ਮੈਨੂੰ ਪਰਖਣ ਆਏ ਸੀ ਜੋ ਚਾਂਵਾਂ ਨਾਲ!
ਝੂੰਮਣ ਲੱਗੇ ਮੇਰੀਆਂ ਹੀ ਕਵਿਤਾਵਾਂ ਨਾਲ!
ਨਿੱਤ ਬੁਝਾਉਣ ਉਹ ਦੀਵੇ, ਮੈਂ ਫਿਰ ਬਾਲ ਦਿਆਂ,
ਅੱਜ ਕੱਲ ਮੇਰਾ ਇੱਟ ਖੜਿੱਕਾ ‘ਵਾਂਵਾਂ ਨਾਲ !
ਤੇਰੀ ਥਾਲੀ ਵਿੱਚ ਹੀ ਚੁੰਝਾਂ ਮਾਰ ਗੲੇ ,
ਕੀ ਖੱਟਿਆ ਤੂੰ ਯਾਰੀ ਲਾਕੇ ਕਾਂਵਾਂ ਨਾਲ !
ਭਰਮ ਹੈ ਤੇਰਾ, ਤੇਰੇ ਲਈ ਕੋਈ ਹੋਰ ਲੜੂ ,
ਲੜਨਾ ਪੈਂਦਾ ਆਪਣੀਆਂ ਹੀ ਬਾਵ੍ਹਾਂ ਨਾਲ!
ਧੁੱਪਾਂ ਵਿੱਚ ਨਾ ਤੁਰਨਾ ਔਖਾ ਹੋ ਜਾਵੇ ,
ਏਡਾ ਵੀ ਨਾ ਰਿਸ਼ਤਾ ਰੱਖੀਂ ਛਾਂਵਾਂ ਨਾਲ!
ਜਿੱਥੇ ਲੋਚੀ ਤੇਰੀਆਂ ਗ਼ਜ਼ਲਾਂ ਟਹਿਲਦੀਆਂ ,
ਅੱਜਕੱਲ੍ਹ ਮੋਹ ਜਿਹਾ ਆਉਂਦੈ ੳੁਹਨਾਂ ਰਾਵ੍ਹਾਂ ਨਾਲ!
ਤ੍ਰੈਲੋਚਨ ਲੋਚੀ
ਮੋਬਾ. 98142 53315