23.1 C
United Kingdom
Sunday, June 21, 2026

More

    ਗੋਆ ਦੀ ਆਜ਼ਾਦੀ ਦਾ ਸ਼ਹੀਦ ਸੂਰਮਾ ਕਰਨੈਲ ਸਿੰਘ ਈਸੜੂ

    ??ਜਿੰਨ੍ਹਾਂ ਦਾ 15 ਅਗਸਤ ਨੂੰ ਸ਼ਹੀਦੀ ਦਿਹਾੜਾ ਹੈ।

    ✍ਗੁਰਭਜਨ ਸਿੰਘ ਗਿੱਲ

    ਸ਼ਹੀਦ ਕਰਨੈਲ ਸਿੰਘ ਈਸੜੂ ਭਾਰਤ ਦਾ ਉਹ ਆਜ਼ਾਦੀ ਘੁਲਾਟੀਆ ਸੀ ਜਿਸਨੇ ਗੋਆ ਦੀ ਆਜ਼ਾਦੀ ਲਈ ਆਪਣੀ ਜਾਨ ਵਾਰ ਦਿੱਤੀ।
    ਕਰਨੈਲ ਸਿੰਘ ਦਾ ਜਨਮ 1929 ਈਸਵੀ ਵਿੱਚ ਚੱਕ ਨੰਬਰ 30, ਤਹਿਸੀਲ ਸਮੁੰਦਰੀ ਜ਼ਿਲ੍ਹਾ ਲਾਇਲਪੁਰ (ਪਾਕਿਸਤਾਨ) ਵਿੱਚ ਹੋਇਆ।ਆਪ ਨੇ ਸੱਤਵੀਂ ਜਮਾਤ ਤੱਕ ਦੀ ਵਿੱਦਿਆ ਹਾਈ ਸਕੂਲ ਖੁਸ਼ਪੁਰ ਤੋਂ ਪ੍ਰਾਪਤ ਕੀਤੀ। ਅੱਠਵੀਂ ਪਾਸ ਕਰਨ ਮਗਰੋਂ ਆਪ ਵੀ ਮਾਤਾ ਜੀ ਪਾਸ ਪਿੰਡ ਈਸੜੂ ਆ ਗਏ ਅਤੇ ਦਸਵੀਂ ਦੀ ਪੜ੍ਹਾਈ ਖੰਨੇ ਦੇ ਇੱਕ ਸਕੂਲ ਤੋਂ ਪ੍ਰਾਪਤ ਕੀਤੀ।ਘਰ ਦੀ ਹਾਲਾਤ ਠੀਕ ਨਾ ਹੋਣ ਕਰ ਕੇ ਆਪ ਕਾਲਜ ਵਿੱਚ ਦਾਖਲਾ ਨਾ ਲੈ ਸਕੇ ਤੇ ਪ੍ਰਾਈਵੇਟ ਤੌਰ ’ਤੇ ਐਫ.ਏ. ਦੀ ਪ੍ਰੀਖਿਆ ਪਾਸ ਕਰਨ ਉੱਪਰੰਤ ਪਿੰਡ ਬੰਬਾਂ ( ਲੁਧਿਆਣਾ)ਦੇ ਸਕੂਲ ਵਿਖੇ ਅਧਿਆਪਕ ਦੇ ਤੌਰ ’ਤੇ ਸੇਵਾ ਨਿਭਾਉਣ ਲੱਗੇ। ਇਸੇ ਦੌਰਾਨ ਹੀ ਆਪ ਅਧਿਆਪਕ ਦੀ ਬੇਸਿਕ ਸਿਖਲਾਈ ਲਈ ਜਗਰਾਉਂ ਸਕੂਲ ਚਲੇ ਗਏ। ਉਹ ਭਾਰਤੀ ਕਮਿਊਨਿਸਟ ਪਾਰਟੀ ਦਾ ਮੈਂਬਰ ਬਣ ਚੁੱਕੇ ਸੀ। ਪੰਜਾਬੀ ਕਵੀ ਪ੍ਰਿੰਸੀਪਲ ਤਖ਼ਤ ਸਿੰਘ ਦੇ ਉਹ ਨਿੱਕੇ ਵੀਰ ਸਨ।
    ਗੋਆ ਦੀ ਆਜ਼ਾਦੀ ਲਈ ਸੰਘਰਸ਼ ਸਿਖਰਾਂ ਤੇ ਸੀ। ਆਪ ਨੇ ਬਿਨਾਂ ਕਿਸੇ ਪਰਿਵਾਰ ਦੇ ਮੈਂਬਰ ਦੀ ਸਲਾਹ ਲਏ ਸੱਤਿਆਗ੍ਰਹਿ ਵਿੱਚ ਸ਼ਾਮਲ ਹੋਣ ਦਾ ਫੈਸਲਾ ਕਰ ਲਿਆ ਤੇ ਜਗਰਾਉਂ ਤੋਂ ਸਿੱਧਾ ਗੋਆ ਪਹੁੰਚ ਗਏ। ਉੱਥੇ ਆਪ ਨੇ ਪੁਰਤਗਾਲੀ ਸੈਨਾ ਦਾ ਡੱਟ ਕੇ ਮੁਕਾਬਲਾ ਕੀਤਾ ਅਤੇ ਆਜ਼ਾਦੀ ਦਾ ਤਰੰਗਾ ਝੰਡਾ ਲਹਿਰਾ ਕੇ ਸ਼ਹੀਦੀ ਪ੍ਰਾਪਤ ਕੀਤੀ। ਇਸ ਤਰ੍ਹਾਂ ਆਪ ਨੇ ਆਪਣੀ ਸ਼ਹੀਦੀ ਦੇ ਕੇ ਆਪਣਾ ਅਤੇ ਆਪਣੇ ਪਿੰਡ ਦਾ ਨਾਂ ਇਤਿਹਾਸ ਦੇ ਸੁਨਹਿਰੀ ਪੰਨਿਆਂ ਵਿੱਚ ਦਰਜ ਕਰਵਾਇਆ। ਆਪ ਦੀ ਯਾਦ ਵਿੱਚ ਪਿੰਡ ਈਸੜੂ ਵਿਖੇ ਹਰ ਸਾਲ 15 ਅਗਸਤ ਨੂੰ ਭਾਰੀ ਸ਼ਹੀਦੀ ਮੇਲਾ ਲੱਗਦਾ ਹੈ, ਜਿੱਥੇ ਪੰਜਾਬ ਦੇ ਵੱਖ-ਵੱਖ ਕੋਨਿਆਂ ਤੋਂ ਲੱਖਾਂ ਦੀ ਗਿਣਤੀ ਵਿੱਚ ਉਹਨਾਂ ਦੀ ਸੋਚ ’ਤੇ ਪਹਿਰਾ ਦੇਣ ਵਾਲੇ ਸ਼ਰਧਾਲੂ ਆਪਣੇ ਇਸ ਮਹਾਨ ਸ਼ਹੀਦ ਨੂੰ ਨਤਮਸਤਕ ਹੁੰਦੇ ਹਨ। ਕਸਬਾ ਈਸੜੂ ਪੰਜਾਬ ਵਿੱਚ ਹੀ ਨਹੀਂ ਬਲਕਿ ਪੂਰੇ ਸੰਸਾਰ ਭਰ ਵਿੱਚ ਪ੍ਰਸਿੱਧ ਹੈ। ਸ਼ਹੀਦ ਮਾਸਟਰ ਕਰਨੈਲ ਸਿੰਘ ਈਸੜੂ, ਇਸ ਛੋਟੇ ਜਿਹੇ ਕਸਬੇ ਨੂੰ ਸੰਸਾਰ ਭਰ ’ਚ ਸਤਿਕਾਰ ਦਿਵਾਉਣ ਵਾਲੀ ਮਹਾਨ ਸ਼ਖਸੀਅਤ ਹਨ। ਸ਼ਹੀਦੋ ਕੀ ਚਿਤਾਓ ਪੇ ਲਗੇਂਗੇ ਹਰ ਬਰਸ ਮੇਲੇ, ਵਤਨ ਪੇ ਮਿਟਨੇ ਵਾਲੋਂ ਕਾ ਬਾਕੀ ਯਹੀ ਨਿਸ਼ਾਂ ਹੋਗਾ।

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!