਖਾਧਾ ਨਈਓਂ ਦਾਈ ਦਾ |
    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |

    ਮੈਂ ਕੱਚੇ ਤੋਂ ਪੱਕਾ ਹੋਇਆ,
    ਟੁੱਟਣੋਂ ਵੀ ਬਚਿਆ |
    ਮੈਂ ਤੇਰੇ ਬਾਜੋਂ ਕੀ ਦੱਸਾਂ,
    ਕਿਵੇਂ-ਕਿਵੇਂ ਮੱਚਿਆ |
    ਮਿਲ ਗਿਆ ਵਿਆਜ ਮੌਲਾ,
    ਮੇਰੀ ਕਮਾਈ ਦਾ |
    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |

    ਮੈਂ ਨਈਂ ਤੈਰਾਕ ਤਾਰੀ,
    ਫਿਰ ਵੀ ਮੈਂ ਲਾ ਲਈ |
    ਤੇਰੇ ਨਾਲ ਕਰ ਰੂਹਦਾਰੀ,
    ਏ ਜਿੰਦਗੀ ਬਚਾ ਲਈ |
    ਪਤਾ ਨਹੀਂ ਸੀ ਮੈਨੂੰ ਤੇਰੀ,
    ਏਨੀਂ ਗਹਿਰਾਈ ਦਾ |
    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |

    ਤੂੰ ਪੁੱਛੇਂ ਕਦੋਂ ਨਾ ਵੇ,
    ਯਾਦ ਮੇਰੀ ਆਵੇਗੀ |
    ਦੁੱਖਭੰਜਨ ਨੂੰ ਮੌਤ ਜਦੋਂ,
    ਆਪ ਲੈ ਕੇ ਜਾਵੇਗੀ |
    ਪਤਾ ਮੈਨੂੰ ਵੀ ਨਾ ਲੱਗਾ,
    ਰੂਹ ਏ ਤਿਹਾਈ ਦਾ |
    ਮੌਲਾ ਪੈ ਗਿਆ ਏ ਮੁੱਲ,
    ਲੇਖਾਂ ਦੀ ਲਿਖਾਈ ਦਾ |

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!