ਗੰਭੀਰ ਹਾਲਤ ’ਚ ਫਰੀਦਕੋਟ ਰੈਫਰ
ਅਸ਼ੋਕ ਵਰਮਾ
ਮਾਨਸਾ, 17 ਅਗਸਤ। ਜਿਲਾ ਪ੍ਰਬੰਧੀ ਕੰਪਲੈਕਸ ਮਾਨਸਾ ’ਚ ਪਿੰਡ ਕੋਟੜਾ ਕਲਾਂ ਦੇ ਕਿਸਾਨ ਬਲਵੀਰ ਸਿੰਘ ਨੇ ਅੱਜ ਕੋਈ ਜ਼ਹਿਰੀਲੀ ਵਸਤੂ ਨਿਗਲ ਲਈ। ਅਚਾਨਕ ਵਾਪਰੀ ਇਸ ਘਟਨਾਂ ਨੂੰ ਲੈਕੇ ਕੰਪਲੈਕਸ ’ਚ ਭਾਜੜਾਂ ਪੈ ਗਈਆਂ। ਮੌਕੇ ਤੇੇ ਮੌਜੂਦ ਪੁਲਿਸ ਮੁਲਾਜਮ ਉਸ ਨੂੰ ਇਲਾਜ ਲਈ ਮਾਨਸਾ ਦੇ ਸਿਵਲ ਹਸਪਤਾਲ ਲੈ ਗਏ। ਡਾਕਟਰਾਂ ਨੇ ਕਿਸਾਨ ਦੀ ਗੰਭੀਰ ਹਾਲਤ ਨੂੰ ਦੇਖਦਿਆਂ ਇਲਾਜ ਲਈ ਫਰੀਦਕੋਟ ਭੇਜ ਦਿੱਤਾ ਹੈ। ਮੌਕੇ ’ਤੇ ਪੁੱਜੇ ਕਿਸਾਨ ਆਗੂਆਂ ਨੇ ਦੱਸਿਆ ਕਿ ਬਲਵੀਰ ਸਿੰਘ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੀ ਪਿੰਡ ਇਕਾਈ ਦਾ ਪ੍ਰਧਾਨ ਹੈ। ਉਨਾਂ ਦੱਸਿਆ ਕਿ ਉਹ ਡਿਪਟੀ ਕਮਿਸ਼ਨਰ ਦਫ਼ਤਰ ’ਚ ਕਿਸੇ ਕੰਮ ਲਈ ਆਇਆ ਸੀ। ਉਨਾਂ ਦੱਸਿਆ ਕਿ ਇਸ ਮੌਕੇ ਉਸ ਦੀ ਅਧਿਕਾਰੀਆਂ ਨਾਲ ਤਕਰਾਰ ਹੋ ਗਈ ਜਿਸ ਤੋਂ ਬਾਅਦ ਉਸ ਨੇ ਜਹਿਰੀਲੀ ਵਸਤੂ ਨਿਗਲ ਲਈ ਹੈ। ਕਿਸਾਨ ਆਗੂਆਂ ਨੇ ਇਸ ਘਟਨਾਂ ਲਈ ਡਿਪਟੀ ਕਮਿਸ਼ਨਰ ਨੂੰ ਕਥਿਤ ਤੌਰ ਤੇ ਜਿੰਮੇਵਾਰ ਕਰਾਰ ਦਿੱਤਾ ਹੈ। ਸਿਵਲ ਹਸਪਤਾਲ ’ਚ ਮੌਜੂਦ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਕਿਸਾਨ ਨੇ ਜ਼ਹਿਰੀਲੀ ਦਵਾਈ ਕਿਓਂ ਪੀਤੀ ਇਸ ਬਾਰੇ ਫਿਲਹਾਲ ਕੁੱਝ ਵੀ ਪਤਾ ਨਹੀਂ ਲੱਗ ਸਕਿਆ ਹੈ। ਉਨਾਂ ਆਖਿਆ ਕਿ ਸਮੁੱਚੇ ਘਟਨਾਂਕ੍ਰਮ ਦੀ ਜਾਂਚ ਕੀਤੀ ਜਾ ਰਹੀ ਹੈ। ਡਿਪਟੀ ਕਮਿਸ਼ਨਰ ਮਾਨਸਾ ਮਹਿੰਦਰਪਾਲ ਨੇ ਦੱਸਿਆ ਕਿ ਉਹ ਤਾਂ ਹੋਮ ਕੋਆਰਨਟੀਨ (ਇਕਾਂਤਵਾਸ) ’ਚ ਹਨ। ਉਨਾਂ ਦੱਸਿਆ ਕਿ ਐਸਐਸਪੀ ਨੇ ਜਾਂਚ ਸ਼ੁਰੂ ਕਰਵਾ ਦਿੱਤੀ ਹੈ।