ਤਰਸੇਮ ਗੋਪੀ ਕਾ
8146200063
ਕਾਹਦੀ ਮਿਲੀ ਆਜ਼ਾਦੀ ਇਹ
ਭਾਈਆਂ ਵਿੱਚ ਵੰਡੀਆਂ ਪਾ ਦਿੱਤੀਆਂ
ਇੱਕ ਉੱਧਰ ਇੱਕ ਐਧਰ
ਵੱਖੋ ਵੱਖ ਝੰਡੀਆਂ ਲਾ ਦਿੱਤੀਆਂ।
ਆਪਣੇ ਘਰੋਂ ਬੇਘਰ ਹੋਣਾ
ਕੀ ਇਹ ਆਜ਼ਾਦੀ ਹੁੰਦੀ ਆ
ਆਪਣਿਆਂ ਹੱਥੋਂ ਮਰ ਹੋਣਾ
ਕੀ ਇਹ ਆਜ਼ਾਦੀ ਹੁੰਦੀ ਆ।
ਜੀਹਨੂੰ ਆਪਣਾ ਆਪਣਾ ਕਹਿੰਦੇ ਸੀ
ਉਹ ਮੁਲਖ ਬਿਗਾਨਾ ਕਰ ਦਿੱਤਾ
ਅਸੀਂ ਸਕਿਆਂ ਵਾਂਗੂੰ ਰਹਿੰਦੇ ਸੀ
ਸਾਡੇ ਜਹਿਰ ਮਨਾਂ ਵਿੱਚ ਭਰ ਦਿੱਤਾ।
ਇਸ ਆਜ਼ਾਦੀ ਦੇ ਨਾਂ ਉੱਤੇ
ਉਮਰਾਂ ਲਈ ਅਸੀਂ ਗੁਲਾਮ ਹੋਏ
ਅਸੀਂ ਆਪਣੀ ਕਰਕੇ ਖਾਂਦੇ ਸੀ
ਅੱਜ ਭਰੇ ਬਜ਼ਾਰ ਨੀਲਾਮ ਹੋਏ।
ਗੱਜਣ ਨੇ ਮੀਆਂ ਮਾਰ ਦਿੱਤਾ
ਤੇ ਕਤਲ ਹੋਇਆ ਕੁਲਵੰਤੇ ਦਾ
ਰਮਜ਼ਾਨ ਤੇ ਅਨਵਰ ਨੇ ਰਲ ਕੇ
ਅੱਜ ਘਰ ਲੁੱਟਿਆ ਬਲਵੰਤੇ ਦਾ।
ਸਿਰ ਮੁਸਲਿਮ ਦਾ ਤੇ ਧਡ਼ ਕੀਹਦਾ
ਹੁਣ ਕੀਹਨੂੰ ਕੀਹਦਾ ਨਾਂ ਦੇਈਏ
ਤੋਹਫੇ ਵਿੱਚ ਮਿਲੀਆਂ ਲਾਸ਼ਾਂ ਨੂੰ
ਸਾਡ਼ੀਏ ਜਾਂ ਦਫਨਾ ਦੇਈਏ।
ਵਸੇ ਵਸਾਏ ਘਰ ਛੱਡ ਕੇ
ਅਸੀਂ ਤੁਰ ਪਏ ਲੈਣ ਆਜ਼ਾਦੀ ਨੂੰ
ਦੁਸ਼ਮਣ ਵੀ ਖਿਡ਼ ਖਿਡ਼ ਹੱਸਦਾ ਹੋਊ
ਵੇਖ ਸਾਡੀ ਬਰਬਾਦੀ ਨੂੰ।
ਗੋਪੀ ਸਿਉਂ ਏਸ ਆਜ਼ਾਦੀ ਨੂੰ
ਅਸੀਂ ਭੱਠੀ ਦੇ ਵਿੱਚ ਪਾਉਣਾ ਏ
ਜਦੋਂ ਮਰ ਗਿਆ ਨੂੰ ਕਰ ਕਰ ਯਾਦ
ਅਸੀਂ ਰੋਜ ਹੀ ਮਰ ਮਰ ਜਿਉਣਾ ਏ।