23.1 C
United Kingdom
Sunday, June 21, 2026

More

    ਦੇਸ਼ ਦਾ ਗੌਰਵ- ਇਰਾ ਸਿੰਘਾਲ ਦੀ ਕਹਾਣੀ ਹਰੇਕ ਲਈ ਪ੍ਰੇਰਣਾ ਸ੍ਰੋਤ

    ਜੋ ਸਫਰ ਇਖਤਿਆਰ ਕਰਤੇ ਹੈਂ,
    ਵੋ ਹੀ ਮੰਜ਼ਿਲੋਂ ਕੋ ਪਾਰ ਕਰਤੇ ਹੈਂ
    ਬਸ ਏਕ ਬਾਰ ਚਲਨੇ ਕਾ ਹੌਸਲਾ ਤੋਂ ਰੱਖੀਏ,
    ਐਸੇ ਮੁਸਾਫਿਰੋਂ ਕਾ ਤੋਂ ਰਾਸਤੇ ਵੀ ਇੰਤਜ਼ਾਰ ਕਰਤੇ ਹੈਂ
    ਕੁਝ ਅਜਿਹੀ ਹੀ ਕਹਾਣੀ ਹੈ ਉਸ ਮਹਾਨ ਉਦਮੀ ਲੜਕੀ ਦੀ ਜਿਸਨੇ ਛੋਟੀ ਜਿਹੀ ਉਮਰ ਵਿੱਚ ਲੰਬੀਆਂ ਪੁਲਾਘਾਂ ਪੁੱਟ ਕੇ ਉਹ ਕਰ ਦਿਖਾਇਆ ਜਿਸ ਦਾ ਤਸੱਵਰ ਕਰਨਾ ਵੀ ਆਮ ਇਨਸਾਨ ਲਈ ਮੁਸ਼ਕਿਲ ਹੈ । ਇਰਾ ਸਿੰਘਾਲ (ਆਈ.ਏ.ਐਸ.) ਦਾ ਜਨਮ ਮੇਰਠ ਵਿਖੇ ਹੋਇਆ । ਉਨਾਂ ਦੇ ਪਿਤਾ ਦਾ ਨਾਮ ਰਾਜਿੰਦਰ ਸਿੰਘਾਲ ਅਤੇ ਮਾਤਾ ਦਾ ਨਾਮ ਅਨਿਤਾ ਸਿੰਘਲ ਹੈ । ਉਹ ਮੇਰਠ ਦੇ ਸੋਫੀਆ ਗਰਲਜ਼ ਸਕੂਲ ਅਤੇ ਦਿੱਲੀ ਦੇ ਲਾਰੇਂਟੋ ਕਾਂਨਵੈਂਟ ਸਕੂਲ ਵਿੱਚੋਂ ਪਹਿਲੇ ਸਥਾਨ ਤੇ ਰਹੀ । ਇਰਾ ਸਕੋਲਿਓਸਿਸ ਨਾਲ ਪੀੜਿਤ ਹੈ ਜਿਸ ਦੇ ਕਾਰਣ ਉਨਾਂ ਦੀ ਰੀੜ੍ਹ ਦੀ ਹੱਡੀ ਪ੍ਰਭਾਵਿਤ ਹੈ ਅਤੇ ਬਾਹਾਂ ਦੀ ਮੂਵਮੈਂਟ ਸਹੀ ਨਹੀਂ ਹੁੰਦੀ ਪਰੰਤੂ ਉਸਨੇ ਕਦੇ ਵੀ ਆਪਣੇ ਆਪ ਨੂੰ ਅਸਮਰਥ ਮਹਿਸੂਸ ਨਹੀਂ ਕੀਤਾ । ਇਸ ਦੇ ਬਾਵਜੂਦ ਇਰਾ ਨੇ ਆਪਣੀ ਸਕੂਲੀ ਸਿੱਖਿਆ ਆਰਮੀ ਪਬਲਿਕ ਸਕੂਲ ਧੌਲਾ ਕੂਆਂ ਦਿੱਲੀ ਤੋਂ ਮੁਕੰਮਲ ਕੀਤੀ । ਇਸ ਤੋਂ ਬਾਦ ਨੇਤਾ ਜੀ ਸੁਭਾਸ਼ ਪ੍ਰਯੋਗਿਕੀ ਸੰਸਥਾਨ ਤੋਂ ਉਸਨੇ ਕੰਪਿਊਟਰ ਇੰਜਨੀਅਰ ਦੀ ਡਿਗਰੀ ਹਾਸਿਲ ਕੀਤੀ ਅਤੇ ਦਿਲੀ ਯੂਨੀਵਰਸਿਟੀ ਤੋਂ ਫੈਕਲਟੀ ਆਫ ਮੈਨੇਜਮੈਂਟ ਸਟੱਡੀਜ਼ ‘ਚ ਐਮ.ਬੀ.ਏ. ਕੀਤੀ । ਇਰਾ ਇੱਕ ਸਾਲ ਤੱਕ ਸਪੈਨਿਸ਼ ਭਾਸ਼ਾ ਵੀ ਪੜਾਉਂਦੀ ਰਹੀ ਹੈ । ਉਸ ਨੂੰ ਕੈਡਬਰੀ ਡੇਅਰੀ ਮਿਲਕ ਕੰਪਨੀ ਵੱਲੋਂ ਮੈਨੇਜਰ ਦੇ ਪਦ ਲਈ ਵੀ ਆਫਰ ਆਈ ਸੀ । ਇਸ ਤੋਂ ਇਲਾਵਾ ਕੋਕਾ ਕੋਲਾ ਕੰਪਨੀ ਵਿੱਚ ਵੀ ਕੰਮ ਕਰ ਚੁੱਕੀ ਹੈ । ਇਰਾ ਸਿੰਘਾਲ ਦਾ ਸਿੱਖਿਆ ਹਾਸਿਲ ਕਰਨ ਤੋਂ ਆਈ.ਏ.ਐਸ. ਬਨਣ ਤੱਕ ਦੇ ਸਫਰ ਦਾ ਰਾਹ ਕੋਈ ਸੌਖਾ ਨਹੀਂ ਸੀ ਸਗੋਂ ਅਨੇਕਾਂ ਸਮੱਸਿਆਵਾਂ ਨਾਲ ਜੂਝਦੇ ਹੋਏ ਉਸ ਨੇ ਇਤਿਹਾਸ ਸਿਰਜਿਆ । ਯੂ.ਪੀ.ਐਸ.ਸੀ. (ਆਈ.ਏ.ਐਸ.) ਦੀ ਪ੍ਰਤਿਸ਼ਠਾ ਦਾ ਅੰਦਾਜ਼ਾ ਇਸੇ ਗੱਲ ਤੋੋਂ ਲਗਾਇਆ ਜਾ ਸਕਦਾ ਹੈ ਕਿ ਹਰ ਸਾਲ ਲੱਖਾਂ ਵਿਦਿਆਰਥੀ ਆਈ.ਏ.ਐਸ. ਅਫਸਰ ਬਨਣ ਲਈ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਯੋਜਿਤ ਪ੍ਰੀਖਿਆ ਦਿੰਦੇ ਹਨ ਪਰੰਤੂ ਮੁਸ਼ਕਿਲ ਨਾਲ 0.25% ਵਿਦਿਆਰਥੀ ਆਈ.ਏ.ਐਸ. ਅਫਸਰ ਬਣਦੇ ਹਨ ।
    ਅੱਜਕਲ ਭਾਰਤੀ ਸਿਵਲ ਸੇਵਾ ਵਿੱਚ ਸੇਵਾ ਨਿਭਾ ਰਹੀ ਇਰਾ ਸਿੰਘਾਲ ਨੇ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ 2014 ਵਿੱਚ ਆਯੋਜਿਤ ਸਿਵਿਲ ਸੇਵਾ ਪ੍ਰੀਖਿਆ ਵਿੱਚੋਂ ਦੇਸ਼ ਭਰ ‘ਚੋ ਪਹਿਲਾ ਸਥਾਨ ਪ੍ਰਾਪਤ ਕਰਕੇ ਦੇਸ਼ ਦੇ ਪਾੜ੍ਹਿਆਂ ਨੂੰ ਸੋਚੀਂ ਪਾ ਦਿੱਤਾ । ਇਰਾ ਸਿੰਘਾਲ ਚੌਥੀ ਵਾਰ ‘ਚ ਇਹ ਕਾਮਯਾਬੀ ਹਾਸਿਲ ਕਰ ਸਕੀ ਹੈ ਅਤੇ ਉਹ ਪਹਿਲੀ ਅਪਾਹਿਜ ਮਹਿਲਾ ਹੈ ਜਿਸ ਨੇ ਜਨਰਲ ਵਰਗ ਵਿੱਚੋਂ ਉੱਚ ਸਥਾਨ ਪ੍ਰਾਪਤ ਕੀਤਾ ਹੈ । ਪਹਿਲੀ ਵਾਰ 2010 ‘ਚ ਯੂਨੀਅਨ ਪਬਲਿਕ ਸਰਵਿਸ ਕਮਿਸ਼ਨ ਵੱਲੋਂ ਆਯੋਜਿਤ ਸਿਵਿਲ ਸੇਵਾ ਪ੍ਰੀਖਿਆ ਵਿੱਚੋਂ ਸਫਲ ਹੋਣ ਤੋਂ ਬਾਦ ਵੀ ਅਧਿਕਾਰੀਆਂ ਨੇ ਉਨਾਂ ਦੀ ਕਿਸੇ ਚੀਜ਼ ਨੂੰ ਧਕੇਲਣ, ਖਿੱਚਣ ਜਾਂ ਚੁੱਕਣ ਦੀ ਆਯੋਗਤਾ ਦਾ ਹਵਾਲਾ ਦਿੰਦੇ ਹੋਏ ਉਨਾਂ ਨੂੰ ਪਦ ਦੇਣ ਤੋ ਇਨਕਾਰ ਕਰ ਦਿੱਤਾ ਸੀ । ਜਿਸਦਾ ਕਾਰਣ ਇਰਾ ਦੀ ਸਕੋਲਿਓਸਿਸ ਦੀ ਸਮੱਸਿਆ ਸੀ । ਪਰੰਤੂ ਉਨਾਂ ਨੇ ਹਾਰ ਨਹੀਂ ਮੰਨੀ ਅਤੇ ਸੈਟਰਲ ਐਡਮਿਨਿਸਟ੍ਰੇਟਿਵ ਟ੍ਰਿਬਿਊਨਲ (CAT) ਦੇ ਸਾਹਮਣੇ ਆਪਣਾ ਪੱਖ ਰੱਖਿਆ ਜਿਸ ਦੇ ਨਤੀਜੇ ਵਜੋਂ ਚਾਰ ਸਾਲ ਬਾਦ ਟ੍ਰਿਬਿਊਨਲ ਦਾ ਫੈਸਲਾ ਈਰਾ ਸਿੰਘਾਲ ਦੇ ਹੱਕ ਵਿੱਚ ਆਇਆ ਅਤੇ ਉਨਾਂ ਨੂੰ ਐਸਿਸਟੈਂਟ ਕਮਿਸ਼ਨਰ ਆਫ ਕਸਟਮਸ ਅਤੇ ਸੈਂਟਰਲ ਐਕਸਾਇਜ਼ ਸਰਵਿਸ (IRS) ਤੇ ਨਿਯੁਕਤ ਕੀਤਾ ਗਿਆ । ਯੂ.ਪੀ.ਐਸ.ਸੀ. ਸਿਵਲ ਸਰਵਿਸ ਪ੍ਰੀਖਿਆ 2014 ਦੀ ਟਾਪਰ ਇਰਾ ਸਿੰਘਲ ਦੀ ਕਹਾਣੀ ਹਰੇਕ ਲਈ ਪ੍ਰੇਰਣਾ ਦਾ ਸ੍ਰੋਤ ਹੈ । ਸਰੀਰਕ ਰੂਪ ਤੋ ਵਿਕਲਾਂਗ ਹੋਣ ਦੇ ਬਾਵਜੂਦ ਉਸ ਨੇ ਯੂ.ਪੀ.ਐਸ.ਸੀ. ਦੀ ਜਨਰਲ ਕੈਟਾਗਰੀ ਵਿੱਚੋਂ ਟਾਪ ਕਰਕੇ ਦੇਸ਼ ਦੀ ਪਹਿਲੀ ਮਹਿਲਾ ਬਣ ਗਈ ਹੈ । ਇਰਾ ਨੇ ਇਹ ਸਾਬਿਤ ਕਰ ਦਿਤਾ ਕਿ ਜੇਕਰ ਜਨੂਨ ਅਤੇ ਜਜ਼ਬਾ ਹੋਵੇ ਤਾਂ ਦੁਨੀਆਂ ਦੀ ਕੋਈ ਵੀ ਤਾਕਤ ਆਪਨੂੰ ਅਪਣੀ ਮੰਜ਼ਿਲ ਹਾਸਲ ਕਰਨ ਤੋਂ ਰੋਕ ਨਹੀਂ ਸਕਦੀ ਅਤੇ ਮਿਹਨਤ ਅਤੇ ਬੁਲੰਦ ਹੌਸਲੇ ਅੱਗੇ ਵਿਕਲਾਂਗਤਾ ਬਹੁਤ ਕਮਜ਼ੋਰ ਨਜ਼ਰ ਆਉਂਦੀ ਹੈ । ਸਮੁੱਚੇ ਦੇਸ਼ ਨੂੰ ਬੁਲੰਦ ਹੌਸਲੇ ਵਾਲੀ ਭਾਰਤ ਦੀ ਬੇਟੀ ਈਰਾ ਸਿੰਘਾਲ ‘ਤੇ ਮਾਣ ਹੈ ਕਿਉਂਕਿ ਅਜਿਹੇ ਉੱਦਮੀ ਲੋਕ ਹਰ ਵਾਰ ਇਹ ਸਾਬਤ ਕਰ ਦਿੰਦੇ ਹਨ ਕਿ ਨਾਮੁਮਕਿਨ ਕੁਝ ਵੀ ਨਹੀਂ ।
    ਤਾਲੀਮੇ ਨਹੀਂ ਦੀ ਜਾਤੀ ਪਰਿੰਦੋਂ ਕੋ ਉਡਨੇ ਕੀ,
    ਯੇ ਖੁਦ ਹੀ ਤੈਅ ਕਰਤੇ ਹੈਂ ਉਚਾਈ ਆਸਮਾਨੋਂ ਕੀ
    ਰਖਤੇ ਹੈਂ ਜੋ ਹੌਸਲਾ ਆਸਮਾਨੋਂ ਕੋ ਛੂਹਨੇ ਕਾ,
    ਵੋ ਨਹੀਂ ਕਰਤੇ ਪਰਵਾਹ ਜ਼ਮੀਨ ਪਰ ਗਿਰ ਜਾਨੇ ਕੀ
    ਦਿੱਲੀ ਦੀ ਰਹਿਣ ਵਾਲੀ ਇਰਾ ਸਿੰਘਾਲ ਦਾ ਕਹਿਣਾ ਹੈ ਕਿ ਉਸਨੂੰ ਹਿੰਦੀ ਫਿਲਮਾਂ ਦੇਖਣੀਆਂ ਪਸੰਦ ਹਨ ਪੜਾਈ ਨਾਲ ਉਨਾਂ ਨੂੰ ਖਾਣ ਬਣਾਉਣ ਦਾ ਵੀ ਸ਼ੌਕ ਹੈ ਅਤੇ ਇਨਸਾਨੀਅਤ ਦੀ ਭਲਾਈ ਲਈ ਔਰਤਾਂ, ਬੱਚਿਆਂ ਅਤੇ ਸਰੀਰਕ ਤੌਰ ਤੇ ਅਸਮਰਥ ਲੋਕਾਂ ਦੇ ਭਲੇ ਲਈ ਕੰਮ ਕਰਨ ਦਾ ਜ਼ਜ਼ਬਾ ਰੱਖਦੀ ਹੈ । ਉਨਾਂ ਦਾ ਕਹਿਣਾ ਹੈ ਕਿ ਜ਼ਿੰਦਗੀ ‘ਚ ਕਾਮਯਾਬ ਹੋਣ ਲਈ “ਅਪਡੇਟ ਰਹਿਣ ਦੇ ਨਾਲ-ਨਾਲ ਟਾਇਮਿੰਗ ਬੇਹੱਦ ਜਰੂਰੀ ਹੈ ਅਤੇ ਨਾਲ ਹੀ ਨਿਯਮਿਤ ਤੌਰ ਤੇ ਤਿਆਰੀ ਕਰਨ ਦੀ ਵੀ ਜਰੂਰਤ ਹੈ”।
    ਹਰ ਕਾਮਯਾਬੀ ਪਰ ਤੁਮਹਾਰਾ ਨਾਮ ਹੋਗਾ,
    ਤੁਮਹਾਰੇ ਹਰ ਕਦਮ ਪਰ ਦੁਨੀਆ ਕਾ ਸਲਾਮ ਹੋਗਾ
    ਡਟ ਕਰ ਕਰਨਾ ਤੁਮ ਸਾਮਨਾ ਮੁਸ਼ਕਿਲੋਂ ਕਾ,
    ਏਕ ਦਿਨ ਵਕਤ ਵੀ ਤੁਮਹਾਰਾ ਗੁਲਾਮ ਹੋਗਾ

    ਮੁਹੰਮਦ ਜਮੀਲ ਜੌੜਾ ਐਡਵੋਕੇਟ
    (ਐਮ.ਏ. ਜਰਨਾਲਿਜ਼ਮ)
    ਟਿਊਬਵੈਲ ਕਾਲੋਨੀ ਨਾਭਾ ਰੋਡ, ਕਿਲਾ ਰਹਿਮਤਗੜ੍ਹ
    ਮਾਲੇਰਕੋਟਲਾ, ਜ਼ਿਲਾ ਸੰਗਰੂਰ (ਪੰਜਾਬ)
    ਮੋਬਾਇਲ : 9417969547

    PUNJ DARYA

    LEAVE A REPLY

    Please enter your comment!
    Please enter your name here

    Latest Posts

    error: Content is protected !!