ਰਜਨੀ ਵਾਲੀਆ, ਕਪੂਰਥਲਾ
ਮਾਏ ਮੇਰੇ ਦਿਲ ਵਿੱਚ ਉੱਠਿਆ,
ਅੱਜ ਕਿਉਂ ਇੱਕ ਸਵਾਲ |
ਨੀ ਅੱਜ ਬਹਿ ਜਾ ਕੋਲ ਤੇ,
ਦੱਸਦੇ ਤੇਰਾ ਕੀ ਖਿਆਲ |
ਮੈਂ ਹਾਂ ਤੇਰੀ ਕੁੱਖ ਦੇ ਅੰਦਰ,
ਮੈਨੂੰ ਜਿੱਤੇਂਗੀ ਕਿ ਹਾਰੇਂਗੀ |
ਨੀ ਮੈਂ ਧੀ ਬੋਲਦੀ ਕੀ ,
ਮੈਨੂੰ ਏਸੇ ਲਈ ਕੀ ਮਾਰੇਂਗੀ |
ਨੀ ਮੈਂ ਧੀ ਬੋਲਦੀ ਕੀ ,
ਜਦ ਮੈਂ ਸਾਹੋਂ ਬੇਸਾਹ ਹੋ ਗਈ,
ਤੇਰੇ ਸਿਰ ਤੇ ਦੋਸ਼ ਆ ਜਾਣੇਂ |
ਮੇਰੇ ਮਰਨ ਦੇ ਮਗਰੋਂ ਮਾਏਂ,
ਤੈਨੂੰ ਝੋਰੇ ਵੱਢ-ਵੱਢ ਖਾਣੇਂ |
ਦੱਸ ਜਾਈ ਬਿਨ ਧੀ ਦੇ ਤੂੰ,
ਕਿੱਦਾਂ ਉਮਰ ਗੁਜ਼ਾਰੇਂਗੀ |
ਨੀ ਮੈਂ ਧੀ ਬੋਲਦੀ ਕੀ ,
ਏਸੇ ਲਈ ਮੈਨੂੰ ਮਾਰੇਂਗੀ |
ਨੀ ਤੂੰ ਮੈਨੂੰ ਜਨਮ ਦੇ ਪਹਿਲਾਂ,
ਤੇ ਫਿਰ ਹੱਥੀਂ ਮਾਰ ਕੇ ਦੱਸੀਂ |
ਜਿੱਤਣ-ਜਿੱਤਣ ਕਰਦੀਏ ਮਾਏਂ,
ਫਿਰ ਮੈਨੂੰ ਤੂੰ ਹਾਰ ਕੇ ਦੱਸੀਂ |
ਵੇਖਲੈ ਪਹਿਲਾਂ ਕਿੱਦਾਂ ਦਿਸਦੀ,
ਮੈਨੂੰ ਕਿੱਦਾਂ ਫੇਰ ਵਿਸਾਰੇਂਗੀ |
ਨੀ ਮੈਂ ਧੀ ਬੋਲਦੀ ਕੀ,
ਏਸੇ ਲਈ ਮੈਨੂੰ ਮਾਰੇਂਗੀ |
ਮੇਰੇ ਬਾਬਲ ਤੈਨੂੰ ਅੰਮੀਏ,
ਪਾਇਆ ਬੜਾ ਜੋ਼ਰ ਨੀ |
ਤੂੰ ਵੀ ਛੱਡ ਗਈ ਕਿਉਂ ਹੌਸਲਾ,
ਪੈ ਗਈ ਕਿਉਂ ਕਮਜੋ਼ਰ ਨੀ |
ਮੇਰੇ ਲਈ ਕੀ ਸਹਿ ਸਕਦੀ ਏਂ,
ਠੰਡ ਚ ਠਰਜੇਂਗੀ ਕਿ ਠਾਰੇਂਗੀ |
ਨੀ ਮੈਂ ਧੀ ਬੋਲਦੀ ਕੀ,
ਏਸੇ ਲਈ ਮੈਨੂੰ ਮਾਰੇਂਗੀ |
ਨੀ ਮੈਂ ਤੇਰੇ ਕੋਲ ਹੀ ਰਹਿਲੂੰ ਧੀ,
ਤਾਂ ਬਾਹਰ ਕਿਤੇ ਨਹੀਂ ਜਾਣੀਂ |
ਨੀ ਮੈਨੂੰ ਵੀ ਖਾ ਲੈਣ ਦੇ,
ਲਿਖਿਆ ਜੋ ਮੇਰਾ ਦਾਣਾ-ਪਾਣੀਂ |
ਤੂੰ ਵੀ ਧੀ ਤੇ ਮੈਂ ਵੀ ਧੀ,
ਮੇਰਾ ਕੁਝ ਤਾਂ ਸੋਚ ਵਿਚਾਰੇਂਗੀ |
ਨੀ ਮੈਂ ਧੀ ਬੋਲਦੀ ਕੀ,
ਏਸੇ ਲਈ ਮੈਨੂੰ ਮਾਰੇਂਗੀ |
ਮਾਏਂ ਬਾਬਲ ਦਾ ਜੋ ਚੀਰਾ,
ਚਿੱਟਾ ਏ ਤੇ ਚਿੱਟਾ ਰਹਿ ਜੂ |
ਤਾਂ ਕਹੀਂ ਘਰ ਤੇਰੇ ਵਿੱਚੋਂ,
ਜੇਕਰ ਕੁਝ ਵੀ ਰਜਨੀ ਲੈ ਜੂ |
ਨੀ ਬੇੜੀ ਡੁੱਬਣੋਂ ਲੈ ਬਚਾ,
ਲਗਦੈ ਮੈਨੂੰ ਤਾਰੇਂਗੀ |
ਨੀ ਮੈਂ ਧੀ ਬੋਲਦੀ ਕੀ,
ਏਸੇ ਲਈ ਮੈਨੂੰ ਮਾਰੇਂਗੀ |