ਮਹਿਲ ਕਲਾਂ 20 ਅਗਸਤ (ਜਗਸੀਰ ਸਿੰਘ ਧਾਲੀਵਾਲ ਸਹਿਜੜਾ)
ਬਲਾਕ ਮਹਿਲ ਕਲਾਂ ਅਧੀਨ ਆਉਂਦੇ ਪਿੰਡ ਪਿੰਡ ਵਜਦੀਕੇ ਖ਼ੁਰਦ ਦੇ ਬਜ਼ੁਰਗਾਂ ਨੂੰ ਜਾਅਲੀ ਬੁਢਾਪਾ ਪੈਨਸ਼ਨਧਾਰਕ ਦੱਸਦਿਆਂ ਸਮਾਜਿਕ ਸੁਰੱਖਿਆ ਵਿਭਾਗ ਬਰਨਾਲਾ ਵੱਲੋਂ 33500 ਰੁਪਏ ਦੇ ਨੋਟਿਸ ਜਾਰੀ ਕਰਨ ਨੂੰ ‘ਹੋਪ ਫ਼ਾਰ ਮਹਿਲ ਕਲਾਂ’ ਦੇ ਇੰਚਾਰਜ ਕੁਲਵੰਤ ਸਿੰਘ ਟਿੱਬਾ ਨੇ ਮੰਦਭਾਗਾ ਦੱਸਦਿਆਂ ਪੰਜਾਬ ਸਰਕਾਰ ਅਤੇ ਸਮਾਜਿਕ ਸੁਰੱਖਿਆ ਵਿਭਾਗ ਵੱਲੋਂ ਬੋਗਸ ਜਾਂਚ ਦਾ ਹਵਾਲਾ ਦੇ ਤੰਗ ਪ੍ਰੇਸ਼ਾਨ ਕਰਨ ਦੀ ਨਿੰਦਾ ਕੀਤੀ ਹੈ। ਅੱਜ ਵੀਜਦਕੇ ਖ਼ੁਰਦ ਦੇ ਪੀੜਤ ਪਰਿਵਾਰਾਂ ਦੇ ਘਰ ਪੁੱਜ ਕੇ ਕੁਲਵੰਤ ਸਿੰਘ ਟਿੱਬਾ ਨੇ ਸਮੁੱਚੀ ਜਾਣਕਾਰੀ ਹਾਸਲ ਕਰਨ ਉਪਰੰਤ ਉੱਚ ਅਧਿਕਾਰੀਆਂ ਨਾਲ ਸੰਪਰਕ ਕਰਕੇ ਇਨਸਾਫ਼ ਦਿਵਾਉਣ ਦਾ ਭਰੋਸਾ ਦਿੱਤਾ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੁਲਵੰਤ ਸਿੰਘ ਟਿੱਬਾ ਨੇ ਹੈਰਾਨੀ ਪ੍ਰਗਟ ਕਰਦਿਆਂ ਕਿਹਾ ਕਿ ਵਿਭਾਗ ਵੱਲੋਂ ਜੀਤ ਸਿੰਘ ਪੁੱਤਰ ਅਮਰ ਸਿੰਘ ਅਤੇ ਹਰੀ ਸਿੰਘ ਪੁੱਤਰ ਮੱਘਰ ਸਿੰਘ ਨੂੰ ਜਿਸ ਜਾਂਚ ਦੇ ਹਵਾਲੇ ਤਹਿਤ ਅਯੋਗ ਦੱਸਿਆ ਜਾ ਰਿਹਾ ਹੈ, ਉਹ ਜਾਂਚ ਅਸਲ ਵਿੱਚ ਹੋਈ ਹੀ ਨਹੀਂ ਕਿਉਂਕਿ ਜਾਂਚ ਲਈ ਨਾ ਤਾਂ ਉਕਤ ਬਜ਼ੁਰਗਾਂ ਨੂੰ ਕੋਈ ਨੋਟਿਸ ਜਾਰੀ ਕੀਤਾ ਗਿਆ ਅਤੇ ਨਾ ਹੀ ਇਨ੍ਹਾਂ ਦਾ ਪੱਖ ਸੁਣਿਆ ਗਿਆ। ਇਸ ਲਈ ਵਿਭਾਗ ਨੇ ਸਿੱਧਾ ਨਾਦਰਸ਼ਾਹੀ ਹੁਕਮ ਜਾਰੀ ਕਰਕੇ ਪੀੜਤਾਂ ਨੂੰ ਪੈਨਸ਼ਨ ਵਜੋਂ ਪ੍ਰਾਪਤ ਕੀਤੀ ਰਾਸੀ ਵਿਭਾਗ ਨੂੰ ਮੋੜਨ ਲਈ 15 ਦਿਨਾਂ ਦਾ ਅਲਟੀਮੇਟਮ ਦਿੱਤਾ ਹੈ, ਜੋ ਕਾਨੂੰਨ ਅਨੁਸਾਰ ਸਹੀ ਨਹੀ ਹੈ। ਟਿੱਬਾ ਨੇ ਕਿਹਾ ਕਿ ਜਿਨ੍ਹਾਂ ਬਜ਼ੁਰਗਾਂ ਨੂੰ ਰਿਕਵਰੀ ਲਈ ਨੋਟਿਸ ਜਾਰੀ ਕੀਤੇ ਗਏ ਹਨ, ਉਨ੍ਹਾਂ ਦੀ ਨਾ ਤਾਂ ਉਮਰ ਘੱਟ ਹੈ ਅਤੇ ਨਾ ਹੀ ਟੈਕਸ ਭਰਦੇ ਹਨ ਬਲਕਿ ਉਨ੍ਹਾਂ ਦੇ ਘਰ ਗੁਜ਼ਾਰਾ ਤਾਂ ਮਨਰੇਗਾ ਤਹਿਤ ਦਿਹਾੜੀਆਂ ਲਗਾ ਕੇ ਚੱਲਦਾ। ਉਨ੍ਹਾਂ ਕਿਹਾ ਕਿ ਇੱਕ ਪਾਸੇ 2017 ਦੀਆਂ ਚੋਣਾਂ ਵਿੱਚ ਕਾਂਗਰਸ ਨੇ 51 ਹਜਾਰ ਸਗਨ ਸਕੀਮ ਦੇਣ, 25 ਸੌ ਰੁਪਏ ਪੈਨਸ਼ਨ ਅਤੇ ਘਰ ਘਰ ਰੁਜ਼ਗਾਰ ਦੇਣ ਆਦਿ ਝੂਠੇ ਵਾਅਦੇ ਕੀਤੇ ਪਰ ਹੁਣ ਜਾਂਚ ਦੀ ਆੜ ਹੇਠ ਲੋੜਵੰਦ ਬਜ਼ੁਰਗਾਂ ਨੂੰ ਤੰਗ ਕੀਤਾ ਜਾ ਰਿਹਾ ਹੈ ਅਤੇ ਬੇਰੁਜ਼ਗਾਰਾਂ ਨੂੰ ਰੁਜ਼ਗਾਰ ਦੇਣ ਦੀ ਥਾਂ ਜਲ ਸਰੋਤ ਵਿਭਾਗ (ਸਿੰਜਾਈ) ਦੀਆਂ 8657, ਗੁਰੂ ਨਾਨਕ ਥਰਮਲ ਪਲਾਂਟ ਬਠਿੰਡਾ ਦੀਆਂ 3000 ਅਤੇ ਪਾਵਰਕਾਮ ਦੀਆਂ 40 ਹਜਾਰ ਪ੍ਰਵਾਨਿਤ ਅਸਾਮੀਆਂ ਖ਼ਤਮ ਕਰ ਦਿੱਤੀਆਂ ਹਨ।ਇਸ ਮੌਕੇ ਹੋਪ ਫ਼ਾਰ ਮਹਿਲ ਕਲਾਂ ਦੇ ਸੀਨੀਅਰ ਆਗੂ ਹਰਵਿੰਦਰ ਸਿੰਘ ਸਰਾਂ, ਡਾ. ਸਰਬਜੀਤ ਸਿੰਘ ਖੇੜੀ, ਮਨਦੀਪ ਸਿੰਘ ਬੱਗਾ ਪ੍ਰਧਾਨ ਡਾ. ਬੀ.ਆਰ. ਅੰਬੇਡਕਰ ਯੂਥ ਕਲੱਬ, ਗੁਰਪਿਆਰ ਸਿੰਘ, ਮਨਜੀਤ ਸਿੰਘ ਵਜਦੀਕੇ ਕਲਾਂ, ਨਾਹਰ ਸਿੰਘ, ਦਲਜੀਤ ਸਿੰਘ ਹੈਪੀ, ਕੁਲਵੰਤ ਸਿੰਘ ਵਜੀਦਕੇ, ਜਸਵੀਰ ਕੌਰ, ਰਾਣੋ ਕੌਰ, ਮਲਕੀਤ ਕੌਰ, ਬਲਵੀਰ ਕੌਰ ਆਦਿ ਵੀ ਹਾਜ਼ਰ ਸਨ।